''ਆਜ਼ਾਦੀ ਤੋਂ ਬਾਅਦ ਭ੍ਰਿਸ਼ਟਾਚਾਰ ਕਾਰਨ ਚੀਨ ਤੇ ਜਾਪਾਨ ਵਰਗੇ ਦੇਸ਼ਾਂ ਦੀ ਬਰਾਬਰੀ ਨਹੀਂ ਕਰ ਸਕਿਆ ਭਾਰਤ''
Tuesday, May 21, 2024 - 06:18 PM (IST)
ਜਲੰਧਰ (ਖੁਰਾਣਾ) – ਅੱਜ ਅਸੀਂ ਜਿਸ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ, ਦਰਅਸਲ ਉਹ ਆਜ਼ਾਦੀ ਸਾਨੂੰ ਕਾਫੀ ਮਹਿੰਗੀ ਮਿਲੀ ਹੈ, ਕਿਉਂਕਿ ਇਸ ਲਈ ਅਣਗਿਣਤ ਸੁਤੰਤਰਤਾ ਸੈਨਾਨੀਆਂ ਨੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ। ਇੰਨੀ ਮਹਿੰਗੀ ਆਜ਼ਾਦੀ ਹਾਸਲ ਕਰਨ ਦੇ ਬਾਵਜੂਦ ਸਾਡਾ ਦੇਸ਼ ਚੀਨ ਅਤੇ ਜਾਪਾਨ ਵਰਗੇ ਦੇਸ਼ਾਂ ਦੇ ਮੁਕਾਬਲੇ ਵਿਚ ਕਾਫੀ ਪਿੱਛੇ ਹੈ। ਇਸਦਾ ਮੁੱਖ ਕਾਰਨ ਦੇਸ਼ ਵਿਚ ਫੈਲਿਆ ਭ੍ਰਿਸ਼ਟਾਚਾਰ ਹੈ। ਉਕਤ ਸ਼ਬਦ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਥਾਨਕ ਗੁਲਾਬ ਦੇਵੀ ਹਸਪਤਾਲ ਵਿਚ ਪ੍ਰਸਿੱਧ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦੇ ਸ਼ੌਰਿਆ ਬੁੱਤ ਦੀ ਘੁੰਡ-ਚੁਕਾਈ ਸਬੰਧੀ ਕਰਵਾਏ ਸਮਾਰੋਹ ਦੌਰਾਨ ਬਤੌਰ ਮੁੱਖ ਮਹਿਮਾਨ ਕਹੇ।
ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ
ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਪ੍ਰਾਪਤ ਕਰਨ ਲਈ ਬਲੀਦਾਨ ਦੇਣ ਵਾਲੇ ਇਨ੍ਹਾਂ ਸ਼ਹੀਦਾਂ ਨੇ ਜਿਹੋ-ਜਿਹੇ ਆਜ਼ਾਦ ਭਾਰਤ ਦਾ ਸੁਪਨਾ ਲਿਆ ਸੀ, ਅਫਸੋਸ ਦਾ ਵਿਸ਼ਾ ਹੈ ਕਿ ਅਸੀਂ ਭਾਰਤੀ ਉਸ ’ਤੇ ਖਰੇ ਨਹੀਂ ਉਤਰ ਸਕੇ। ਭ੍ਰਿਸ਼ਟਾਚਾਰ ਚੀਨ ਵਿਚ ਵੀ ਸੀ ਪਰ ਉਹ ਸਖ਼ਤੀ ਕਰ ਕੇ ਉਸ ’ਤੇ ਕਾਬੂ ਪਾ ਚੁੱਕਾ ਹੈ। ਕੁਝ ਸਾਲ ਪਹਿਲਾਂ ਪੇਈਚਿੰਗ ਵਿਚ ਇਕ ਵੱਡੇ ਅਫ਼ਸਰ ਨੂੰ ਸਿਰਫ਼ ਇਸ ਲਈ 6 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਦਿੱਤੀ ਗਈ, ਕਿਉਂਕਿ ਉਸਨੇ ਕਿਸੇ ਕੰਮ ਬਦਲੇ ਵਿਚ ਕਿਸੇ ਤੋਂ ਇੰਪੋਰਟਿਡ ਸਿਗਰੇਟ ਦਾ ਬੰਡਲ ਲੈ ਲਿਆ ਸੀ। ਇਸੇ ਤਰ੍ਹਾਂ ਜਾਪਾਨ ਦੇ ਲੋਕ ਅਨੁਸ਼ਾਸਨ ਅਤੇ ਦੇਸ਼ ਪ੍ਰਤੀ ਨਿਸ਼ਠਾ ਲਈ ਜਾਣੇ ਜਾਂਦੇ ਹਨ। ਉਥੇ ਜਦੋਂ ਤੇਲ ਦਾ ਸੰਕਟ ਪੈਦਾ ਹੋਇਆ ਤਾਂ ਪ੍ਰਾਈਵੇਟ ਵਾਹਨਾਂ ਦਾ ਚੱਲਣਾ ਬੰਦ ਕਰ ਦਿੱਤਾ ਗਿਆ। ਅਜਿਹੇ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਤਕ ਨੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰ ਕੇ ਮਿਸਾਲ ਕਾਇਮ ਕੀਤੀ।
ਇਹ ਵੀ ਪੜ੍ਹੋ - ਹਵਾ 'ਚ ਜ਼ੋਰਦਾਰ ਹਿੱਲਿਆ ਸਿੰਗਾਪੁਰ ਏਅਰਲਾਈਨਜ਼ ਦਾ ਜਹਾਜ਼, 1 ਦੀ ਮੌਤ, 30 ਯਾਤਰੀ ਜ਼ਖ਼ਮੀ
ਉਨ੍ਹਾਂ ਨੇ ਕਿਹਾ ਕਿ ਜੇਕਰ ਸਾਧਾਰਨ ਜੀਵਨ ਜੀਵਿਆ ਜਾਵੇ ਅਤੇ ਇੱਛਾਵਾਂ ਨੂੰ ਸਾਦਾ ਕਰ ਲਿਆ ਜਾਵੇ ਤਾਂ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਭਾਰਤ ਵਿਸ਼ਵ ਗੁਰੂ ਬਣੇਗਾ ਅਤੇ ਲੋਕ ਸੰਕਲਪ ਨਾਲ ਇਸਨੂੰ ਬਣਾਉਣਗੇ। ਆਪਣੇ ਸੰਬੋਧਨ ਵਿਚ ਮਾਣਯੋਗ ਰਾਜਪਾਲ ਨੇ ਗੁਲਾਬ ਦੇਵੀ ਹਸਪਤਾਲ ਟਰੱਸਟ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਖੁਦ ਨੂੰ ਖੁਸ਼ਕਿਸਮਤ ਮੰਨਿਆ, ਜਿਨ੍ਹਾਂ ਨੂੰ ਲਾਲਾ ਲਾਜਪਤ ਵਰਗੀ ਉੱਚ ਸ਼ਖਸੀਅਤ ਨਾਲ ਜੁੜੀ ਇਸ ਸੰਸਥਾ ਵਿਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਟਰੱਸਟ ਨਾਲ ਜੁੜੇ ਸਾਰੇ ਟਰੱਸਟੀ ਆਪਣੇ-ਆਪਣੇ ਪ੍ਰਾਜੈਕਟ ਨੂੰ ਬਾਖੂਬੀ ਚਲਾ ਰਹੇ ਹਨ।
