2 ਵਾਹਨਾਂ 'ਚ ਟੱਕਰ ਦੌਰਾਨ ਦੁੱਧ ਵਾਲੀ ਗੱਡੀ ਨੂੰ ਲੱਗੀ ਅੱਗ, ਵਾਲ-ਵਾਲ ਬਚੇ ਸਵਾਰ

05/25/2020 11:38:32 AM

ਹੁਸ਼ਿਆਰਪੁਰ (ਮਿਸ਼ਰਾ)— ਭਰਵਾਈਂ ਰੋਡ 'ਤੇ ਸਲਵਾੜਾ ਚੌਕ ਅਤੇ ਬੰਜਰਬਾਗ ਦੇ ਵਿਚਕਾਰ ਬੀਤੀ ਦੇਰ ਰਾਤ ਕਰੀਬ 1 ਵਜੇ ਇਕ ਕਾਰ ਅਤੇ ਦੁੱਧ ਵਾਲੀ ਗੱਡੀ ਵਿਚਕਾਰ ਜ਼ੋਰਦਾਰ ਟੱਕਰ ਹੋਣ ਤੋਂ ਬਾਅਦ ਦੁੱਧ ਵਾਲੀ ਗੱਡੀ ਨੂੰ ਅੱਗ ਲੱਗ ਗਈ। ਸੜਕ 'ਤੇ ਦੁੱਧ ਵਾਲੀ ਗੱਡੀ ਨੂੰ ਲੱਗੀ ਅੱਗ ਨਾਲ ਆਸਪਾਸ ਦੇ ਰਹਿਣ ਵਾਲੇ ਲੋਕਾਂ 'ਚ ਭਜਦੌੜ ਮੱਚ ਗਈ। ਇਸ ਦੌਰਾਨ ਕਾਰ ਅਤੇ ਦੁੱਧ ਵਾਲੀ ਗੱਡੀ 'ਚ ਸਵਾਰ ਵਿਅਕਤੀਆਂ ਨੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਅਤੇ ਲੋਕਾਂ ਨੇ ਸੜਕ 'ਤੇ ਅੱਗ ਦੀ ਲਪੇਟ 'ਚ ਆਈ ਦੁੱਧ ਵਾਲੀ ਗੱਡੀ ਨੂੰ ਲੱਗੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹੋਏ ਦਮਕਲ ਮਹਿਕਮੇ ਦੀਆਂ ਅੱਗ ਬੁਝਾਊ ਗੱਡੀਆਂ ਅਤੇ ਥਾਣਾ ਸਦਰ ਦੀ ਪੁਲਸ ਨੂੰ ਵੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ  ਅੱਗ ਬੁਝਾਊ ਕਾਮਿਆਂ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਤਾਂ ਪਾ ਲਿਆ ਪਰ ਦੁੱਧ ਵਾਲੀ ਗੱਡੀ ਅੱਗ ਦੀ ਲਪੇਟ 'ਚ ਆ ਕੇ ਪੂਰੀ ਤਰ੍ਹਾਂ ਨੁਕਸਾਨੀ ਗਈ।

ਮੌਕੇ 'ਤੇ ਥਾਣਾ ਸਦਰ 'ਚ ਤਾਇਨਾਤ ਏ. ਐੱਸ. ਆਈ. ਗੁਰਮੇਲ ਸਿੰਘ ਅਤੇ ਲੋਕਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਦੁੱਧ ਵਾਲੀ ਗੱਡੀ ਦੁੱਧ ਅਤੇ ਹੋਰ ਸਾਮਾਨ ਲੈ ਕੇ ਹਿਮਾਚਲ ਪ੍ਰਦੇਸ਼ ਵੱਲ ਜਾ ਰਹੀ ਸੀ। ਉਥੇ ਹੀ ਜਲੰਧਰ ਦੇ ਰਹਿਣ ਵਾਲੇ ਲੋਕ ਚੌਹਾਲ ਤੋਂ ਹੁਸ਼ਿਆਰਪੁਰ ਵੱਲ ਆ ਰਹੇ ਸਨ ਕਿ ਇਸ ਦੌਰਾਨ ਦੋਵੇਂ ਗੱਡੀਆਂ ਦੀ ਟੱਕਰ ਹੋ ਗਈ। ਜਿਸ ਤੋਂ ਬਾਅਦ ਦੁੱਧ ਵਾਲੀ ਗੱਡੀ 'ਚ ਅੱਗ ਲੱਗ ਗਈ ਅਤੇ ਉਸ 'ਚ ਸਵਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਜਦੋਂ ਇਸ ਸਬੰਧ 'ਚ ਥਾਣਾ ਸਦਰ 'ਚ ਤਾਇਨਾਤ ਥਾਣਾ ਮੁਖੀ ਇੰਸਪੈਕਟਰ ਤਲਵਿੰਦਰ ਸਿੰਘ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਏ. ਐੱਸ. ਆਈ. ਗੁਰਮੇਲ ਸਿੰਘ ਦੀ ਅਗਵਾਈ 'ਚ ਮੌਕੇ 'ਤੇ ਪਹੁੰਚ ਗਈ ਸੀ ਅਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਟੱਕਰ ਅਤੇ ਅਗਜਨੀ ਤੋਂ ਬਾਅਦ ਦੋਵੇਂ ਵਾਹਨਾਂ 'ਚ ਸਵਾਰ ਵਿਅਕਤੀਆਂ ਦੀ ਜਾਣਕਾਰੀ ਲਈ ਜਾ ਰਹੀ ਹੈ। ਪੁਲਸ ਦੋਵੇਂ ਨੁਕਸਾਨੇ ਹੋਏ ਵਾਹਨਾਂ ਸਵਿੱਫਟ ਕਾਰ ਅਤੇ ਦੁੱਧ ਵਾਲੀ ਗੱਡੀ ਨੂੰ ਥਾਣੇ ਲੈ ਆਈ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News