ਨਹਿਰਾਂ ਦੀਆਂ ਟੇਲਾਂ ਤੱਕ ਪਹੁੰਚਿਆ ਪਾਣੀ ਬਦਲ ਰਿਹੈ ਨਰਮਾ ਉਤਪਾਦਕ ਕਿਸਾਨਾਂ ਦੀ ਕਿਸਮਤ

05/21/2023 12:11:37 PM

ਫਾਜ਼ਿਲਕਾ (ਨਾਗਪਾਲ)–ਇਸ ਸਰਹੱਦੀ ਇਲਾਕੇ ਦੇ ਕਿਸਾਨਾਂ ਲਈ ਚਿੱਟਾ ਸੋਨਾ ਅਰਥਾਤ ਨਰਮਾ ਇਸ ਵਾਰ ਕਈ ਸਾਲਾਂ ਮਗਰੋਂ ਕਿਸਾਨਾਂ ਦੇ ਦਿਨ ਫੇਰਨ ਲਈ ਤਿਆਰ ਹੈ। ਅਜਿਹਾ ਸੰਭਵ ਹੋਇਆ ਹੈ ਰਾਜ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਸਮੇਂ ਸਿਰ ਅਤੇ ਪੂਰਾ ਪਾਣੀ ਮੁਹੱਈਆ ਕਰਵਾਉਣ ਨਾਲ। ਇਸ ਕਾਰਨ ਫਾਜ਼ਿਲਕਾ ਜ਼ਿਲ੍ਹੇ ’ਚ 81,25 ਹੈਕਟੇਅਰ ਰਕਬੇ ’ਚ ਨਰਮੇ ਦੀ ਬਿਜਾਈ ਪੂਰੀ ਹੋ ਚੁੱਕੀ ਹੈ, ਜੋਕਿ ਇਸ ਸਾਲ ਦੇ ਨਰਮੇ ਦੀ ਬਿਜਾਈ ਲਈ ਮਿੱਥੇ ਟੀਚੇ ਦਾ ਕਰੀਬ 78 ਫ਼ੀਸਦੀ ਹੈ।

ਪਿਛਲੇ ਕੁਝ ਸਾਲਾਂ ਤੋਂ ਨਰਮੇ ਦੀ ਫ਼ਸਲ ਵੱਖ-ਵੱਖ ਕਾਰਨਾਂ ਕਰ ਕੇ ਕਿਸਾਨਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਸੀ। ਇਹ ਫਸਲ ਵੱਖ-ਵੱਖ ਕੀੜਿਆਂ ਦਾ ਸ਼ਿਕਾਰ ਹੋ ਜਾਂਦੀ ਸੀ। ਨਰਮੇ ਦੀ ਫ਼ਸਲ ਦੇ ਨਾਕਾਮਯਾਬ ਹੋਣ ਦਾ ਪਿੱਛਲੇ ਸਾਲਾਂ ਦੌਰਾਨ ਮੁੱਖ ਕਾਰਨ ਨਰਮੇ ਦੀ ਬਿਜਾਈ ਪਿੱਛੜ ਜਾਣਾ ਰਿਹਾ ਸੀ ਪਰ ਇਸ ਵਾਰ ਨਰਮੇ ਦੀ ਫ਼ਸਲ ਬਹੁਤ ਵਧੀਆ ਰਹਿਣ ਦੀ ਆਸ ਜਾਗੀ ਹੈ ਅਤੇ ਜੇਕਰ ਕੁਦਰਤ ਨੇ ਸਾਥ ਦਿੱਤਾ ਤਾਂ ਪੰਜਾਬ ਦੀ ਇਹ ਰਵਾਇਤੀ ਫ਼ਸਲ ਇਸ ਸਾਲ ਮਾਲਵੇ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗੀ। ਖੇਤੀ ਮਾਹਿਰ ਮੁਤਾਬਕ ਜੇਕਰ ਨਰਮੇ ਦੀ ਬਿਜਾਈ ਅਗੇਤੀ ਹੋ ਜਾਵੇ ਤਾਂ ਸ਼ੁਰੂਆਤੀ ਹਾਲਤ ’ਚ ਫ਼ਸਲ ਚੰਗੀ ਵੱਧ ਜਾਂਦੀ ਹੈ ਤਾਂ ਇਹ ਸਿਹਤਮੰਦ ਪੌਦੇ ਫਿਰ ਕਿਸੇ ਵੀ ਕੀਡ਼ੇ ਜਾਂ ਬਿਮਾਰੀ ਦਾ ਟਾਕਰਾ ਸਹਿਜਤਾ ਨਾਲ ਕਰ ਲੈਂਦੇ ਹਨ। ਦੂਜੇ ਪਾਸੇ ਜੇਕਰ ਬਿਜਾਈ ਪਿੱਛੜ ਜਾਵੇ ਤਾਂ ਪੌਦੇ ਆਪਣਾ ਮੁੱਢਲਾ ਵਿਕਾਸ ਵੀ ਕਰ ਨਹੀਂ ਪਾਏ ਹੁੰਦੇ ਕਿ ਚਿੱਟੀ ਮੱਖੀ ਜਾ ਹੋਰ ਕੀੜਿਆਂ ਦਾ ਹੱਲਾ ਫ਼ਸਲ ਨੂੰ ਨੁਕਸਾਨ ਕਰ ਦਿੰਦਾ ਹੈ।