ਸੰਬੋਧਨ ਤੋਂ ਪਹਿਲਾਂ ਰਾਜਪਾਲ ਨੇ ਸ਼ੌਰਿਆ ਬੁੱਤ ਦੀ ਘੁੰਡ-ਚੁਕਾਈ ਕੀਤੀ ਅਤੇ ਹਸਪਤਾਲ ਦੇ ਅਹਾਤੇ ਵਿਚ ਚੱਲ ਰਹੇ ਲਾਲਾ ਜਗਤ ਨਰਾਇਣ ਬਿਰਧ ਆਸ਼ਰਮ ਦਾ ਦੌਰਾ ਕੀਤਾ। ਉਨ੍ਹਾਂ ਉੱਥੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਵੀ ਸ਼ਲਾਘਾ ਕੀਤੀ ਅਤੇ ਯੱਗਸ਼ਾਲਾ ਵੀ ਦੇਖੀ, ਜਿੱਥੇ ਪੁਰਾਤਨ ਸਮੇਂ ਤੋਂ ਹਵਨ ਯੱਗ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ‘ਰਾਸ਼ਟਰੀ ਗੀਤ’ ਨਾਲ ਹੋਈ, ਜਿਸ ਦੌਰਾਨ ਸਟੇਜ ਸੰਚਾਲਕ ਦੀ ਜ਼ਿੰਮੇਵਾਰੀ ਲਾਲਾ ਲਾਜਪਤ ਰਾਏ ਇੰਸਟੀਚਿਊਟ ਆਫ਼ ਨਰਸਿੰਗ ਦੀ ਪ੍ਰਿੰਸੀਪਲ ਸ਼੍ਰੀਮਤੀ ਨੇਹਾ ਵਾਸੂਦੇਵ ਨੇ ਨਿਭਾਈ। ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਗੁਲਾਬ ਦੇਵੀ ਹਸਪਤਾਲ ਟਰੱਸਟ ਦੇ ਸਕੱਤਰ ਡਾ. ਰਾਜੇਸ਼ ਪਸਰੀਚਾ ਨੇ ਕਿਹਾ ਕਿ ਲਾਲਾ ਲਾਜਪਤ ਰਾਏ ਨੇ 1927 ਵਿਚ ਆਪਣੇ ਨਿੱਜੀ ਫੰਡਾਂ ਨਾਲ ਇਸ ਟਰੱਸਟ ਦੀ ਸਥਾਪਨਾ ਕੀਤੀ ਸੀ, ਜਿਸ ਤਹਿਤ ਲਾਹੌਰ ਵਿਚ ਟੀ. ਬੀ. ਹਸਪਤਾਲ ਖੋਲ੍ਹਿਆ ਗਿਆ ਸੀ।
ਇਹ ਵੀ ਪੜ੍ਹੋ - ਅਗਲੇ 15 ਦਿਨਾਂ 'ਚ ਲੱਖਾਂ SIM Card ਬੰਦ ਕਰਨ ਜਾ ਰਹੀ ਹੈ 'ਸਰਕਾਰ', ਹੋ ਸਕਦੀ ਹੈ ਕਾਨੂੰਨੀ ਕਾਰਵਾਈ
ਜਲੰਧਰ ਵਿਚ ਵੀ ਇਹ ਟਰੱਸਟ 2027 ਵਿਚ ਆਪਣੇ 100 ਸਾਲ ਪੂਰੇ ਕਰਨ ਜਾ ਰਿਹਾ ਹੈ। ਇਸ ਸਦੀ ਦੇ ਆਖਰੀ ਦਹਾਕੇ ਵਿਚ ਗੁਲਾਬ ਦੇਵੀ ਹਸਪਤਾਲ ਟਰੱਸਟ ਨੇ ਕਈ ਨਵੀਆਂ ਸਹੂਲਤਾਂ ਦੀ ਸ਼ੁਰੂਆਤ ਕੀਤੀ, ਜਿਨ੍ਹਾਂ ਵਿਚ ਨਰਸਿੰਗ ਕਾਲਜ, ਡਾਇਲਸਿਸ ਸੈਂਟਰ, ਸੀ. ਟੀ. ਸਕੈਨ, ਫਿਜ਼ੀਓਥੈਰੇਪੀ ਸੈਂਟਰ, ਗੁਲਾਬ ਆਯੁਰਵੈਦਿਕ ਅਤੇ ਪੰਚਕਰਮਾ ਸੈਂਟਰ ਸ਼ਾਮਲ ਹਨ। ਡਾ. ਰਾਜੇਸ਼ ਪਸਰੀਚਾ ਨੇ ਦੱਸਿਆ ਕਿ ਲਾਲਾ ਲਾਜਪਤ ਰਾਏ ਨੇ ਅਖ਼ਬਾਰ ਸ਼ੁਰੂ ਕਰ ਕੇ ਅੰਗਰੇਜ਼ ਹਕੂਮਤ ਵਿਰੁੱਧ ਲੜਾਈ ਲੜੀ। ਲਾਲਾ ਲਾਜਪਤ ਰਾਏ ਦੀ ਵਿਚਾਰਧਾਰਾ, ਜਿਸ ਨੂੰ ਲਾਲਾ ਜਗਤ ਨਰਾਇਣ ਜੀ ਨੇ ਅਪਣਾਇਆ ਸੀ, ਉਸ ਨੂੰ ਹੁਣ ‘ਪੰਜਾਬ ਕੇਸਰੀ ਗਰੁੱਪ’ ਵੱਲੋਂ ਲਗਾਤਾਰ ਅੱਗੇ ਤੋਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਪਲੈਕਸ ਵਿਚ ਬਿਰਧ ਆਸ਼ਰਮ ਵੀ ਸ਼੍ਰੀ ਵਿਜੇ ਕੁਮਾਰ ਚੋਪੜਾ ਦੇ ਯਤਨਾਂ ਨਾਲ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ਭਗਤੀ ਨਾਲ ਜੁੜੀ ਇਸ ਸੰਸਥਾ ਵਿਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ।
ਇਹ ਵੀ ਪੜ੍ਹੋ - ਸਕੂਲ ਦਾ ਕੰਮ ਨਾ ਕਰਨ 'ਤੇ ਕਸਾਈ ਬਣਿਆ ਮਾਸਟਰ, 8 ਸਾਲਾ ਕੁੜੀ ਦੀ ਬੇਰਹਿਮੀ ਨਾਲ ਕੁੱਟਮਾਰ
ਪ੍ਰੋਗਰਾਮ ਦੌਰਾਨ ਰਾਜਪਾਲ ਪੁਰੋਹਿਤ ਅਤੇ ਸ਼੍ਰੀ ਵਿਜੇ ਕੁਮਾਰ ਚੋਪੜਾ ਦਾ ਗੁਲਾਬ ਦੇਵੀ ਹਸਪਤਾਲ ਟਰੱਸਟ ਦੇ ਚੇਅਰਮੈਨ ਵਿਨੈ ਰਾਜ ਅਗਰਵਾਲ, ਸਕੱਤਰ ਡਾ. ਰਾਜੇਸ਼ ਪਸਰੀਚਾ, ਟਰੱਸਟੀ ਨਰੇਸ਼ ਸਾਹਨੀ ਅਤੇ ਕੁਮਾਰ ਰਾਜ, ਐਗਜ਼ੀਕਿਊਟਿਵ ਮੈਂਬਰ ਦੀਪਕ ਚੁੱਘ ਅਤੇ ਕਾਮਨਾ ਰਾਜ ਅਗਰਵਾਲ ਆਦਿ ਵੱਲੋਂ ਸਵਾਗਤ ਕੀਤਾ ਗਿਆ। ਇਸ ਦੌਰਾਨ ਨਰਸਿੰਗ ਇੰਸਟੀਚਿਊਟ ਨਾਲ ਜੁੜੇ ਵਿਦਿਆਰਥੀਆਂ ਨੇ ਲਾਲਾ ਲਾਜਪਤ ਰਾਏ ਦੇ ਜੀਵਨ ਅਤੇ ਸੰਘਰਸ਼ ’ਤੇ ਆਧਾਰਿਤ ਨਾਟਕ ਵੀ ਖੇਡਿਆ। ਪ੍ਰੋਗਰਾਮ ਦੌਰਾਨ ਸਮਾਜ-ਸੇਵੀ ਸੁਧੀਰ ਸ਼ਰਮਾ, ਰਣਜੀਤ ਆਰੀਆ, ਪ੍ਰਿਤਪਾਲ ਸਿੰਘ ਚਾਵਲਾ, ਮਦਨ ਗੁਪਤਾ, ਭਗਵਤੀ ਪ੍ਰਸਾਦ ਸ਼ਰਮਾ, ਕੁਨਾਲ ਖੇੜਾ, ਦੀਪਕ ਖੋਸਲਾ, ਅਰੁਣ ਨਈਅਰ ਬਬਲਾ, ਰਾਜੀਵ ਚੋਪੜਾ, ਜੁਗਲ ਸਾਹਨੀ, ਡਾ. ਪੁਨੀਤ ਪਸਰੀਚਾ ਅਤੇ ਧੀਰਜ ਗੁਪਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਪ੍ਰੋਗਰਾਮ ਦੇ ਸੰਚਾਲਨ ਵਿਚ ਨਰਸਿੰਗ ਇੰਸਟੀਚਿਊਟ ਦੇ ਡਾਇਰੈਕਟਰ ਸ਼ਿਵ ਮੌਦਗਿਲ, ਹਸਪਤਾਲ ਦੇ ਸੀ. ਈ. ਓ. ਡਾ. ਉਰਵਸ਼ੀ ਅਤੇ ਡਾ. ਪੂਜਾ ਸ਼ਰਮਾ ਨੇ ਵੀ ਪੂਰਾ ਸਹਿਯੋਗ ਦਿੱਤਾ।
ਧੰਨਵਾਦ ਪ੍ਰਸਤਾਵ ਸ਼੍ਰੀ ਵਿਜੇ ਚੋਪੜਾ ਨੇ ਪੜ੍ਹਿਆ ਅਤੇ ਕਿਹਾ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਇਕ ਸਫਲ ਕਾਰੋਬਾਰੀ ਅਤੇ ਉਦਯੋਗਪਤੀ ਵੀ ਹਨ ਅਤੇ ਪੱਤਰਕਾਰ ਰਹੇ ਹਨ। ਸਮੇਂ ਦੇ ਪਾਬੰਦ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਵਿਚਾਰਾਂ ਵਿਚ ਡੂੰਘਾਈ ਵੀ ਹੈ। ਸ਼ਾਇਦ, ਉਹ ਪਹਿਲੇ ਰਾਜਪਾਲ ਹਨ, ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਅਸਤੀਫਾ ਸੌਂਪ ਦਿੱਤਾ ਸੀ। ਸਿਧਾਂਤ ਦੇ ਇੰਨੇ ਪੱਕੇ ਹਨ ਕਿ ਉਨ੍ਹਾਂ ਆਪਣਾ ਕਾਲਜ ਹੋਣ ਦੇ ਬਾਵਜੂਦ ਆਪਣੀ ਪੋਤੀ ਨੂੰ ਘੱਟ ਅੰਕ ਆਉਣ ਕਾਰਨ ਇੰਜੀਨੀਅਰਿੰਗ ਵਿਚ ਦਾਖਲਾ ਨਹੀਂ ਦਿੱਤਾ, ਜਿਸ ਕਾਰਨ ਉਸ ਨੂੰ ਮੁੰਬਈ ਦੇ ਇਕ ਕਾਲਜ ਵਿਚ ਪੜ੍ਹਾਈ ਕਰਨੀ ਪਈ ਸੀ। ਸ਼੍ਰੀ ਚੋਪੜਾ ਨੇ ਗੁਲਾਬ ਦੇਵੀ ਹਸਪਤਾਲ ਟਰੱਸਟ ਵੱਲੋਂ ਸਿਹਤ ਸਹੂਲਤਾਂ ਦੇ ਖੇਤਰ ਵਿਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਸਲਾਹਿਆ।
ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8