ਟਰੈਕਟਰ-ਟਰਾਲੀਆਂ ਨੇ ਦਰੜੀ ਸਵਿਫਟ ਕਾਰ

Wednesday, Oct 25, 2017 - 07:45 AM (IST)

ਟਰੈਕਟਰ-ਟਰਾਲੀਆਂ ਨੇ ਦਰੜੀ ਸਵਿਫਟ ਕਾਰ

ਭਾਦਸੋਂ  (ਅਵਤਾਰ) - ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਵਿਚ ਅੱਜ ਬਾਅਦ ਦੁਪਹਿਰ 2 ਟਰੈਕਟਰ-ਟਰਾਲੀ ਚਾਲਕਾਂ ਵੱਲੋਂ ਅੱਗੇ ਲੰਘਣ ਦੀ ਕਾਹਲ 'ਚ ਸਵਿਫਟ ਕਾਰ ਬੁਰੀ ਤਰ੍ਹਾਂ ਦਰੜ ਦਿੱਤੀ ਗਈ।  ਮਿਲੀ ਜਾਣਕਾਰੀ ਅਨੁਸਾਰ ਸਵਿਫਟ ਕਾਰ ਨੰਬਰ ਪੀ ਬੀ 11 ਬੀ ਜੇ 7273 ਮਾਲਕ ਦੀ ਦੁਕਾਨ ਦੇ ਅੱਗੇ ਖੜ੍ਹੀ ਸੀ। ਪਿੱਛੋਂ ਇੱਕ ਟਰੈਕਟਰ ਆਲੂਆਂ ਦੀਆਂ ਬੋਰੀਆਂ ਨਾਲ ਭਰੀ ਟਰਾਲੀ ਸਮੇਤ ਆ ਰਿਹਾ। ਉਸ ਦੇ ਬਰਾਬਰ ਹੀ ਝੋਨੇ ਦੀ ਫਸਲ ਨਾਲ ਭਰੀ ਟਰਾਲੀ ਲਿਜਾ ਰਹੇ ਟਰੈਕਟਰ-ਟਰਾਲੀ ਚਾਲਕ ਇੱਕ-ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੇ ਸਨ। ਅੱਗੋਂ ਕੋਈ ਹੋਰ ਵਾਹਨ ਆਉਂਦਾ ਦੇਖ ਕੇ ਦੋਵੇਂ ਟਰੈਕਟਰ-ਟਰਾਲੀ ਦੁਕਾਨ ਅੱਗੇ ਖੜ੍ਹੀ ਸਵਿਫਟ ਕਾਰ ਨੂੰ ਧੂਹ ਕੇ ਲੈ ਗਏ। ਕਾਰ ਦੁਕਾਨਾਂ ਅੱਗੇ ਬਣੇ ਲੋਹੇ ਦੇ ਸ਼ੈੱਡਾਂ ਨਾਲ ਜਾ ਟਕਰਾਈ।  ਇਸੇ ਦੌਰਾਨ ਉਕਤ ਟਰੈਕਟਰਾਂ ਦੀ ਲਪੇਟ ਵਿਚ ਇੱਕ ਸਕੂਟਰ ਅਤੇ ਐਕਟਿਵਾ ਵੀ ਦਰੜੇ ਗਏ। ਹਾਦਸੇ 'ਚ ਕਾਰ ਬੁਰੀ ਤਰਾਂ ਨੁਕਸਾਨੀ ਗਈ। ਘਟਨਾ ਬਾਰੇ ਪਤਾ ਚਲਦਿਆਂ ਹੀ ਥਾਣਾ ਭਾਦਸੋਂ ਦੇ ਐੱਸ. ਆਈ. ਗੁਰਸ਼ਰਨ ਸਿੰਘ ਪੁਲਸ ਪਾਰਟੀ ਸਮੇਤ ਪੁੱਜੇ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ।  ਜ਼ਿਕਰਯੋਗ ਹੈ ਕਿ ਟਰੈਕਟਰਾਂ 'ਤੇ ਉੱਚੀ ਆਵਾਜ਼ ਵਿਚ ਵਜਦੇ ਸਪੀਕਰਾਂ ਕਾਰਨ ਰੋਜ਼ਾਨਾ ਸੜਕ ਹਾਦਸੇ ਵਾਪਰੇ ਰਹੇ ਹਨ, ਜਿਨ੍ਹਾਂ ਪ੍ਰਤੀ ਪ੍ਰਸ਼ਾਸਨ ਚਿੰਤਤ ਨਹੀਂ ਹੈ। ਬਾਜ਼ਾਰਾਂ ਵਿੱਚ ਟਰੈਕਟਰ ਚਾਲਕ ਉੱਚੀ ਅਵਾਜ਼ ਵਿੱਚ ਜਿੱਥੇ ਸ਼ੋਰ ਪ੍ਰਦੂਸ਼ਣ ਕਰ ਰਹੇ ਹਨ, ਉਥੇ ਆਮ ਰਾਹਗੀਰਾਂ ਲਈ ਵੀ ਮੁਸੀਬਤ ਬਣਦੇ ਹਨ। ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਟਰੈਕਟਰਾਂ 'ਤੇ ਉੱਚੀ ਆਵਾਜ਼ ਵਿੱਚ ਚਲਦੇ ਸਪੀਕਰਾਂ ਨੂੰ ਬੰਦ ਕਰਵਾਇਆ ਜਾਵੇ।


Related News