ਹਾਦਸਿਆਂ ਤੋਂ ਬਾਅਦ ਵੀ ਮੋਬਾਇਲ ਸੁਣਨ ਤੋਂ ਬਾਜ਼ ਨਹੀਂ ਆ ਰਹੇ ਡਰਾਈਵਰ

08/23/2017 12:03:20 AM

ਤਲਵੰਡੀ ਭਾਈ(ਪਾਲ)—ਤਲਵੰਡੀ ਭਾਈ ਦੇ ਬਾਜ਼ਾਰ 'ਚੋਂ ਲੰਘਦੇ ਮੇਨ ਜੀ. ਟੀ. ਰੋਡ 'ਤੇ ਨਿੱਤ ਦਿਹਾੜੇ ਵਾਪਰਦੇ ਭਿਆਨਕ ਸੜਕ ਹਾਦਸਿਆਂ 'ਚ ਹੁਣ ਤੱਕ ਮਾਸੂਮ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਬਜ਼ੁਰਗਾਂ ਤੱਕ ਦੇ ਅਣਗਿਣਤ ਵਿਅਕਤੀ ਇਨ੍ਹਾਂ ਤੇਜ਼ ਰਫਤਾਰ ਲੰਘਦੇ ਵੱਡੇ ਛੋਟੇ ਵ੍ਹੀਕਲਾਂ ਦੇ ਟਾਇਰਾਂ ਥੱਲੇ ਦਰੜੇ ਜਾ ਚੁੱਕੇ ਹਨ ਤੇ ਅਨੇਕਾਂ ਕੀਮਤੀ ਜਾਨਾਂ ਮੌਤ ਦੇ ਮੂੰਹ 'ਚ ਜਾ ਪਹੁੰਚੀਆਂ ਹਨ। ਜ਼ਾਹਿਰ ਹੈ ਕਿ ਜ਼ਿਆਦਾਤਰ ਸੜਕ ਹਾਦਸੇ ਵਾਹਨ ਚਾਲਕਾਂ ਦੀ ਅਣਗਹਿਲੀ ਕਾਰਨ ਹੀ ਵਾਪਰਦੇ ਹਨ ਅਤੇ ਕਈ ਹਾਦਸਿਆਂ ਦਾ ਮੁੱਖ ਕਾਰਨ ਡਰਾਈਵਰ ਵੱਲੋਂ ਗੱਡੀ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰਨਾ ਵੀ ਬਣਦਾ ਹੈ। ਹਾਦਸਾ ਵਾਪਰਨ 'ਤੇ ਇਹ ਕਸੂਰਵਾਰ ਡਰਾਈਵਰ ਗੱਡੀ ਸੜਕ 'ਤੇ ਲਵਾਰਿਸ ਹਾਲਤ 'ਚ ਛੱਡ ਕੇ ਦੌੜ ਜਾਂਦੇ ਹਨ ਤੇ ਪਿੱਛੋਂ ਇਕੱਠੀ ਹੋਈ ਭੀੜ ਤੇ ਮ੍ਰਿਤਕ ਵਿਅਕਤੀ ਦੇ ਵਾਰਿਸ ਇਨ੍ਹਾਂ ਵਾਹਨਾਂ ਦੇ ਬਾਰੀਆਂ ਤੇ ਸ਼ੀਸ਼ੇ ਤੋੜ-ਭੰਨ ਕੇ ਆਪਣਾ ਗੁੱਸਾ ਸ਼ਾਂਤ ਕਰਦੇ ਆਮ ਹੀ ਵੇਖੇ ਜਾ ਸਕਦੇ ਹਨ। ਤਲਵੰਡੀ ਭਾਈ ਦੇ ਮੋਗਾ ਫਿਰੋਜ਼ਪੁਰ ਮੇਨ ਚੌਕ ਤੋਂ ਲੈ ਕੇ ਸੇਖਵਾਂ ਵਾਲੀ ਕੱਸੀ ਤੱਕ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਰੋਡ ਤੋਂ ਲੰਘਣ ਵਾਲੇ ਸਰਕਾਰੀ ਕੀ ਪ੍ਰਾਈਵੇਟ ਬੱਸਾਂ, ਟਰੱਕਾਂ, ਕਾਰਾਂ ਤੇ ਹੋਰ ਛੋਟੇ-ਮੋਟੇ ਵ੍ਹੀਕਲਾਂ ਵਾਲੇ ਡਰਾਈਵਰ ਗੱਡੀ ਚਲਾਉਂਦੇ ਸਮੇਂ ਅਕਸਰ ਹੀ ਮੋਬਾਇਲ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਮੁਸਾਫਰਾਂ ਦੇ ਨਾਲ-ਨਾਲ ਸੜਕ 'ਤੇ ਵਿਚਰਦੇ ਲੋਕਾਂ ਦੇ ਸਾਹ ਵੀ ਸੁੱਕੇ ਰਹਿੰਦੇ ਹਨ। ਬੇਸ਼ੱਕ ਸਰਕਾਰ ਵੱਲੋਂ ਥਾਂ-ਥਾਂ ਹੋਰਡਿੰਗ ਤੇ ਹੋਰ ਸਾਧਨਾਂ ਰਾਹੀਂ ਵਾਹਨ ਚਾਲਕਾਂ ਨੂੰ ਚਿਤਾਵਨੀ ਦਿੱਤੀ ਹੁੰਦੀ ਹੈ ਕਿ ਗੱਡੀ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਖਤਰਨਾਕ ਹੋ ਸਕਦੀ ਹੈ ਅਤੇ ਜ਼ਿਆਦਾਤਰ ਬੱਸਾਂ 'ਚ ਵੀ ਲਿਖਿਆ ਹੁੰਦਾ ਹੈ ਕਿ ਜੇਕਰ ਡਰਾਈਵਰ ਬੱਸ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਕਰੇ ਤਾਂ ਇਸ ਨੰਬਰ 'ਤੇ ਸ਼ਿਕਾਇਤ ਕਰੋ ਪਰ ਜ਼ਿਆਦਾਤਰ ਚਾਲਕਾਂ ਵੱਲੋਂ ਇਹ ਸ਼ਿਕਾਇਤ ਕਰਨ ਵਾਲੇ ਨੰਬਰਾਂ ਦੇ ਕੁਝ ਅੱਖਰ ਮਿਟਾਏ ਹੁੰਦੇ ਹਨ, ਜਿਸ ਕਾਰਨ ਕੋਈ ਚਾਹੁੰਦਿਆਂ ਵੀ ਸ਼ਿਕਾਇਤ ਨਹੀਂ ਕਰ ਪਾਉਂਦਾ। ਲੋਕਾਂ ਨੇ ਟਰਾਂਸਪੋਰਟ ਮੰਤਰੀ ਪੰਜਾਬ ਤੇ ਟ੍ਰੈਫਿਕ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਚੱਲਦੇ ਵਾਹਨ 'ਚ ਮੋਬਾਇਲ ਵਰਤ ਕੇ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾਉਣ ਵਾਲੇ ਲਾਪ੍ਰਵਾਹ ਡਰਾਈਵਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਵਾਪਰਨ ਵਾਲੀਆਂ ਦੁਰਘਟਨਾਵਾਂ ਨੂੰ ਰੋਕਿਆ ਤੇ ਕੀਮਤੀ ਜਾਨਾਂ ਨੂੰ ਮੌਤ ਦੇ ਮੂੰਹ 'ਚ ਜਾਣ ਤੋਂ ਬਚਾਇਆ ਜਾ ਸਕੇ। 


Related News