ਦਰਦਨਾਕ ਸੜਕ ਹਾਦਸਿਆਂ ''ਚ 3 ਵਿਅਕਤੀ ਹਲਾਕ

Wednesday, Oct 04, 2017 - 07:30 AM (IST)

ਦਰਦਨਾਕ ਸੜਕ ਹਾਦਸਿਆਂ ''ਚ 3 ਵਿਅਕਤੀ ਹਲਾਕ

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)— ਸੜਕ ਹਾਦਸਿਆਂ 'ਚ 2 ਵਿਅਕਤੀਆਂ ਦੀ ਮੌਤ ਹੋ ਗਈ।  ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਤਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਭਸੌੜ ਥਾਣਾ ਸਦਰ ਧੁਰੀ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਹ ਅਤੇ ਉਸਦੇ ਪਿਤਾ ਟਰੱਕ ਦੀ ਮੁਰੰਮਤ ਕਰਵਾਉਣ ਲਈ ਆਪਣੀ ਸਕੂਟਰੀ 'ਤੇ ਮੋਨੂੰ ਉਰਫ ਚਿਮਨ ਲਾਲ ਦੀ ਵਰਕਸ਼ਾਪ ਧੂਰੀ ਰੋਡ ਮਾਲੇਰਕੋਟਲਾ ਵਿਖੇ ਆਏ ਸਨ। ਵਰਕਸ਼ਾਪ ਦੇ ਸਾਹਮਣਿਓਂ ਚਾਹ ਲੈ ਕੇ ਉਸਦੇ ਪਿਤਾ ਵਾਪਿਸ ਆ ਰਹੇ ਸਨ ਕਿ ਇਕ ਟਰੈਕਟਰ-ਟਰਾਲੀ ਚਾਲਕ ਨੇ ਤੇਜ਼ੀ ਤੇ ਲਾਪ੍ਰਵਾਹੀ ਨਾਲ ਉਸਦੇ ਪਿਤਾ 'ਚ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਟਰੈਕਟਰ-ਟਰਾਲੀ ਚਾਲਕ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਓਧਰ, ਥਾਣੇਦਾਰ ਨਿਰਮਲ ਸਿੰਘ ਇੰਚਾਰਜ ਪੁਲਸ ਚੌਕੀ ਬਡਰੁੱਖਾਂ ਨੇ ਦੱਸਿਆ ਕਿ ਪਵਨ ਕੁਮਾਰ ਪੁੱਤਰ ਪਾਲਾ ਰਾਮ ਵਾਸੀ ਗਲੀ ਨੰ. 8 ਨੇੜੇ ਗੋਪੀ ਰਾਮ ਟਿੰਬਰ ਸਟੋਰ ਡਾ. ਅੰਬੇਡਕਰ ਨਗਰ ਸੁਨਾਮੀ ਗੇਟ ਸੰਗਰੂਰ ਨੇ ਬਿਆਨ ਦਰਜ ਕਰਵਾਏ ਹਨ ਕਿ ਉਸਦਾ ਪਿਤਾ ਪਾਲਾ ਰਾਮ ਪੁੱਤਰ ਮਾਮੂ ਰਾਮ ਸ਼ਰਾਬ ਪੀਣ ਦਾ ਆਦੀ ਹੋਣ ਕਾਰਨ 1 ਅਕਤੂਬਰ ਨੂੰ ਘਰੋਂ ਚਲਾ ਗਿਆ ਅਤੇ ਵਾਪਿਸ ਘਰ ਨਹੀਂ ਆਇਆ। ਭਾਲ ਕਰਨ 'ਤੇ ਉਨ੍ਹਾਂ ਦੀ ਲਾਸ਼ ਨੇੜੇ ਬਾਈਪਾਸ ਪੁਲ ਬਾਹੱਦ ਬਡਰੁੱਖਾਂ ਤੋਂ ਮਿਲੀ। ਉਨ੍ਹਾਂ ਦੇ ਸਿਰ 'ਚ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ। ਇਹ ਸੱਟਾਂ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਲੱਗੀਆਂ ਲੱਗਦੀਆਂ ਸਨ। ਪੁਲਸ ਨੇ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਥਾਣਾ ਲੌਂਗੋਵਾਲ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਇਸ ਤੋਂ ਇਲਾਵਾ ਟਰੱਕ ਦੀ ਲਪੇਟ 'ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਥਾਣਾ ਸਦਰ ਦੇ ਐੱਸ. ਐੱਚ. ਓ. ਗੌਰਵਵੰਸ਼ ਸਿੰਘ ਨੇ ਦੱਸਿਆ ਕਿ ਸੁਖਚੈਨ ਸਿੰਘ ਉਰਫ ਸੁੱਖਾ ਪੁੱਤਰ ਹਰਬੰਸ ਸਿੰਘ ਵਾਸੀ ਬਰਨਾਲਾ, ਜੋ ਕਿ ਐੱਫ.ਸੀ.ਆਈ. ਦੀ ਸਪੈਸ਼ਲ ਚੁੱਕਣ ਲਈ ਬਾਲਾ ਜੀ ਪਲੰਥ ਚੀਮਾ ਵਿਖੇ ਆਪਣੇ ਡਰਾਈਵਰ ਸਮੇਤ ਗਿਆ ਸੀ, ਮਾਲ ਚੁੱਕਣ ਦੀ ਉਡੀਕ 'ਚ ਆਪਣੇ ਟਰੱਕ 'ਚੋਂ ਉਤਰ ਕੇ ਖੜ੍ਹ ਗਿਆ। ਇੰਨੇ 'ਚ ਇਕ ਹੋਰ ਟਰੱਕ ਜਦੋਂ ਮੋੜ ਕੱਟ ਰਿਹਾ ਸੀ ਤਾਂ ਉਸਨੇ ਸੁਖਚੈਨ ਸਿੰਘ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਟਰੱਕ ਡਰਾਈਵਰ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News