ਰਿਟਾ. ਇੰਸਪੈਕਟਰ ਦੇ ਪੋਤੇ ਨਾਲ ਵਿਦੇਸ਼ ਭੇਜਣ ਦੇ ਨਾਂ ''ਤੇ ਮਾਰੀ ਠੱਗੀ

Monday, Dec 04, 2017 - 02:26 AM (IST)

ਰਿਟਾ. ਇੰਸਪੈਕਟਰ ਦੇ ਪੋਤੇ ਨਾਲ ਵਿਦੇਸ਼ ਭੇਜਣ ਦੇ ਨਾਂ ''ਤੇ ਮਾਰੀ ਠੱਗੀ

ਮੋਗਾ,   (ਆਜ਼ਾਦ)-  ਜ਼ਿਲੇ ਦੇ ਪਿੰਡ ਮਸੀਤਾਂ ਨਿਵਾਸੀ ਰਿਟਾਇਰਡ ਪੁਲਸ ਇੰਸਪੈਕਟਰ ਦਰਸ਼ਨ ਸਿੰਘ ਦੇ ਪੋਤਰੇ ਨੂੰ ਟਰੈਵਲ ਏਜੰਟ ਵੱਲੋਂ ਸਟੱਡੀ ਬੇਸ 'ਤੇ ਪੋਲੈਂਡ ਭੇਜਣ ਦਾ ਝਾਂਸਾ ਦੇ ਕੇ 1 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦੇ ਪੋਤਰੇ ਪ੍ਰੇਮਜੋਤ ਸਿੰਘ ਨਿਵਾਸੀ ਫਰੈਂਡਜ਼ ਕਾਲੋਨੀ ਮੋਗਾ ਨੇ ਆਈਲੈਟਸ ਕੀਤੀ ਸੀ ਅਤੇ ਉਹ ਪੜ੍ਹਾਈ ਤੇ ਕੰਮਕਾਜ ਲਈ ਵਿਦੇਸ਼ ਜਾਣਾ ਚਾਹੁੰਦਾ ਸੀ। ਉਸ ਦੀ ਇੰਟਰਨੈੱਟ ਰਾਹੀਂ ਪ੍ਰੀਤ ਸੇਖੋਂ ਮੈਸਰਜ਼ ਸੇਵਨਸੀਜ਼ ਕੰਸਲਟੈਂਟ ਮਾਡਲ ਟਾਊਨ, ਲੁਧਿਆਣਾ ਨਾਲ ਗੱਲਬਾਤ ਹੋਈ। ਉਸ ਨੇ ਕਿਹਾ ਕਿ ਪੋਲੈਂਡ ਜਾਣ ਲਈ 10 ਲੱਖ ਰੁਪਏ ਖਰਚਾ ਆਵੇਗਾ। 
ਅਪ੍ਰੈਲ 2016 'ਚ ਉਕਤ ਟਰੈਵਲ ਏਜੰਟ ਨੂੰ ਜੋ ਆਪਣੇ ਇਕ ਸਾਥੀ ਨਾਲ ਮੋਗਾ ਆਇਆ ਸੀ, ਇਕ ਲੱਖ ਰੁਪਏ ਨਕਦ ਤੋਂ ਇਲਾਵਾ ਆਪਣੇ ਪੋਤਰੇ ਦੇ ਸਾਰੇ ਦਸਤਾਵੇਜ਼ ਤੇ ਪਾਸਪੋਰਟ ਦੀਆਂ ਕਾਪੀਆਂ ਦੇ ਦਿੱਤੀਆਂ ਤੇ ਬਾਕੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣ ਦੀ ਗੱਲ ਹੋਈ। ਉਕਤ ਟਰੈਵਲ ਏਜੰਟ ਨੇ ਭਰੋਸਾ ਦਿੱਤਾ ਕਿ ਤੁਹਾਡਾ ਜਲਦ ਵੀਜ਼ਾ ਲੱਗ ਕੇ ਆ ਜਾਵੇਗਾ ਪਰ ਇਸ ਤੋਂ ਬਾਅਦ ਟਰੈਵਲ ਏਜੰਟ ਟਾਲ-ਮਟੋਲ ਕਰਨ ਲੱਗ ਪਿਆ, ਅਸੀਂ ਉਸ ਕੋਲ ਕਈ ਵਾਰ ਲੁਧਿਆਣਾ ਗਏ ਪਰ ਉਸ ਨੇ ਪੈਸੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਉਸ ਨੇ ਨਾ ਤਾਂ ਮੇਰੇ ਪੋਤਰੇ ਦਾ ਵੀਜ਼ਾ ਲਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਤਰ੍ਹਾਂ ਉਸ ਨੇ ਸਾਡੇ ਨਾਲ ਠੱਗੀ ਮਾਰੀ ਹੈ। 
ਜ਼ਿਲਾ ਪੁਲਸ ਮੁਖੀ ਮੋਗਾ ਦੇ ਹੁਕਮ 'ਤੇ ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਸਿਟੀ ਮੋਗਾ ਵੱਲੋਂ ਕੀਤੀ ਗਈ। ਜਾਂਚ ਸਮੇਂ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਥਾਣਾ ਸਿਟੀ ਮੋਗਾ 'ਚ ਦੋਸ਼ੀ ਟਰੈਵਲ ਏਜੰਟ ਪ੍ਰੀਤ ਸੇਖੋਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣਾ ਸਿਟੀ ਮੋਗਾ ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਪਰ ਉਹ ਕਾਬੂ ਨਹੀਂ ਆ ਸਕੇ।


Related News