ਨਰਮੇ ਦੀ ਬਿਜਾਈ ਲਈ ਮੁੱਢਲੀ ਲੋੜ ਨਹਿਰੀ ਪਾਣੀ ਹੁੰਦਾ ਹੈ। ਨਰਮਾ ਜ਼ਿਆਦਾਤਰ ਉਨ੍ਹਾਂ ਖੇਤਰਾਂ ’ਚ ਹੁੰਦਾ ਹੈ ਜਿੱਥੇ ਧਰਤੀ ਹੇਠਲਾ ਪਾਣੀ ਮਾੜਾ ਹੈ ਅਤੇ ਸਿੰਚਾਈ ਲਈ ਨਹਿਰੀ ਪਾਣੀ ਦੀ ਵਰਤੋਂ ਹੁੰਦੀ ਹੈ। ਫਾਜ਼ਿਲਕਾ ਜ਼ਿਲ੍ਹੇ ਦਾ ਵੱਡਾ ਹਿੱਸਾ ਵੀ ਇਸੇ ਸ਼੍ਰੇਣੀ ’ਚ ਆਉਂਦਾ ਹੈ, ਜਿੱਥੇ ਖੇਤੀ ਪੂਰੀ ਤਰ੍ਹਾਂ ਨਹਿਰੀ ਪਾਣੀ ’ਤੇ ਆਧਾਰਿਤ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਖੂਈਆਂ ਸਰਵਰ, ਅਬੋਹਰ ਅਤੇ ਫਾਜ਼ਿਲਕਾ ਬਲਾਕ ’ਚ ਮੁੱਖ ਤੌਰ ਅਤੇ ਜਲਾਲਾਬਾਦ ਬਲਾਕ ਦੇ ਇਕ ਹਿੱਸੇ ’ਚ ਨਰਮੇ ਦੀ ਕਾਸ਼ਤ ਹੁੰਦੀ ਹੈ। ਮਾਹਿਰਾਂ ਨੇ ਦੱਸਿਆ ਕਿ ਨਹਿਰਾਂ ਜਿਸ ਇਲਾਕੇ ’ਚੋਂ ਲੰਘ ਕੇ ਆਉਂਦੀਆਂ ਹਨ, ਉਥੇ ਝੋਨਾ ਹੁੰਦਾ ਹੈ ਅਤੇ ੳਨ੍ਹਾਂ ਇਲਾਕਿਆਂ ਦੀ ਪਾਣੀ ਦੀ ਜ਼ਰੂਰਤ ਜੂਨ ਮਹੀਨੇ ਦੇ ਅੱਧ ਤੋਂ ਬਾਅਦ ਸ਼ੁਰੂ ਹੁੰਦੀ ਹੈ ਜਦਕਿ ਨਰਮੇ ਲਈ ਪਾਣੀ ਦੀ ਜ਼ਰੂਰਤ ਅਪ੍ਰੈਲ ਮਹੀਨੇ ਦੇ ਪਹਿਲੇ ਅੱਧ ਤੋਂ ਹੁੰਦੀ ਹੈ। ਪਿੱਛਲੇ ਸਮੇਂ ’ਚ ਇਹ ਮਾਰ ਨਰਮਾ ਪੱਟੀ ਦੇ ਕਿਸਾਨ ਝੱਲਦੇ ਸੀ ਅਤੇ ਉਨ੍ਹਾਂ ਨੂੰ ਨਰਮੇ ਦੀ ਬਿਜਾਈ ਲਈ ਸਮੇਂ ਸਿਰ ਪਾਣੀ ਨਹੀਂ ਸੀ ਮਿਲਦਾ।

ਇਹ ਵੀ ਪੜ੍ਹੋ - ਹੈਰਾਨੀਜਨਕ ਖ਼ੁਲਾਸਾ: ਸਦੀ ਦੇ ਅਖੀਰ ਤੱਕ ਦੁਨੀਆ ’ਚ ਅੱਧੇ ਤੋਂ ਵੀ ਘੱਟ ਰਹਿ ਜਾਣਗੇ ਖੇਤ, ਮੰਡਰਾ ਸਕਦੈ ਵੱਡਾ ਖ਼ਤਰਾ

ਜ਼ਿਲ੍ਹੇ ਦੇ ਪਿੰਡ ਦਾਨੇਵਾਲਾ ਦਾ ਕਿਸਾਨ ਸੋਹਨ ਸਿੰਘ ਦਾ ਕਹਿਣਾ ਹੈ ਕਿ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਮਿਲਣੀ ਕਰ ਕੇ ਉਨ੍ਹਾਂ ਤੋਂ ਪੁੱਛਿਆ ਕਿ ਪਾਣੀ ਦੀ ਕਦੋਂ ਜ਼ਰੂਰਤ ਹੈ ਅਤੇ ਫਿਰ ਸਾਡੀ ਮੰਗ 'ਤੇ ਅਪ੍ਰੈਲ ਦੇ ਪਹਿਲੇ ਅੱਧ ਤੋਂ ਨਹਿਰਾਂ ’ਚ ਪਾਣੀ ਛੱਡ ਦਿੱਤਾ ਅਤੇ ਹੁਣ ਸਾਰੀਆਂ ਨਹਿਰਾਂ ’ਚ ਪੂਰਾ ਪਾਣੀ ਦਿੱਤਾ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ਨੂੰ ਇਸ ਇਲਾਕੇ ’ਚ ਲੱਗੇ ਕਿਨੂੰ ਦੇ ਬਾਗਾਂ ਅਤੇ ਨਰਮੇ ਦੀ ਬਿਜਾਈ ਲਈ ਪਾਣੀ ਮਿਲ ਸਕਿਆ। ਇਸੇ ਪਿੰਡ ਦੇ ਨੌਜਵਾਨ ਕਿਸਾਨ ਗੁਰਜੀਤ ਸਿੰਘ ਤੇ ਗੁਰਭੇਜ ਸਿੰਘ ਨੇ ਕਿਹਾ ਕਿ ਅਗੇਤੀ ਬਿਜਾਈ ਨਾਲ ਨਰਮੇ ਦੀ ਭਰਪੂਰ ਫਸਲ ਹੋਣ ਦੀ ਆਸ ਆਮ ਹਾਲਾਤ ਨਾਲੋਂ ਦੁੱਗਣੀ ਹੁੰਦੀ ਹੈ ਅਤੇ ਅਗੇਤੀ ਬਿਜਾਈ ਲਈ ਨਹਿਰੀ ਪਾਣੀ ਮੁੱਖ ਜ਼ਰੂਰਤ ਸੀ।

