ਜਲੰਧਰ: ਡੀ.ਏ.ਵੀ. ਕਾਲਜ ਨੇੜੇ ਵਾਪਰਿਆ ਹਾਦਸਾ, 45 ਮਿੰਟਾਂ ਤੱਕ ਤੜਫਦਾ ਰਿਹਾ ਵਿਅਕਤੀ

08/07/2018 1:50:12 PM

ਜਲੰਧਰ (ਸੋਨੂੰ, ਮਾਹੀ)— ਇਥੋਂ ਦੇ ਡੀ. ਏ. ਵੀ. ਕਾਲਜ ਨੇੜੇ ਟਰੱਕ ਅਤੇ ਮੋਟਰਸਾਈਕਲ 'ਚ ਭਿਆਨਕ ਟੱਕਰ ਹੋਣ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਟਰੱਕ ਮੋਟਰਸਾਈਕਲ ਸਵਾਰ ਦੇ ਉੱਪਰੋਂ ਲੰਘ ਗਿਆ, ਜਿਸ ਦੇ ਕਾਰਨ ਨੌਜਵਾਨ ਗੰਭੀਰ ਹਾਲਤ 'ਚ ਜ਼ਖਮੀ ਹੋ ਗਿਆ। ਜ਼ਖਮੀ ਹਾਲਤ 'ਚ ਉਕਤ ਨੌਜਵਾਨ 45 ਮਿੰਟਾਂ ਤੱਕ ਬਾਰਿਸ਼ 'ਚ ਸੜਕ 'ਤੇ ਹੀ ਤੜਫਦਾ ਰਿਹਾ ਅਤੇ ਹਸਪਤਾਲ ਲਿਜਾਣ ਦੇ ਬਾਅਦ ਉਸ ਨੇ ਦਮ ਤੋੜ ਦਿੱਤਾ। ਇਸ ਦੌਰਾਨ ਨਾ ਤਾਂ ਕੋਈ ਐਂਬੂਲੈਂਸ ਪਹੁੰਚੀ ਅਤੇ ਨਾ ਹੀ ਕੋਈ ਪੁਲਸ। ਬਾਅਦ 'ਚ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ। ਲੋਕਾਂ ਨੇ ਉਸ ਨੂੰ ਆਟੋ 'ਚ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਦੀਪ ਮਨੀ ਵਾਸੀ ਪੰਜਪੀਰ ਚੌਕ ਦੇ ਰੂਪ 'ਚ ਹੋਈ ਹੈ। 

