ਸੜਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ, 1 ਜ਼ਖ਼ਮੀ

Thursday, Oct 29, 2026 - 04:36 PM (IST)

ਸੜਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ, 1 ਜ਼ਖ਼ਮੀ

ਮਾਛੀਵਾੜਾ ਸਾਹਿਬ (ਟੱਕਰ) : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਰਤਨਗੜ੍ਹ ਵਿਖੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਨੌਜਵਾਨ ਰਾਜੂ ਵਾਸੀ ਬਲੀਏਵਾਲ ਦੀ ਮੌਤ ਹੋ ਗਈ ਹੈ ਜਦਕਿ ਉਸ ਨਾਲ ਸਵਾਰ ਦੋਸਤ ਪ੍ਰਭਜੋਤ ਸਿੰਘ ਜ਼ਖ਼ਮੀ ਹੋ ਗਿਆ। ਜ਼ਖ਼ਮੀ ਪ੍ਰਭਜੋਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਦੋਸਤ ਰਾਜੂ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਬਲੀਏਵਾਲ ਤੋਂ ਰਾਈਆਂ ਫੈਕਟਰੀ ਵਿਚ ਆਪਣੇ ਕੀਤੇ ਗਏ ਕੰਮ ਦੀ ਤਨਖਾਹ ਲੈਣ ਜਾ ਰਹੇ ਸਨ ਜਦੋਂ ਉਹ ਪਿੰਡ ਰਤਨਗੜ੍ਹ ਕੋਲ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਟ੍ਰੈਕਟਰ-ਟਰਾਲੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਮੋਟਰਸਾਈਕਲ ਚਲਾ ਰਿਹਾ ਰਾਜੂ ਤੇ ਉਹ ਦੋਵੇਂ ਸੜਕ ’ਤੇ ਜਾ ਡਿੱਗੇ। 

ਇਸ ਹਾਦਸੇ ਵਿਚ ਰਾਜੂ ਦੇ ਸਿਰ 'ਤੇ ਕਈ ਥਾਵਾਂ ’ਤੇ ਗੰਭੀਰ ਸੱਟਾਂ ਲੱਗੀਆਂ। ਦੋਵਾਂ ਨੂੰ ਕੂੰਮਕਲਾਂ ਹਸਪਤਾਲ ਲਿਆਂਦਾ ਗਿਆ, ਜਿੱਥੇ ਰਾਜੂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਲੁਧਿਆਣਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਡਾਕਟਰਾਂ ਵਲੋਂ ਜ਼ਖ਼ਮੀ ਹਾਲਤ ਵਿਚ ਲਿਆਂਦੇ ਗਏ ਰਾਜੂ ਨੂੰ ਮ੍ਰਿਤਕ ਐਲਾਨ ਦਿੱਤਾ। ਕੂੰਮਕਲਾਂ ਪੁਲਸ ਵਲੋਂ ਰਾਜੂ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ ਅਤੇ ਪ੍ਰਭਜੋਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਟ੍ਰੈਕਟਰ-ਟਰਾਲੀ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨੌਜਵਾਨ ਰਾਜੂ ਦੀ ਮੌਤ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।


author

Gurminder Singh

Content Editor

Related News