ਪਿੰਡ ਅੱਚਾੜਿਕੀ ਜੋ ਕਿ ਮਲੂਕਪੁਰਾ ਨਹਿਰ ਦੀ ਬਿਲਕੁਲ ਟੇਲ ’ਤੇ ਰਾਜਸਥਾਨ ਰਾਜ ਦੀ ਹੱਦ ਨਾਲ ਲੱਗਦਾ ਹੈ, ਦੇ ਨਰਮਾ ਉਤਪਾਦਕ ਕਿਸਾਨ ਜਗਜੀਤ ਸਿੰਘ ਨੇ ਨਰਮੇ ਦੀ ਬਿਜਾਈ ਕਰ ਲਈ ਹੈ, ਨੇ ਕਿਹਾ ਕਿ ਚਿੱਟੀ ਮੱਖੀ ਦਾ ਹਮਲਾ ਜੂਨ ਦੇ ਅੱਧ ਵਿਚਕਾਰ ਜਾਂ ਜੁਲਾਈ ਦੇ ਸ਼ੁਰੂ ’ਚ ਹੁੰਦਾ ਹੈ ਅਤੇ ਤਦ ਤੱਕ ਹੁਣ ਦੀ ਬੀਜੀ ਫ਼ਸਲ ਗੋਢੇ-ਗੋਢੇ ਕੱਦ ਕਰ ਜਾਵੇਗੀ, ਜੋ ਚਿੱਟੀ ਮੱਖੀ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੋਵੇਗੀ। ਉਸਦੇ ਅਨੁਸਾਰ ਲੰਬੇ ਸਮੇਂ ਬਾਅਦ ਟੇਲ ਲਗਾਤਾਰ ਪੂਰੀ ਚੱਲ ਰਹੀ ਹੈ। ਉਸਦੇ ਮੁਤਾਬਕ ਜ਼ਿਆਦਾ ਪਾਣੀ ਆਉਣ ਕਾਰਨ ਜਾਂ ਮੀਂਹ-ਝੱਖੜ ਕਾਰਨ ਤਾਂ ਬੇਸ਼ੱਕ ਨਹਿਰ ਇਕ ਵਾਰ ਟੁੱਟ ਗਈ ਪਰ ਸਰਕਾਰ ਨੇ ਆਪਣੇ ਵਲੋਂ ਇਸ ਵਾਰ ਕੋਈ ਬੰਦੀ ਨਹੀਂ ਕੀਤੀ। ਪਿੰਡ ਧਰਾਂਗਵਾਲਾ ਦੇ ਨੌਜਵਾਨ ਪ੍ਰਗਤੀਸ਼ੀਲ ਕਿਸਾਨ ਮਨਜੀਤ ਸਿੰਘ ਜੋ ਇਸ ਵਾਰ ਸਮੇਂ ਸਿਰ ਨਰਮੇ ਦੀ ਬਿਜਾਈ ਕਰ ਸਕਿਆ ਹੈ, ਨੇ ਕਿਹਾ ਕਿ ਫਸਲ ਦੀ ਅਗੇਤ ਬਿਜਾਈ ਦਾ ਤਾਂ ਹਮੇਸ਼ਾ ਹੀ ਲਾਭ ਰਹਿੰਦਾ ਹੈ। ਉਸਦੇ ਅਨੁਸਾਰ ਇਸ ਵਾਰ ਸਰਕਾਰ ਨੇ ਸਮੇਂ ਸਿਰ ਨਰਮੇ ਲਈ ਪਾਣੀ ਦਿੱਤਾ ਹੈ ਤਾਂ ਹੀ ਉਸਨੇ ਇਸ ਵਾਰ ਜ਼ਿਆਦਾ ਜ਼ਮੀਨ 'ਤੇ ਨਰਮਾ ਬੀਜਿਆ ਹੈ ਅਤੇ ਝੋਨੇ ਹੇਠ ਰਕਬਾ ਘਟਿਆ ਹੈ। ਪਿੰਡ ਦੌਲਤਪੁਰਾ ਦੇ ਕਿਸਾਨ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਸਮੇਂ ਸਿਰ ਪਾਣੀ ਦੀ ਸਪਲਾਈ ਹੋਣ ਨਾਲ ਕਿਨੂੰ ਦੇ ਬਾਗਾਂ ਨੂੰ ਬਹੁਤ ਲਾਭ ਹੋਇਆ ਹੈ ਕਿਉਂਕਿ ਪਿੱਛਲੇ ਸਾਲ ਗਰਮੀ ਅਤੇ ਪਾਣੀ ਦੀ ਘਾਟ ਕਾਰਨ ਬਾਗਾਂ ਦਾ ਬਹੁਤ ਨੁਕਸਾਨ ਹੋਇਆ ਸੀ ਅਤੇ ਇਸ ਵਾਰ ਕਿਸਾਨਾਂ ਨੇ ਬਾਗਾਂ ਨੂੰ ਵੀ ਪਾਣੀ ਲਗਾ ਲਿਆ ਅਤੇ ਨਾਲ ਦੀ ਨਾਲ ਨਰਮੇ ਦੀ ਬਿਜਾਈ ਵੀ ਸਮੇਂ ਸਿਰ ਹੋ ਗਈ। ਪਿੰਡ ਡੰਗਰ ਖੇੜਾ ਦੇ ਕਿਸਾਨ ਖਜਾਨ ਚੰਦ ਅਨੁਸਾਰ 15 ਏਕੜ ਨਰਮੇ ਦੀ ਬਿਜਾਈ ਕਰ ਲਈ ਹੈ ਅਤੇ ਕਣਕ ਤੋਂ ਖੇਤ ਖਾਲੀ ਹੁੰਦੇ ਹੀ ਪਾਣੀ ਮਿਲ ਜਾਣ ਨਾਲ ਇਹ ਸੰਭਵ ਹੋਇਆ ਹੈ। ਇਸ ਸਾਲ ਨਰਮੇ ਲਈ ਕਿਸਾਨਾਂ ਨੂੰ ਸਮੇਂ ਸਿਰ ਪਾਣੀ ਮਿਲਣ ਕਾਰਨ ਖੁਸ਼ ਕਿਸਾਨ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰ ਰਹੇ ਹਨ ।

