ਘੱਗਰ ਦਰਿਆ ਦੇ ਖਰਾਬੇ ਤੋਂ ਬਚਾਉਣ ਲਈ ਪੰਜਾਬ ਸਰਕਾਰ ਪੱਕਾ ਹੱਲ ਕੱਢੇ : ਪ੍ਰੋ. ਚੰਦੂਮਾਜਰਾ
Friday, Jul 26, 2019 - 04:38 PM (IST)

ਜਲੰਧਰ (ਚਾਵਲਾ) : ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਘੱਗਰ ਦਰਿਆ ਅਤੇ ਸਵਾਂ ਨਦੀ 'ਚ ਹੜ੍ਹਾਂ ਦਾ ਪਾਣੀ ਆਉਣ ਨਾਲ ਹਜ਼ਾਰਾਂ ਏਕੜ ਫ਼ਸਲ ਹਰ ਸਾਲ ਤਬਾਹ ਹੋਣ ਕਾਰਣ ਹੁੰਦੇ ਕਰੋੜਾਂ ਰੁਪਏ ਦੇ ਮਾਲੀ ਅਤੇ ਜਾਨੀ ਨੁਕਸਾਨ 'ਤੇ ਚਿੰਤਾ ਪ੍ਰਗਟਾਉਂਦਿਆਂ ਇਸ ਦਾ ਸਦੀਵੀ ਹੱਲ ਕੱਢੇ ਜਾਣ ਦੀ ਮੰਗ ਕੀਤੀ ਹੈ। ਇਕ ਬਿਆਨ 'ਚ ਪੰਜਾਬ ਸਰਕਾਰ ਵੱਲੋਂ ਇਸ ਹੜ੍ਹ ਮਾਰੂ ਤਬਾਹੀ ਦੀ ਰੋਕਥਾਮ ਲਈ ਵਰਤੀ ਜਾ ਰਹੀ ਕੋਤਾਹੀ ਦੀ ਜੰਮ ਕੇ ਆਲੋਚਨਾ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਉਹ ਨਾ ਸਿਰਫ ਆਪ ਸਗੋਂ ਸਮਾਜਸੇਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਪੀੜਤ ਲੋਕਾਂ ਦੀ ਸਹਾਇਤਾ ਕਰੇ।
ਉਨ੍ਹਾਂ ਕਿਹਾ ਕਿ ਘੱਗਰ ਅਤੇ ਸਵਾਂ ਨਦੀ ਦੀ ਤਬਾਹੀ ਤੋਂ ਬਚਾਉਣ ਲਈ ਸਥਾਈ ਹੱਲ ਲੱਭੇ ਜਾਣ।
ਇਸ ਸਬੰਧੀ ਜਲ ਸ਼ਕਤੀ ਮੰਤਰੀ ਸ਼੍ਰੀ ਸ਼ੇਖਾਵਤ ਨੂੰ ਮਿਲ ਕੇ ਸੰਕਟ ਤੋਂ ਜਾਣੂ ਕਰਵਾਇਆ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਸੇ ਤਰ੍ਹਾਂ ਪਠਾਨਕੋਟ ਤੋਂ ਮੁਹਾਲੀ ਤੱਕ ਲੱਗੇ ਚੈੱਕ ਡੈਮਾਂ ਵਿਚੋਂ ਸਿਲਟ ਕੱਢਣ, ਸਵਾਂ ਨਦੀ ਨੂੰ ਚੈਨਲਾਈਜ਼ ਕਰਨ ਦੇ ਪ੍ਰਾਜੈਕਟਾਂ 'ਤੇ ਵੀ ਅਮਲ ਕਰਨ ਦੀ ਮੰਗ ਕੀਤੀ ਜਾਵੇਗੀ। ਸ਼ਾਹਪੁਰ ਕੰਡੀ ਡੈਮ ਅਤੇ ਨੰਗਲ ਡੈਮ ਤੋਂ ਦਸਮੇਸ਼ ਨਹਿਰ ਕੱਢਣ ਦੀ ਤਜਵੀਜ਼ ਵੀ ਰੱਖੀ ਜਾਵੇਗੀ।