ਭਿਆਨਕ ਸੜਕ ਹਾਦਸੇ ਦੌਰਾਨ ਵਿਦਿਆਰਥੀ ਸਮੇਤ 3 ਗੰਭੀਰ ਜ਼ਖਮੀਂ

12/04/2017 4:35:09 PM

ਗਿੱਦੜਬਾਹਾ (ਕੁਲਭੂਸ਼ਣ) : ਗਿੱਦੜਬਾਹਾ-ਛੱਤਿਆਣਾ ਰੋਡ 'ਤੇ ਪਿੰਡ ਛੱਤਿਆਣਾ ਨੇੜੇ ਵਾਪਰੇ ਸੜਕੀ ਹਾਦਸੇ ਵਿਚ ਇਕ ਸਕੂਲੀ ਵਿਦਿਆਰਥੀ ਸਮੇਤ 3 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਛੱਤਿਆਣਾ ਦਾ ਰਹਿਣ ਵਾਲਾ ਹਰਫੂਲ ਸਿੰਘ ਪੁੱਤਰ ਪ੍ਰਿਥੀ ਸਿੰਘ ਆਪਣੇ ਮੋਟਰਸਾਈਕਲ ਰਾਹੀਂ ਪਿੰਡ ਛੱਤਿਆਣਾ ਤੋਂ ਗਿੱਦੜਬਾਹਾ ਵੱਲ ਜਾ ਰਿਹਾ ਸੀ ਕਿ ਪਿੰਡ ਦੇ ਇਕ ਨਿੱਜੀ ਸਕੂਲ ਦਾ ਵਿਦਿਆਰਥੀ ਲਵਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵੀ ਉਸ ਪਾਸੋਂ ਲਿਫਟ ਲੈ ਕੇ ਮੋਟਰਸਾਈਕਲ 'ਤੇ ਬੈਠ ਗਿਆ। ਅਜੇ ਉਕਤ ਮੋਟਰਸਾਈਕਲ ਪਿੰਡ ਤੋਂ ਕੁਝ ਹੀ ਦੂਰ ਗਿੱਦੜਬਾਹਾ ਰੋਡ 'ਤੇ ਸਥਿਤ ਕੱਸੀ ਨੇੜੇ ਪੁੱਜਾ ਸੀ ਕਿ ਸਾਹਮਣੇ ਤੋਂ ਆ ਰਹੀ ਕਾਰ, ਜਿਸ ਨੂੰ ਟਿੱਕਾ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਸੁਖਨਾ ਅਬਲੂ ਚਲਾ ਰਿਹਾ ਸੀ, ਨਾਲ ਉਸ ਦੀ ਟੱਕਰ ਹੋ ਗਈ, ਜਿਸ ਦੇ ਨਤੀਜੇ ਵਜੋਂ ਦੋਵੇਂ ਮੋਟਰਸਾਈਕਲ ਸਵਾਰਾਂ ਸਮੇਤ ਕਾਰ ਚਾਲਕ ਬੁਰੀ ਤਰ੍ਹਾਂ ਜਖਮੀ ਹੋ ਗਏ। ਇਸ ਹਾਦਸੇ ਵਿਚ ਮੋਟਰਸਾਈਕਲ ਅਤੇ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ। ਜ਼ਖਮੀਆਂ ਨੂੰ ਆਸਪਾਸ ਦੇ ਲੋਕਾਂ ਨੇ ਤੁਰੰਤ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜ਼ਖਮੀਆਂ ਨੂੰ ਮੁਢਲੀ ਸਹਾਇਤਾ ਦਿੱਤੀ ਅਤੇ ਮੋਟਰਸਾਈਕਲ ਚਾਲਕ ਹਰਫੂਲ ਸਿੰਘ ਦੀ ਨਾਜ਼ੁਕ ਸਥਿਤੀ ਨੂੰ ਦੇਖਦਿਆਂ ਬਠਿੰਡਾ ਰੈਫ਼ਰ ਕਰ ਦਿੱਤਾ।


Related News