ਟੈਂਪੂ ਟ੍ਰੈਵਲਰ ਤੇ ਮੋਟਰਸਾਈਕਲ ਦੀ ਟੱਕਰ ''ਚ 1 ਦੀ ਮੌਤ, 2 ਜ਼ਖਮੀ

Friday, Sep 08, 2017 - 04:35 AM (IST)

ਟੈਂਪੂ ਟ੍ਰੈਵਲਰ ਤੇ ਮੋਟਰਸਾਈਕਲ ਦੀ ਟੱਕਰ ''ਚ 1 ਦੀ ਮੌਤ, 2 ਜ਼ਖਮੀ

ਗੁਰੂਸਰ ਸੁਧਾਰ(ਟੂਸੇ)-ਲੁਧਿਆਣਾ-ਬਠਿੰਡਾ ਮੁੱਖ ਮਾਰਗ 'ਤੇ ਹਲਵਾਰਾ ਨੇੜੇ ਵਾਪਰੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਤੇ 2 ਦੇ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਿੱਦਿਅਕ ਸੰਸਥਾ ਦੀ ਟੈਂਪੂ ਟ੍ਰੈਵਲਰ, ਜਿਸ ਨੂੰ ਕਿ ਸ਼ਿੰਗਾਰਾ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਐਤੀਆਣਾ ਚਲਾ ਰਿਹਾ ਸੀ, ਨੇ ਹਲਵਾਰਾ ਪੈਟਰੋਲ ਪੰਪ ਵੱਲ ਨੂੰ ਜਿਵੇਂ ਹੀ ਤੇਜ਼ੀ ਨਾਲ ਮੋੜ ਕੱਟਿਆ ਤਾਂ ਅੱਗਿਓਂ ਆ ਰਹੇ ਮੋਟਰਸਾਈਕਲ ਨਾਲ ਟਕਰਾਅ ਗਿਆ।ਇਸ ਦੌਰਾਨ ਮੋਟਰਸਾਈਕਲ 'ਤੇ ਸਵਾਰ ਤਿੰਨੇ ਨੌਜਵਾਨ ਜਿਹੜੇ ਕਿ ਪਿੰਡ ਝੋਰੜਾਂ ਦੇ ਦੱਸੇ ਜਾ ਰਹੇ ਸਨ, ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਕੱਠੇ ਹੋਏ ਲੋਕਾਂ ਵੱਲੋਂ ਸਰਕਾਰੀ ਹਸਪਤਾਲ ਸੁਧਾਰ ਇਲਾਜ ਲਈ ਪਹੁੰਚਾਇਆ ਗਿਆ, ਜਿੱਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ।ਇਸ ਸਬੰਧੀ ਏ. ਐੱਸ. ਆਈ. ਜਰਨੈਲ ਸਿੰਘ ਨੇ ਦੱਸਿਆ ਕਿ ਉਹ ਜ਼ਖਮੀਆਂ ਦੇ ਬਿਆਨ ਲੈਣ ਲੁਧਿਆਣਾ ਜਾ ਰਹੇ ਹਨ ਤੇ ਉਨ੍ਹਾਂ ਨੂੰ ਇਕ ਜ਼ਖਮੀ ਨੌਜਵਾਨ ਨਵਦੀਪ ਸਿੰਘ ਪੁੱਤਰ ਤਜਿੰਦਰਪਾਲ ਸਿੰਘ ਪਿੰਡ ਝੋਰੜਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਖਬਰ ਲਿਖੇ ਜਾਣ ਤੱਕ ਪੁਲਸ ਨੇ ਇਸ ਸਬੰਧੀ ਕੋਈ ਮਾਮਲਾ ਦਰਜ ਨਹੀਂ ਕੀਤਾ ਸੀ ਪਰ ਸੰਬੰਧਿਤ ਗੱਡੀ ਸਮੇਤ ਡਰਾਈਵਰ ਨੂੰ ਕਾਬੂ ਕਰ ਲਿਆ ਸੀ।


Related News