ਕਾਰ ਦੀ ਲਪੇਟ ''ਚ ਆਉਣ ਕਾਰਨ ਸਕੂਟਰੀ ਸਵਾਰ ਮਹਿਲਾ ਦੀ ਮੌਤ
Wednesday, Sep 04, 2019 - 07:13 PM (IST)

ਮੋਗਾ,(ਆਜ਼ਾਦ): ਮੋਗਾ-ਲੁਧਿਆਣਾ ਜੀ. ਟੀ. ਰੋਡ 'ਤੇ ਇਕ ਸੜਕ ਹਾਦਸੇ ਦੌਰਾਨ ਸਕੂਟਰੀ ਸਵਾਰ ਮਹਿਲਾ ਦੀ ਮੌਤ ਹੋ ਗਈ ਜਦਕਿ ਉਸ ਦੇ ਪਤੀ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਪਿੰਡ ਨੱਥੂਵਾਲਾ ਜਦੀਦ ਕੋਲ ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਸਕੂਟਰੀ ਸਵਾਰ ਅੰਗਰੇਜ਼ ਕੌਰ (50) ਦੀ ਮੌਤ ਹੋਣ ਦੇ ਇਲਾਵਾ ਉਸ ਦਾ ਪਤੀ ਮਲਕੀਤ ਸਿੰਘ (65) ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਡੀ.ਐੱਮ. ਸੀ. ਲੁਧਿਆਣਾ 'ਚ ਰੈਫਰ ਕੀਤਾ ਗਿਆ। ਮਲਕੀਤ ਸਿੰਘ ਤੇ ਅੰਗਰੇਜ਼ ਕੌਰ ਨਿਵਾਸੀ ਹਾਕਮ ਕਾ ਅਗਵਾੜ ਮੋਗਾ ਅੱਜ ਆਪਣੀ ਸਕੂਟਰੀ 'ਤੇ ਪਿੰਡ ਨੱਥੂਵਾਲਾ ਜਦੀਦ 'ਚ ਐੱਨ. ਆਰ. ਆਈ. ਰਿਸ਼ਤੇਦਾਰ ਦੇ ਘਰ ਜਾ ਰਹੇ ਸਨ, ਜਦ ਉਹ ਨੱਥੂਵਾਲਾ ਜਦੀਦ ਦੇ ਮੋੜ 'ਤੇ ਪਹੁੰਚੇ ਤਾਂ ਮੋਗਾ ਵੱਲੋਂ ਆ ਰਹੀ ਇਕ ਕਾਰ ਦੀ ਲਪੇਟ 'ਚ ਆ ਗਏ।
ਇਸ ਹਾਦਸੇ ਵਿਚ ਅੰਗਰੇਜ਼ ਕੌਰ ਦੀ ਮੌਤ ਹੋ ਗਈ, ਜਦਕਿ ਮਲਕੀਤ ਸਿੰਘ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਕਾਰ ਚਾਲਕ ਕਾਰ ਛੱਡ ਕੇ ਭੱਜ ਗਿਆ। ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਚਰਨ ਸਿੰਘ ਨੇ ਕਰੇਨ ਦੀ ਸਹਾਇਤਾ ਨਾਲ ਕਾਰ ਨੂੰ ਚੁੱਕ ਕੇ ਥਾਣੇ ਪਹੁੰਚਾਇਆ। ਇਸ ਸਬੰਧੀ ਥਾਣਾ ਅਜੀਤਵਾਲ ਦੇ ਇੰਚਾਰਜ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਕਾਰ ਦੇ ਮਾਲਕ ਦਾ ਪਤਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਜ਼ਖਮੀ ਮਲਕੀਤ ਸਿੰਘ ਦੇ ਬਿਆਨਾਂ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਅਤੇ ਲਾਸ਼ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।