ਰੋਪੜ: ਚੰਡੀਗੜ੍ਹ ਮਾਰਗ ''ਤੇ ਪਲਟੀ ਬੱਸ, ਵਾਲ-ਵਾਲ ਬਚੀਆਂ ਸਵਾਰੀਆਂ (ਤਸਵੀਰਾਂ)
Monday, Apr 08, 2019 - 02:33 PM (IST)
ਰੋਪੜ (ਸੱਜਣ ਸੈਣੀ)— ਇਥੋਂ ਦੇ ਚੰਡੀਗੜ੍ਹ ਮਾਰਗ 'ਤੇ ਪਿੰਡ ਰੰਗਿਲਪੁਰ ਨੇੜੇ ਪੰਜਾਬ ਰੋਡਵੇਜ਼ ਅੰਮ੍ਰਿਤਸਰ ਦੇ ਡਿਪੂ ਦੀ ਇਕ ਬੱਸ ਨੈਸ਼ਨਲ ਹਾਈਵੇਅ 'ਤੇ ਪਲਟ ਗਈ। ਗਨੀਮਤ ਇਹ ਰਹੀ ਕਿ ਇਸ ਬੱਸ 'ਚ ਸਵਾਰ ਸਵਾਰੀਆਂ 'ਚੋਂ ਕਿਸੇ ਦੀ ਜਾਨ ਨਹੀਂ ਗਈ ਪਰ ਤਿੰਨ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਬੱਸ 'ਚ 40 ਦੇ ਕਰੀਬ ਸਵਾਰੀਆਂ ਮੌਜੂਦ ਸਨ ਅਤੇ ਇਹ ਬੱਸ ਚੰਡੀਗੜ੍ਹ ਤੋਂ ਚੱਲੀ ਸੀ ਜੋ ਕਿ ਅੰਮ੍ਰਿਤਸਰ ਜਾ ਰਹੀ ਸੀ।
ਬੱਸ ਦੀਆਂ ਸਵਾਰੀਆਂ ਮੁਤਾਬਕ ਬੱਸ ਦੀ ਸਪੀਡ 90 ਦੇ ਕਰੀਬ ਸੀ ਕਿ ਹਾਈਵੇਅ 'ਤੇ ਅਚਾਨਕ ਬੱਸ ਪਲਟ ਗਈ। ਇਸ ਹਾਦਸੇ ਦੌਰਾਨ ਮੌਕੇ ਤੋਂ ਡਰਾਈਵਰ ਫਰਾਰ ਹੋ ਗਿਆ। ਬੱਸ 'ਚ ਮੌਜੂਦ ਖਰੜ੍ਹ ਦੀ ਰਹਿਣ ਵਾਲੀ ਪੂਜਾ ਨਾਂ ਦੀ ਔਰਤ ਸਮੇਤ ਦੋ ਹੋਰ ਸਵਾਰੀਆਂ ਵੀ ਜ਼ਖਮੀ ਹੋਈਆਂ ਹਨ, ਜਿਨ੍ਹਾਂ ਦਾ ਇਲਾਜ ਮੌਕੇ 'ਤੇ ਕੀਤਾ ਗਿਆ। ਬੱਸ ਦੀਆਂ ਬਾਕੀ ਸਵਾਰੀਆਂ ਨੂੰ ਹੋਰ ਬੱਸਾਂ 'ਚ ਭੇਜ ਦਿੱਤਾ ਗਿਆ।
ਕਰੀਬ ਅੱਧੇ ਘੰਟੇ ਦੇ ਬਾਅਦ ਰੋਡ ਨੂੰ ਖਾਲੀ ਕਰਵਾਇਆ ਗਿਆ। ਪੰਜਾਬ ਰੋਡਵੇਜ਼ ਰੋਪੜ ਦੇ ਜਨਰਲ ਮੈਨੇਜਰ ਜਗਦੀਸ਼ ਸਿੰਘ ਨੇ ਦੱਸਿਆ ਕਿ ਬੱਸ 'ਚ 40 ਦੇ ਕਰੀਬ ਸਵਾਰੀਆਂ ਮੌਜੂਦ ਸਨ ਅਤੇ 3 ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਾਰੀਆਂ ਸਵਾਰੀਆਂ ਨੂੰ ਹੋਰ ਬੱਸਾਂ 'ਚ ਰਵਾਨਾ ਕਰ ਦਿੱਤਾ ਗਿਆ।