ਬਿਆਸ ਪਿੰਡ ਨੇੜੇ ਵਾਪਰਿਆ ਦਰਦਨਾਕ ਹਾਦਸਾ, ਇਕ ਦੀ ਮੌਤ
Wednesday, May 15, 2019 - 11:42 AM (IST)
ਜਲੰਧਰ (ਸੋਨੂੰ)— ਜਲੰਧਰ-ਪਠਾਨਕੋਟ ਹਾਈਵੇਅ 'ਤੇ ਬਿਆਸ ਪਿੰਡ ਦੇ ਕੋਲ ਬੀਤੇ ਦਿਨ ਸੜਕ ਹਾਦਸਾ ਵਾਪਰਨ ਕਰਕੇ ਜ਼ਖਮੀ ਹੋਏ ਦੋ ਵਿਅਕਤੀਆਂ 'ਚੋਂ ਇਕ ਦੀ ਮੌਤ ਹੋ ਗਈ ਜਦਕਿ ਇਕ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਹੈ। ਮ੍ਰਿਤਕ ਦੀ ਪਛਾਣ ਜਸਵੰਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਚੰਬਾ ਹਿਮਾਚਲ ਪ੍ਰਦੇਸ਼ ਦੇ ਰੂਪ 'ਚ ਹੋਈ ਹੈ। ਜ਼ਖਮੀ ਵਿਅਕਤੀ ਗਿਆਨ ਸਿੰਘ ਚੰਬਾ ਹਿਮਾਚਲ ਪ੍ਰਦੇਸ਼ ਵਜੋ ਹੋਈ ਹੈ। ਇਹ ਹਾਦਸਾ ਕਾਰ ਅਤੇ ਟੈਂਕਰ ਦੀ ਭਿਆਨਕ ਟੱਕਰ ਹੋਣ ਕਰਕੇ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੀਆਂ ਖਿੜਕੀਆਂ ਖੋਲ੍ਹ ਕੇ ਅਤੇ ਸ਼ੀਸ਼ੇ ਤੋੜ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਦੋਹਾਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਜਸਵੰਤ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਘਟਨਾ ਦੀ ਸੂਚਨਾ ਚੌਕੀ ਕਿਸ਼ਨਗੜ ਦੀ ਪੁਲਸ ਨੂੰ ਦਿੱਤੀ ਗਈ। ਕਿਸ਼ਨਗੜ ਚੌਕੀ ਦੇ ਇੰਚਾਰਜ ਏ. ਐੱਸ. ਆਈ. ਬਲਬੀਰ ਸਿੰਘ ਬੁੱਟਰ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ, ਜਿੱਥੇ ਜਸਵੰਤ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਏ. ਐੱਸ. ਆਈ. ਨੇ ਦੱਸਿਆ ਕਿ ਧਿਆਨ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਜੁਰਾਹ ਜ਼ਿਲਾ ਚੰਬਾ (ਹਿਮਾਚਲ ਪ੍ਰਦੇਸ਼) ਆਪਣੀ ਕਾਰ ਨੰਬਰ-ਐੱਚ.ਪੀ. 73-8095 'ਚ ਡਰਾਈਵਰ ਜਸਵੰਤ ਪੁੱਤਰ ਹਰੀ ਸਿੰਘ ਦੇ ਨਾਲ ਕਿਸੇ ਕੰਮ ਲਈ ਆ ਰਹੇ ਸਨ। ਉਹ ਬਿਆਸ ਪਿੰਡ ਸਥਿਤ ਸ਼ਹੀਦ ਬੰਤਾ ਸਿੰਘ ਜੀ ਆਰੁੜ ਸਿੰਘ ਸਟੇਡੀਅਮ ਸਾਹਮਣੇ ਪਹੁੰਚੇ ਤਾਂ ਕਾਰ ਚਾਲਕ ਕਾਰ 'ਤੇ ਆਪਣਾ ਕੰਟਰੋਲ ਖੋਹ ਬੈਠਾ ਅਤੇ ਕਾਰ ਡਿਵਾਈਡਰ ਪਾਰ ਕਰਕੇ ਜਲੰਧਰ ਵੱਲੋਂ ਆ ਰਹੇ ਤੇਲ ਦੇ ਟੈਂਕਰ ਨਾਲ ਟਕਰਾ ਕੇ ਫਿਰ ਡਿਵਾਈਡਰ 'ਤੇ ਚੜ੍ਹ ਗਈ। ਹਾਦਸੇ 'ਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਦੀ ਸੂਚਨਾ ਦੋਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ। ਪੁਲਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ 'ਚ ਲੈ ਲਿਆ ਹੈ।