ਓਵਰਫਲੋਅ ਹੋਈਆਂ ਹਲਕੇ ਦੀਆਂ ਡਰੇਨਾਂ, ਮੰਡਰਾਉਣ ਲੱਗਾ ਹਡ਼੍ਹ ਦਾ ਖਤਰਾ

Saturday, Jul 21, 2018 - 08:23 AM (IST)

ਓਵਰਫਲੋਅ ਹੋਈਆਂ ਹਲਕੇ ਦੀਆਂ ਡਰੇਨਾਂ, ਮੰਡਰਾਉਣ ਲੱਗਾ ਹਡ਼੍ਹ ਦਾ ਖਤਰਾ

 ਨਿਹਾਲ ਸਿੰਘ ਵਾਲਾ, ਬਿਲਾਸਪੁਰ (ਬਾਵਾ) - ਪਿਛਲੇ ਦੋ ਦਿਨ ਤੋਂ ਰੁਕ-ਰੁਕ ਕੇ ਹੋਈ ਭਾਰੀ ਬਾਰਿਸ਼ ਕਾਰਨ ਹਲਕੇ ਅੰਦਰੋਂ ਲੰਘਦੀਆਂ ਦੋ ਡਰੇਨਾਂ ਓਵਰਫਲੋਅ ਹੋ ਗਈਆਂ ਹਨ। ਮੋਗਾ-ਬਰਨਾਲਾ ਮੁੱਖ ਰਾਸ਼ਟਰੀ ਮਾਰਗ ’ਤੇ ਪਿੰਡ ਹਿੰਮਤਪੁਰਾ ਦੇ ਡਰੇਨ ਦਾ ਆਰਜੀ ਪੁਲ ਪਾਣੀ ਦੀ ਮਾਰ ਤੋਂ ਬਚ ਨਹੀਂ ਸਕਿਆ ਅਤੇ ਤੇਜ ਰਫਤਾਰ ਪਾਣੀ ਦੇ ਬਹਾਅ ’ਚ ਰੁਡ਼ ਗਿਆ। ਜ਼ਿਕਰਯੋਗ ਹੈ ਕਿ ਮੋਗਾ-ਬਰਨਾਲਾ ਰਾਸ਼ਟਰੀ ਮਾਰਗ ਨੂੰ ਫੋਰਲਾਇਨ ਕਰਨ ਦੌਰਾਨ ਪਿੰਡ ਹਿੰਮਤਪੁਰਾ ਵਿਖੇ ਡਰੇਨ ਦੇ ਪੁਲ ਦੀ ਉਸਾਰੀ ਕੀਤੀ ਗਈ ਹੈ ਅਤੇ ਇਸ ਜਗ੍ਹਾਂ ’ਤੇ ਆਰਜੀ ਪੁਲ ਬਣਾਇਆ ਗਿਆ ਸੀ। ਪਾਣੀ ਦੇ ਬਹਾਅ ਕਾਰਨ ਵਿਭਾਗ ਵੱਲੋਂ ਨਵੇਂ ਬਣਾਏ ਜਾ ਰਹੇ ਪੁਲ ਦਾ ਮਟੀਰੀਅਲ, ਜਨਰੇਟਰ ਆਦਿ ਵੀ ਪਾਣੀ ’ਚ ਡੁੱਬ ਗਏ, ਜਿਸ ਕਾਰਨ ਰਾਸ਼ਟਰੀ ਮਾਰਗ ਦੀ ਅਾਵਾਜਾਈ ਵੀ 6 ਕਿਲੋਮੀਟਰ ਪਾਸੇ ਲਿੰਕ ਰੋਡ ਵੱਲ ਦੀ  ਤਬਦੀਲ ਕਰਨੀ ਪਈ। ਡਰੇਨ ਦੇ ਇਸ ਓਵਰਫਲੋਅ ਕਾਰਨ ਪਿੰਡ ਹਿੰਮਤਪੁਰਾ ਦੇ ਕਈ ਕਿਸਾਨਾਂ ਦੀ ਫਸਲ ਵੀ ਪਾਣੀ ’ਚ ਡੁੱਬ ਗਈ।
 ਸਾਲ 2007 ’ਚ ਪਏ ਭਾਰੀ ਮੀਂਹ ਤੋਂ ਬਾਅਦ ਡਰੇਨਾਂ ਦੀ ਸਫਾਈ ਨਹੀਂ ਹੋਈ,  ਜਿਸ ਕਾਰਨ ਇਸ ਵਾਰ ਵੱਧ ਬਾਰਿਸ਼  ਹੋਣ ਦੇ ਅਨੁਮਾਨ ਕਾਰਨ ਲੋਕਾਂ ਨੂੰ ਇਕ ਵਾਰ ਮੁਡ਼ ਹਡ਼ਾਂ ਦਾ ਡਰ ਸਤਾਉਣ ਲੱਗਾ ਹੈ।  
 ਹਲਕੇ ਅੰਦਰ ਦੀ ਪੰਜਾਬ ਦੀਆਂ  ਦੋ ਪ੍ਰਮੁੱਖ ਡਰੇਨਾਂ ‘ਚੰਦ ਭਾਨ’ ਅਤੇ ‘ਜਵਾਹਰ ਸਿੰਘ ਵਾਲਾ-ਪੱਤੋ’ ਜਾਂਦੀਆਂ ਹਨ, ਜਿਨ੍ਹਾਂ ਦੀ  ਪਿਛਲੇ ਲੰਬੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਇਸ ਹਲਕੇ ਦੇ ਕਈ ਪਿੰਡ ਪਹਿਲਾ ਵੀ ਬਾਰਿਸ਼ਾਂ ਦੇ ਮੌਸਮ ’ਚ ਹੋਈ ਤਬਾਹੀ ਆਪਣੇ ਪਿੰਡੇ ’ਤੇ ਹੰਢਾ ਚੁੱਕੇ ਹਨ, ਜਿਸ ਕਾਰਨ ਬਣੀ ਹਡ਼ਾਂ ਵਰਗੀ ਸਥਿਤੀ  ਨਾਲ ਲੋਕਾਂ ਨੂੰ ਭਾਰੀ ਆਰਥਿਕ ਨੁਕਸਾਨ ਵੀ ਉਠਾਉਣਾ ਪਿਆ ਸੀ , ਪਿਛਲੇ ਲੰਮੇ ਸਮੇਂ ਤੋਂ ਉਕਤ ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਬਰਸਾਤੀ ਦਿਨਾਂ ’ਚ ਇਹ ਡਰੇਨਾਂ ਓਵਰ ਫਲੋਅ ਹੋ ਕੇ ਫਸਲਾਂ ਦਾ ਨੁਕਸਾਨ ਕਰਦੀਆਂ ਆ ਰਹੀਆਂ ਹਨ।  
 ਪਿਛਲੇ ਸਾਲ ਡੁੱਬੇ ਸਨ ਅਨੇਕਾ ਪਿੰਡ- ਪਿਛਲੇ ਸਾਲ ਝੋਨੇ ਦੇ ਸੀਜ਼ਨ ਦੌਰਾਨ ਹੋਈ ਭਾਰੀ ਬਾਰਿਸ਼ ਕਾਰਨ ਡਰੇਨ ਦੀ  ਸਫਾਈ ਨਾ ਹੋਣ ਕਾਰਨ ਡਰੇਨ ਦਾ ਪਾਣੀ ਓਵਰਫਲੋਅ ਹੋਣ ਕਾਰਨ ਪਿੰਡ ਪੱਤੋ ਹੀਰਾ ਸਿੰਘ, ਰਾਊਕੇ, ਬੀਡ਼ ਰਾਊਕੇ, ਪੱਖਰਵੱਢ, ਜਵਾਹਰ ਸਿੰਘ ਵਾਲਾ,  ਸਮਾਧ ਭਾਈ, ਲੋਪੋਂ, ਮੱਲੇਆਣਾ ਆਦਿ ਦੀ ਹਜ਼ਾਰਾਂ ਏਕਡ਼ ਝੋਨੇ ਦੀ ਫਸਲ ਬਰਬਾਦ ਹੋ ਗਈ ਸੀ ਅਤੇ ਪਿੰਡਾਂ ’ਚ ਹਡ਼ਾ ਵਰਗੇ ਹਲਾਤ ਪੈਦਾ ਹੋ ਗਏ ਸਨ।
 ‘ਜਗ ਬਾਣੀ’ ਨੇ 9 ਦਿਨ ਪਹਿਲਾ ਇਸ ਸਬੰਧੀ ਇਕ ਰਿਪੋਰਟ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਕੇ ‘ਡਰੇਨਾਂ ਦੀ ਸਫਾਈ ਨਾ ਹੋਣ ’ਤੇ ਵੱਡਾ ਨੁਕਸਾਨ ਹੋਣ ਦਾ ਖਦਸਾ’ ਪ੍ਰਗਟ ਕਰਦਿਆਂ ਜ਼ਿਲਾ ਪ੍ਰਸ਼ਾਸਨ ਦੇ ਧਿਆਨ ’ਚ ਇਹ ਮੁੱਦਾ ਲਿਆਦਾ ਸੀ  ਪਰ ਡਿਪਟੀ ਕਮਿਸ਼ਨਰ ਮੋਗਾ ਅਤੇ ਐੱਸ. ਡੀ. ਐੱਮ. ਨਿਹਾਲ ਸਿੰਘ ਵਾਲਾ ਵੱਲੋਂ ਕੱਲ ਕੀਤੇ ਹਲਕੇ ਦੇ ਦੌਰੇ ਦੌਰਾਨ ਉਨ੍ਹਾਂ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ , ਜਿਸ ਕਾਰਨ ਹਲਕੇ ਦੇ ਲੋਕਾਂ ਨੂੰ ਮੁਡ਼ ਫਿਰ ਹਡ਼ਾਂ ਦਾ ਡਰ ਸਤਾਉਣ ਲੱਗਾ ਹੈ।

 


Related News