ਸੜਕ ਹਾਦਸੇ ’ਚ ਔਰਤ ਦੀ ਮੌਤ, ਸਿਰ ਦੇ ਉਪਰੋਂ ਲੰਘ ਗਿਆ ਟਰੱਕ
Thursday, May 09, 2024 - 05:11 PM (IST)
ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਪਿੰਡ ਸਤੀਏਵਾਲਾ ਚੌਂਕ ਵਿੱਚ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਜਾ ਰਹੇ ਇੱਕ ਟਰੱਕ ਨੇ ਇੱਕ ਔਰਤ ਨੂੰ ਦਰੜ ਦਿੱਤਾ ਅਤੇ ਇਸ ਹਾਦਸੇ ਵਿੱਚ ਔਰਤ ਦੀ ਮੌਤ ਹੋ ਗਈ। ਇਸ ਸਬੰਧੀ ਪੁਲਸ ਨੇ ਟਰੱਕ ਚਾਲਕ ਮਲਕੀਅਤ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੂੰ ਬਾਅਦ ਵਿਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਜ਼ੋਰਾ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੋਪੀਚੰਦ ਪੁੱਤਰ ਨੱਥੂ ਰਾਮ ਵਾਸੀ ਗਿਲਕੋ ਵਿਊ ਕਲੋਨੀ ਫਿਰੋਜ਼ਪੁਰ ਨੇ ਦੋਸ਼ ਲਗਾਇਆ ਕਿ ਉਹ ਆਪਣੀ ਪਤਨੀ ਬਿਬਲਾ ਰਾਣੀ ਨਾਲ ਕਿਸੇ ਜ਼ਰੂਰੀ ਕੰਮ ਲਈ ਸਕੂਟਰ ’ਤੇ ਗਿਆ ਸੀ ਅਤੇ ਜਦੋਂ ਘਰ ਵਾਪਸ ਆ ਰਿਹਾ ਸੀ ਤਾਂ ਇੱਟਾਂ ਵਾਲੇ ਭੱਠੇ ਨੇੜੇ ਇਕ ਟਰੱਕ ਤੇਜ਼ ਰਫ਼ਤਾਰ ਆਇਆ, ਜਿਸਦੇ ਚਾਲਕ ਨੇ ਬਿਨਾ ਹਾਰਨ ਵਜਾਏ ਟਰੱਕ ਸ਼ਿਕਾਇਤਕਰਤਾ ਦੀ ਸਕੂਟਰੀ ਵਿਚ ਮਾਰਿਆ, ਜਿਸ ਨਾਲ ਸ਼ਿਕਾਇਤਕਰਤਾ ਦੀ ਪਤਨੀ ਬੀਬਲਾ ਰਾਣੀ ਸੜਕ ’ਤੇ ਡਿੱਗ ਪਈ ਅਤੇ ਟਰੱਕ ਉਸ ਦੇ ਸਿਰ ਉਤੋਂ ਲੰਘ ਗਿਆ ਤੇ ਬਿਬਲਾ ਰਾਣੀ ਦੀ ਮੌਤ ਹੋ ਗਈ।