ਸੜਕ ਹਾਦਸੇ ''ਚ ਇਕ ਦੀ ਮੌਤ ਤੇ ਇਕ ਜ਼ਖਮੀ
Saturday, Jun 10, 2017 - 07:02 PM (IST)
ਮੂਨਕ(ਸੈਣੀ)— 2 ਮੋਟਰਸਾਈਕਲਾਂ ਦੀ ਟੱਕਰ ਕਾਰਨ ਇਕ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੀ ਰਾਤ ਮਨੀਸ਼ ਕੁਮਾਰ (19) ਪੁੱਤਰ ਰਮੇਸ਼ ਕੁਮਾਰ ਵਾਸੀ ਮੂਨਕ ਆਪਣੇ ਮੋਟਰਸਾਈਕਲ 'ਤੇ ਪਾਤੜਾਂ ਰੋਡ ਵੱਲ ਜਾ ਰਿਹਾ ਸੀ ਕਿ ਸਾਹਮਣੇ ਤੋਂ ਆਉਂਦੇ ਮੋਟਰਸਾਈਕਲ, ਜਿਸ ਨੂੰ ਵਿਨੋਦ ਕੁਮਾਰ ਪੁੱਤਰ ਦਬਰੇਨ ਵਾਸੀ ਰਪੋਲੀ ਜ਼ਿਲਾ ਮਾਧੋਪੁਰ (ਬਿਹਾਰ) ਚਲਾ ਰਿਹਾ ਸੀ, ਨਾਲ ਟੱਕਰ ਹੋ ਗਈ, ਜਿਸ ਕਾਰਨ ਪਿੱਛਿਓਂ ਆ ਰਹੇ ਕੈਂਟਰ ਅੱਗੇ ਡਿੱਗ ਜਾਣ ਕਾਰਨ ਉਸ ਦਾ ਸਿਰ ਕੈਂਟਰ ਦੇ ਪਿਛਲੇ ਟਾਇਰ ਦੀ ਲਪੇਟ 'ਚ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਵਿਨੋਦ ਕੁਮਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।
ਮੌਕੇ 'ਤੇ ਨਹੀਂ ਪੁੱਜੀ ਸਰਕਾਰੀ ਐਂਬੂਲੈਂਸ
ਮੌਕੇ 'ਤੇ ਮੌਜੂਦ ਦੁਕਾਨਦਾਰਾਂ ਅਤੇ ਲੋਕਾਂ ਨੇ ਵਿਨੋਦ ਕੁਮਾਰ ਨੂੰ ਆਪਣੇ ਨਿੱਜੀ ਵਾਹਨ ਰਾਹੀਂ ਸਬ-ਡਿਵੀਜ਼ਨਲ ਹਸਪਤਾਲ ਦਾਖਲ ਕਰਵਾਇਆ। ਇਸ ਦੌਰਾਨ ਲੋਕਾਂ ਨੇ 108 ਐਂਬੂਲੈਂਸ ਅਤੇ ਸਰਕਾਰੀ ਹਸਪਤਾਲ ਦੀ ਐਂਬੂਲੈਂਸ ਨਾਲ ਸੰਪਰਕ ਕੀਤਾ ਪਰ ਦੋਵੇਂ ਐਂਬੂਲੈਂਸਾਂ ਮੌਕੇ 'ਤੇ ਮੁਹੱਈਆ ਨਹੀਂ ਹੋਈਆਂ। ਕਾਫੀ ਸਮਾਂ ਐਂਬੂਲੈਂਸ ਨੂੰ ਉਡੀਕਣ ਤੋਂ ਬਾਅਦ ਪੁਲਸ ਕਰਮਚਾਰੀਆਂ ਨੇ ਮੌਕੇ 'ਤੇ ਮੌਜੂਦ ਲੋਕਾਂ ਦੀ ਸਹਾਇਤਾ ਨਾਲ ਪੁਲਸ ਦੀ ਸਰਕਾਰੀ ਗੱਡੀ ਰਾਹੀਂ ਮਨੀਸ਼ ਕੁਮਾਰ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਧਰ, ਸਬ-ਡਿਵੀਜ਼ਨਲ ਹਸਪਤਾਲ ਵਿਖੇ ਮੌਜੂਦ ਡਾਕਟਰ ਆਸੀਮ ਸ਼ਰਮਾ ਨੂੰ ਹਾਦਸੇ ਦੇ ਸਥਾਨ 'ਤੇ ਐਂਬੂਲੈਂਸ ਨਾ ਪਹੁੰਚਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ 108 ਐਂਬੂਲੈਂਸ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕਿਉਂਕਿ 108 ਐਂਬੂਲੈਂਸ ਨੂੰ ਅੰਮ੍ਰਿਤਸਰ ਤੋਂ ਸੰਚਾਲਿਤ ਕੀਤਾ ਜਾਂਦਾ ਹੈ। ਇਸ 'ਚ ਅਸੀਂ ਕੁਝ ਨਹੀਂ ਕਰ ਸਕਦੇ। ਸੰਗਰੂਰ ਤੋਂ ਐੱਮ. ਪੀ. ਭਗਵੰਤ ਮਾਨ ਵੱਲੋਂ ਦਿੱਤੀ ਗਈ ਐਂਬੂਲੈਂਸ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਐਂਬੂਲੈਂਸ ਲਈ ਡਰਾਈਵਰ ਰੱਖਿਆ ਹੋਇਆ ਹੈ ਜਦੋਂ ਸਾਡੇ ਕੋਲ ਦੁਰਘਟਨਾ ਦੀ ਜਾਣਕਾਰੀ ਆਵੇਗੀ, ਉਦੋਂ ਹੀ ਐਂਬੂਲੈਂਸ ਭੇਜੀ ਜਾਵੇਗੀ।