PunjabKesari

ਪੁਲਸ ਨੇ ਟਰੱਕ ਚਾਲਕ ਨੂੰ ਫੜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਡੀ. ਏ. ਵੀ. ਕਾਲਜ ਫਲਾਈਓਵਰ ਦੇ ਕੋਲ ਪਲਸਰ ਮੋਟਰਸਾਈਕਲ ਸਵਾਰ ਵਿਅਕਤੀ ਮੰਡੀ ਤੋਂ ਛੁੱਟੀ ਕਰਕੇ ਘਰ ਜਾ ਰਿਹਾ ਸੀ ਕਿ ਪਿੱਛੇ ਤੋਂ ਆ ਰਹੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਦੇ ਬਾਅਦ ਮੋਟਰਸਾਈਕਲ ਸਵਾਰ ਹੇਠਾਂ ਡਿੱਗ ਗਿਆ ਅਤੇ ਟਰੱਕ ਦਾ ਅਗਲਾ ਟਾਇਰ ਮੋਟਰਸਾਈਕਲ ਸਵਾਰ ਦੇ ਉਪਰੋਂ ਲੰਘ ਗਿਆ, ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਮਕਸੂਦਾਂ ਸਬਜ਼ੀ ਮੰਡੀ ਵਿਚ ਫਰੂਟ ਵੇਚਦਾ ਸੀ, ਜਿਸ ਦੀ ਮੌਤ ਹੋਣ ਤੋਂ ਬਾਅਦ ਥਾਣਾ 1 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਚਾਲਕ ਨੂੰ ਹਿਰਾਸਤ ਵਿਚ ਲਿਆ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕੀਤੀ। ਥਾਣਾ ਨੰਬਰ 1 ਦੇ ਏ. ਐੱਸ. ਆਈ. ਗੁਰਦੇਵ ਸਿੰਘ ਨੇ ਟਰੱਕ ਚਾਲਕ ਮੋਹਨ ਸਿੰਘ ਵਾਸੀ ਹੁਸ਼ਿਆਰਪੁਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਟਰੱਕ ਕਬਜ਼ੇ ਵਿਚ ਲੈ ਲਿਆ
ਜ਼ਖਮੀ ਤੜਫਦਾ ਰਿਹਾ, ਲੋਕ ਵੀਡੀਓ ਬਣਾਉਂਦੇ ਰਹੇ
ਇਨਸਾਨੀਅਤ ਨੂੰ ਸ਼ਰਮਸਾਰ ਹੁੰਦਿਆਂ ਸ਼ਰੇਆਮ ਦੇਖਿਆ ਗਿਆ। ਲੱਤਾਂ 'ਚੋਂ ਖੂਨ ਤੇਜ਼ੀ ਨਾਲ ਵਹਿ ਰਿਹਾ ਸੀ। ਨੌਜਵਾਨ ਗੰਭੀਰ ਹਾਲਤ ਵਿਚ ਸੜਕ 'ਤੇ ਤੜਫ ਰਿਹਾ ਸੀ ਪਰ ਲੋਕ ਬਜਾਏ ਉਸ ਨੂੰ ਹਸਪਤਾਲ ਲਿਜਾਣ ਦੇ ਉਸ ਦੀ ਮੋਬਾਇਲ ਵਿਚ ਵੀਡੀਓ ਬਣਾ ਰਹੇ ਸਨ। ਕੁਝ ਇਕ ਨੇ ਐਂਬੂਲੈਂਸ ਨੂੰ ਅਤੇ ਪੁਲਸ ਨੂੰ ਫੋਨ ਕਰਕੇ ਆਪਣੀ ਜ਼ਿੰਮੇਵਾਰੀ ਖਤਮ ਸਮਝੀ। ਕਿਸੇ ਨੇ ਵੀ ਜ਼ਖਮੀ ਨੂੰ ਖੁਦ ਹਸਪਤਾਲ ਲਿਜਾਣਾ ਜ਼ਰੂਰੀ ਨਹੀਂ ਸਮਝਿਆ। ਕਰੀਬ 45 ਮਿੰਟ ਤਕ ਜ਼ਖਮੀ ਇੰਝ ਹੀ ਸੜਕ 'ਤੇ ਪਿਆ ਤੜਫਦਾ ਰਿਹਾ। ਆਖਿਰ ਕਿਸੇ ਦਾ ਦਿਲ ਪਸੀਜਿਆ ਅਤੇ ਉਸ ਨੇ ਜ਼ਖਮੀ ਨੂੰ ਆਟੋ ਵਿਚ ਪਾ ਕੇ ਹਸਪਤਾਲ ਦਾਖਲ ਕਰਵਾਇਆ ਪਰ ਤਦ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਵੀਡੀਓ ਬਣਾਉਣ ਦੀ ਥਾਂ ਜੇਕਰ ਕੋਈ ਜ਼ਖਮੀ ਨੂੰ ਤੁਰੰਤ ਹਸਪਤਾਲ ਲੈ ਕੇ ਜਾਂਦਾ ਤਾਂ ਸ਼ਾਇਦ ਸੰਦੀਪ ਦੀ ਜਾਨ ਬਚ ਜਾਂਦੀ।
ਫਰੂਟ ਵਿਕਰੇਤਾ ਕੋਲ ਕਰਦਾ ਸੀ ਨੌਕਰੀ
ਮ੍ਰਿਤਕ ਸੰਦੀਪ ਮਕਸੂਦਾਂ ਸਬਜ਼ੀ ਮੰਡੀ ਵਿਚ ਭਗਵਤੀ ਟਰੇਡਰਜ਼ ਨਾਂ ਦੇ ਫਰੂਟ ਵਿਕਰੇਤਾ ਦੀ ਦੁਕਾਨ ਵਿਚ ਨੌਕਰੀ ਕਰਦਾ ਸੀ, ਜੋ ਸਵੇਰੇ ਮੰਡੀ ਵਿਚ ਜਾ ਕੇ ਕੰਮ ਕਰਦਾ ਸੀ ਅਤੇ ਬਾਅਦ 'ਚ ਵਾਪਸ ਘਰ ਆ ਜਾਂਦਾ ਸੀ। ਰੋਜ਼ਾਨਾ ਵਾਂਗ ਸਵੇਰੇ 11.45 ਵਜੇ ਮੰਡੀ ਤੋਂ ਘਰ ਵਾਪਸ ਜਾ ਰਿਹਾ ਸੀ। ਅਚਾਨਕ ਫਲਾਈਓਵਰ 'ਤੇ ਨੋ ਐਂਟਰੀ ਜ਼ੋਨ ਵਿਚ ਵੜੇ ਟਰੱਕ ਦੀ ਲਪੇਟ ਵਿਚ ਆ ਗਿਆ।
ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਟਰੈਫਿਕ ਦੋਵੇਂ ਸਨ ਛੁੱਟੀ 'ਤੇ
ਨੋ ਐਂਟਰੀ 'ਚ ਟਰੱਕ ਕਿਵੇਂ ਆਇਆ, ਇਸ ਬਾਰੇ ਏ. ਡੀ. ਸੀ. ਪੀ. ਟਰੈਫਿਕ ਕੁਲਵੰਤ ਸਿੰਘ ਹੀ ਅਤੇ ਏ. ਸੀ. ਪੀ. ਜਸਪਾਲ ਸਿੰਘ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਦੋਵੇਂ ਛੁੱਟੀ 'ਤੇ ਹਨ। ਏ. ਡੀ. ਸੀ. ਪੀ. ਨੇ ਦੱਸਿਆ ਕਿ ਉਹ ਦਿੱਲੀ ਵਿਚ ਹਨ ਅਤੇ ਏ. ਸੀ. ਪੀ. ਦੀ ਤਬੀਅਤ ਖਰਾਬ ਸੀ।
3 ਸਾਲ ਦੀ ਧੀ ਨਾਲ ਸੀ ਮ੍ਰਿਤਕ ਦਾ ਬਹੁਤ ਪਿਆਰ
ਟਰੱਕ ਦੀ ਲਪੇਟ ਵਿਚ ਆਏ ਮ੍ਰਿਤਕ ਸੰਦੀਪ ਦੀ 3 ਸਾਲ ਦੀ ਇਕਲੌਤੀ ਬੇਟੀ ਹੈ। ਉਸ ਦੀ ਪਤਨੀ ਪ੍ਰਾਈਵੇਟ ਸਕੂਲ ਵਿਚ ਪੜ੍ਹਾਉਂਦੀ ਹੈ। ਆਪਣੀ ਬੇਟੀ ਨਾਲ ਮ੍ਰਿਤਕ ਦਾ ਬਹੁਤ ਪਿਆਰ ਸੀ ਪਰ 3 ਸਾਲ ਦੀ ਬੱਚੀ ਇਹ ਨਹੀਂ ਜਾਣਦੀ ਕਿ ਉਸ ਦਾ ਪਿਤਾ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ।


Related News