ਹਵਾ ’ਚ ਲੋਟਨੀਆਂ ਖਾਂਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, ਨੌਜਵਾਨ ਦੀ ਮੌਤ
Sunday, Jan 12, 2020 - 12:41 PM (IST)

ਗੁਰੂਹਰਸਹਾਏ (ਆਵਲਾ) - ਬੀਤੀ ਦੇਰ ਸ਼ਾਮ ਗੁਰੂਹਰਸਹਾਏ ਨੇੜੇ ਪਿੰਡ ਚੱਕ ਬੀੜ ਵਾਲਾ ਕੋਲ ਤੇਜ਼ ਰਫਤਾਰ ਇਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਾਰ ਸਵਾਰ ਗੁਰੂਹਰਸਹਾਏ ਵਾਲੀ ਸਾਇਡ ਤੋਂ ਮੁਕਤਸਰ ਵੱਲ ਨੂੰ ਜਾ ਰਿਹਾ ਸੀ। ਰਫਤਾਰ ਤੇਜ਼ ਹੋਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ, ਜੋ ਹਵਾ ’ਚ ਲੋਟਨੀਆਂ ਖਾ ਕੇ ਪਿੰਡ ਚੱਕ ਬੀਡ ਦੇ ਖੇਤਾ ’ਚ ਜਾ ਡਿੱਗੀ। ਹਾਦਸਾ ਵਾਪਰਨ ਕਾਰਨ ਨੌਜਵਾਨ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ ਅਤੇ ਕਾਰ ਚਕਨਾਚੂਰ ਹੋ ਗਈ।
108 ਐਂਬੂਲੈਂਸ ਦੇ ਡਰਾਈਵਰ ਹਰਪ੍ਰੀਤ ਅਤੇ ਪਵਨ ਕੁਮਾਰ ਨੇ ਦੱਸਿਆ ਕਿ ਸ਼ੁਕਰਵਾਰ ਦੇਰ ਸ਼ਾਮ ਫੋਨ ’ਤੇ ਸਾਨੂੰ ਹਾਦਸੇ ਦੀ ਸੂਚਨਾ ਮਿਲੀ ਅਤੇ ਅਸੀਂ 108 ਐਂਬੂਲੈਂਸ ਰਾਹੀਂ ਨੌਜਵਾਨ ਗੁਰਜੰਟ ਸਿੰਘ ਪੁੱਤਰ ਸੁਖਚੈਨ ਸਿੰਘ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਗੁਰੂਹਰਸਹਾਏ ਲਿਆਂਦਾ। ਹਸਪਤਾਲ ਦੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੂਜੇ ਪਾਸੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵਲੋਂ ਕੋਈ ਪੁਲਸ ਕਾਰਵਾਈ ਨਹੀਂ ਕਾਰਵਾਈ ਗਈ।