ਨਰਮੇ ਦੀ ਬਿਜਾਈ ਵਿਚ ਫਾਜ਼ਿਲਕਾ ਜ਼ਿਲ੍ਹਾ ਹੈ ਮੋਹਰੀ
ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਪਿੱਛਲੇ ਸਾਲ ਫਾਜ਼ਿਲਕਾ ਜ਼ਿਲ੍ਹੇ ’ਚ 96,000 ਹੈਕਟੇਅਰ ’ਚ ਨਰਮੇ ਦੀ ਬਿਜਾਈ ਕੀਤੀ ਗਈ ਸੀ ਜਦ ਕਿ ਇਸ ਸਾਲ 1,05,000 ਹੈਕਟੇਅਰ ’ਚ ਨਰਮੇ ਦੀ ਬਿਜਾਈ ਦਾ ਟੀਚਾ ਹੈ। ਸਮੇਂ ਸਿਰ ਮਿਲੇ ਪਾਣੀ ਦਾ ਹੀ ਨਤੀਜਾ ਹੈ ਕਿ ਕਿਸਾਨ 78 ਫ਼ੀਸਦੀ ਹਿੱਸੇ ’ਚ ਨਰਮੇਂ ਦੀ ਬਿਜਾਈ ਪੂਰੀ ਕਰ ਚੁੱਕੇ ਹਨ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਹੀ ਟੀਚਾ ਪੂਰਾ ਕਰ ਲਿਆ ਜਾਵੇਗਾ। ਨਰਮੇ ਦੀ ਬਿਜਾਈ ’ਚ ਫਾਜ਼ਿਲਕਾ ਜ਼ਿਲਾ ਇਸ ਸਮੇਂ ਬਾਕੀ ਜ਼ਿਲ੍ਹਿਆਂ ਨਾਲੋਂ ਮੋਹਰੀ ਚੱਲ ਰਿਹਾ ਹੈ। ਇਸ ਤਰ੍ਹਾਂ ਨਰਮੇ ਹੇਠ ਰਕਬਾ ਵੱਧਣ ਨਾਲ ਝੋਨੇ ਹੇਠੋਂ ਰਕਬਾ ਘੱਟਣ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੋਵੇਗੀ। ਇਸ ਸਾਲ ਹੁੱਣ ਤੱਕ ਬਲਾਕ ਅਬੋਹਰ ’ਚ 38704 ਹੈਕਟੇਅਰ, ਬਲਾਕ ਖੂਈਆਂ ਸਰਵਰ ’ਚ 29170 ਹੈਕਟੇਅਰ, ਬਲਾਕ ਫਾਜ਼ਿਲਕਾ ’ਚ 13112 ਹੈਕਟੇਅਰ ਅਤੇ ਬਲਾਕ ਜਲਾਲਾਬਾਦ 748 ਹੈਕਟੇਅਰ ਜਮੀਨ ’ਚ ਨਰਮੇਂ ਦੀ ਬਿਜਾਈ ਹੋ ਚੁੱਕੀ ਹੈ।

ਇਹ ਵੀ ਪੜ੍ਹੋ - ਅਹਿਮ ਖ਼ਬਰ: ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬੰਦ ਰਹੇਗੀ ਬਿਜਲੀ, ਝੱਲਣੀ ਪਵੇਗੀ ਪਰੇਸ਼ਾਨੀ

