ਪਟਿਆਲਾ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਸਕੇ ਭਰਾਵਾਂ ਦੀ ਹੋਈ ਮੌਤ

05/19/2022 11:14:00 PM

ਭੁਨਰਹੇੜੀ (ਨੌਗਾਵਾਂ)-ਇਥੋਂ 6 ਕਿਲੋਮੀਟਰ ਦੂਰ ਕਸਬਾ ਭੁਨਰਹੇੜੀ ਵਿਖੇ ਬੀਤੀ ਰਾਤ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 2 ਸਕੇ ਭਰਾਵਾਂ ਦੀ ਮੌਤ ਹੋ ਗਈ। ਇਸ ਦੌਰਾਨ ਉਨ੍ਹਾਂ ਦੇ 2 ਹੋਰ ਦੋਸਤ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਪੁਲਸ ਚੌਕੀ ਭੁਨਰਹੇੜੀ ਦੇ ਇੰਚਾਰਜ ਸਹਾਇਕ ਥਾਣੇਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲੱਗਭਗ ਸਾਢੇ 11 ਵਜੇ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਪਿੰਡ ਭੁਨਰਹੇੜੀ ਦੇ ਵਿਚਕਾਰ ਹੀ ਇਕ ਕਾਰ ਦਾ ਐਕਸੀਡੈਂਟ ਹੋ ਗਿਆ ਹੈ। ਇਸ ’ਚ 2 ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ ਅਤੇ 2 ਗੰਭੀਰ ਜ਼ਖ਼ਮੀ ਹੋ ਗਏ ਹਨ।

ਇਹ ਵੀ ਪੜ੍ਹੋ : CM ਮਾਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ ਨੂੰ ਲੈ ਕੇ ਹੋਈ ਚਰਚਾ

ਚੌਕੀ ਇੰਚਾਰਜ ਹਰਦੀਪ ਸਿੰਘ ਪੁਲਸ ਫੋਰਸ ਨੂੰ ਨਾਲ ਲੈ ਕੇ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਕਾਰ ਨਾਲੇ ਦੀ ਸਲੈਬ ਨਾਲ ਟਕਰਾਅ ਕੇ ਗੰਦੇ ਨਾਲੇ ’ਚ ਡਿੱਗੀ ਪਈ ਸੀ। ਅਗਲੀ ਸੀਟ ’ਤੇ ਬੈਠੇ 2 ਵਿਅਕਤੀ ਥੋਡ਼੍ਹੇ-ਥੋਡ਼੍ਹੇ ਸਹਿਕ ਰਹੇ ਸਨ ਅਤੇ 2 ਪਿਛਲੀ ਸੀਟ ਵਾਲੇ ਗੰਭੀਰ ਜ਼ਖ਼ਮੀ ਹੋਏ ਪਏ ਸਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ 2 ਨੌਜਵਾਨਾਂ ਦੀ ਰਸਤੇ ’ਚ ਹੀ ਮੌਤ ਹੋ ਗਈ, ਜਦਕਿ 2 ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਚੌਕੀ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਗੱਡੀ ਨੰਬਰ ਐੱਚ. ਆਰ. 07 ਏ. ਡੀ. 2881 ’ਚ 4 ਕਾਰ ਸਵਾਰ ਕਾਲੇ ਰੰਗ ਦੀ ਹੈਕਟਰ ਗੱਡੀ ’ਚ ਪਟਿਆਲੇ ਕਿਸੇ ਕੰਮ ਆਏ ਸਨ ਅਤੇ ਵਾਪਸ ਕੁਰੂਕਸ਼ੇਤਰ ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਪ੍ਰਤੀਕ ਸਿੰਘ (25) ਅਤੇ ਹਰਸ਼ਦੀਪ ਸਿੰਘ (21) ਪੁੱਤਰ ਪਰਮਜੀਤ ਸਿੰਘ ਵਾਸੀ ਅਨਾਜ ਮੰਡੀ ਕੁਰੂਕਸ਼ੇਤਰ ਸਕੇ ਭਰਾਵਾਂ ਵਜੋਂ ਹੋਈ ਹੈ। ਇਨ੍ਹਾਂ ’ਚੋਂ ਪ੍ਰਤੀਕ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦਾ ਇਕ ਬੱਚਾ ਹੈ ਅਤੇ ਹਰਸ਼ਦੀਪ ਸਿੰਘ ਅਜੇ ਕੁਆਰਾ ਹੈ। ਇਹ ਦੋਵੇਂ ਇਮੀਗ੍ਰੇਸ਼ਨ ਦਾ ਕੰਮ ਕਰਦੇ ਸਨ। 

ਇਹ ਵੀ ਪੜ੍ਹੋ : ਪਟਿਆਲਾ ’ਚ ਵਾਪਰੀ ਦੁੱਖ਼ਦਾਈ ਘਟਨਾ, ਭਾਖੜਾ ਨਹਿਰ ’ਚ ਡੁੱਬਣ ਨਾਲ ਦੋ ਦੋਸਤਾਂ ਦੀ ਹੋਈ ਮੌਤ

ਜ਼ਖ਼ਮੀਆਂ ’ਚ ਗੁਰਜੰਟ ਸਿੰਘ (35) ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਖਰਕਾਂ ਜ਼ਿਲ੍ਹਾ ਕੈਥਲ ਹਰਿਆਣਾ ਅਤੇ ਰਾਕੇਸ਼ ਗਿੱਲ ਪੁੱਤਰ ਸੁਭਾਸ਼ ਵਾਸੀ ਕੁਰੂਕਸ਼ੇਤਰ ਦੱਸੇ ਜਾਂਦੇ ਹਨ, ਜੋ ਅਮਰ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਹਨ। ਪੁਲਸ ਚੌਕੀ ਭੁਨਰਹੇੜੀ ਦੀ ਪੁਲਸ ਨੇ ਗੁਰਜੰਟ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਖਰਕਾਂ ਕੈਥਲ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।
 


Manoj

Content Editor

Related News