ਨਰਮੇ ਦੇ ਬੀਜ ’ਤੇ ਸਬਸਿਡੀ ਵੀ ਕਿਸਾਨਾਂ ਲਈ ਸਿੱਧ ਹੋਈ ਫਾਇਦੇਮੰਦ
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਣਕ ਝੋਨੇ ਦੀਆਂ ਬਦਲਵੀਆਂ ਫ਼ਸਲਾਂ ਨੂੰ ਉਤਸਾਹਿਤ ਕਰਨ ਲਈ ਅਪਨਾਈ ਜਾ ਰਹੀ ਨੀਤੀ ਤਹਿਤ ਸੂਬਾ ਸਰਕਾਰ ਨੇ ਨਰਮੇ ਦੇ ਬੀਟੀ ਬੀਜਾਂ ਤੇ 33 ਫ਼ੀਸਦੀ ਦੀ ਸਬਸਿਡੀ ਦਿੱਤੀ ਹੈ। ਜ਼ਿਲ੍ਹੇ ਦੇ ਪਿੰਡ ਸ਼ੇਰਗੜ੍ਹ ਦੇ ਟੀਕੂ ਰਾਮ ਅਨੁਸਾਰ ਬੀਟੀ ਬੀਜ ਬਹੁਤ ਮਹਿੰਗੇ ਸਨ ਅਤੇ ਨਰਮੇ ਦੀ ਫ਼ਸਲ ਦੀ ਲਾਗਤ ਦਾ ਇਕ ਕਾਫੀ ਹਿੱਸਾ ਬੀਜ ਤੇ ਹੀ ਖਰਚ ਹੋ ਜਾਂਦਾ ਸੀ ਪਰ ਸਰਕਾਰ ਨੇ ਪਾਰਦਰਸ਼ੀ ਤਰੀਕੇ ਨਾਲ ਆਨਲਾਈਨ ਪੋਰਟਲ ’ਤੇ ਅਰਜ਼ੀਆਂ ਲੈ ਕੇ ਸਬਸਿਡੀ ਦੇਣ ਦੇ ਕੀਤੇ ਐਲਾਨ ਨਾਲ ਨਰਮਾ ਉਤਪਾਦਕਾਂ ਨੂੰ ਵੱਡੀ ਰਾਹਤ ਮਿਲੇਗੀ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਜੰਗੀਰ ਸਿੰਘ ਨੇ ਕਿਹਾ ਕਿ ਕਿਸਾਨ https://agrimachinerypb.com ਪੋਰਟਲ ’ਤੇ ਆਨਲਾਈਨ ਸਬਸਿਡੀ ਲਈ ਅਪਲਾਈ ਕਰ ਰਹੇ ਹਨ। ਇਸ ਲਈ ਸਰਕਾਰ ਨੇ ਆਖਰੀ ਮਿਤੀ ਵੀ 15 ਮਈ ਤੋਂ ਵਧਾ ਕੇ 31 ਮਈ ਕਰ ਦਿੱਤੀ ਹੈ।

ਨਰਮੇ ਦੀ ਫ਼ਸਲ ਪੈਦਾ ਕਰਦੀ ਹੈ ਸਭ ਤੋਂ ਵੱਧ ਰੋਜ਼ਗਾਰ ਦੇ ਮੌਕੇ
ਨਰਮੇ ਦੀ ਫ਼ਸਲ ਜਿੱਥੇ ਕਿਸਾਨਾਂ ਲਈ ਲਾਭਕਾਰੀ ਸਿੱਧ ਹੁੰਦੀ ਹੈ ਉਥੇ ਹੀ ਇਸ ਨਾਲ ਸਥਾਨਕ ਰੂੰ ਫੈਕਟਰੀਆਂ ਰਾਹੀਂ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲਣ ਦੇ ਨਾਲ-ਨਾਲ ਖੇਤ ਮਜ਼ਦੂਰਾਂ ਲਈ ਵੀ ਰੋਜ਼ਗਾਰ ਦੇ ਸਭ ਤੋਂ ਵੱਧ ਮੌਕੇ ਪੈਦਾ ਕਰਦੀ ਹੈ। ਨਰਮੇ ’ਚ ਹੱਥ ਨਾਲ ਨਦੀਨ ਕੱਢਣੇ ਅਤੇ ਚੁਗਾਈ ਵਰਗੇ ਕੰਮ ਪੂਰੀ ਤਰਾਂ ਨਾਲ ਹੱਥ ਨਾਲ ਕੀਤੇ ਜਾਣ ਵਾਲੇ ਕੰਮ ਹਨ, ਜਿਸ ਨਾਲ ਵੱਡੀ ਮਾਤਰਾ ’ਚ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Anuradha

Content Editor

Related News