ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾਉਣ ਕਾਰਨ ਲੋਕਾਂ ’ਚ ਹਾਹਾਕਾਰ ਮੱਚੀ : ਭੋਮਾ

Sunday, Jun 28, 2020 - 02:31 AM (IST)

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾਉਣ ਕਾਰਨ ਲੋਕਾਂ ’ਚ ਹਾਹਾਕਾਰ ਮੱਚੀ : ਭੋਮਾ

ਅੰਮ੍ਰਿਤਸਰ, (ਵਾਲੀਆ)- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਅਕਾਲੀ ਆਗੂ ਮਨਜੀਤ ਸਿੰਘ ਭੋਮਾ ਮੁੱਖ ਸਲਾਹਕਾਰ ਤੇ ਸੀਨੀਅਰ ਅਕਾਲੀ ਨੇਤਾ ਸਰਬਜੀਤ ਸਿੰਘ ਜੰਮੂ, ਅਕਾਲੀ ਆਗੂ ਬਲਵਿੰਦਰ ਸਿੰਘ ਖੋਜਕੀਪੁਰ, ਕੁਲਦੀਪ ਸਿੰਘ ਪ੍ਰਧਾਨ ਮਜੀਠੀਆ, ਹਰਸਰਨ ਸਿੰਘ ਭਾਤਪੁਰ ਜੱਟਾਂ ਤੇ ਗੁਰਚਰਨ ਸਿੰਘ ਬਸਿਆਲਾ ਨੇ ਕੇਂਦਰ ਸਰਕਾਰ ਨੂੰ ਲੰਮੇ ਹਥੀਂ ਲੈਂਦਿਆਂ ਕਿਹਾ ਕਿ ਅੰਤਰਰਾਸ਼ਟਰੀ ਮੰਡੀ ਵਿਚ ਕੱਚੇ ਤੇਲ ਦੀਆਂ ਸਸਤੀਆਂ ਕੀਮਤਾਂ ਦੇ ਬਾਵਜੂਦ ਦੇਸ਼ ਅੰਦਰ ਪੈਟਰੋਲ ਤੇ ਡੀਜ਼ਲ ’ਤੇ ਮਣਾਂ ਮੂੰਹੀਂ ਟੈਕਸ ਲਾ ਕੇ ਪਹਾੜ ਜਿੰਨੀਆਂ ਉੱਚੀਆਂ ਕੀਮਤਾਂ ਕਰ ਕੇ ਲੋਕਾਂ ਨੂੰ ਕੇਂਦਰ ਸਰਕਾਰ ਨੇ ਆਪਣੇ ਆਦਮਖੋਰ ਹੋਣ ਦਾ ਸਬੂਤ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਆੜ ਵਿਚ ਲੋਕਾਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਨੇ ਜੋ ਡਿਜ਼ਾਸਟਰ ਮੈਨੇਜਮੈਂਟ ਐਕਟ ਲਾਗੂ ਕਰਕੇ ਅਸੀਮ ਤਾਕਤ ਹਾਸਲ ਕੀਤੀ ਹੈ, ਹੁਣ ਉਹ ਲੋਕਾਂ ਦਾ ਗਲਾ ਘੁੱਟਣ ਲਈ ਇਸਤੇਮਾਲ ਕੀਤੀ ਜਾ ਰਹੀ ਹੈ।

ਇਨ੍ਹਾਂ ਆਗੂਆਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੇ 130 ਕਰੋੜ ਲੋਕ ਇਸ ਵੇਲੇ ਕੋਰੋਨਾ ਮਹਾਮਾਰੀ ਦੇ ਚਲਦਿਆਂ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਆਰਥਕ ਤੌਰ ’ਤੇ ਇੰਨੀ ਮੰਦਹਾਲੀ ਵਿਚ ਹਨ ਕਿ ਪੈਟਰੋਲ-ਡੀਜ਼ਲ ’ਤੇ ਲਾਏ ਭਾਰੀ ਟੈਕਸ ਦੇਣ ਤੋਂ ਅਸਮਰਥ ਹਨ ਅਤੇ ਦੂਸਰਾ ਦੇਸ਼ ਨੂੰ ਇਕ ਟੈਕਸ ਪ੍ਰਣਾਲੀ ਵਿਚ ਲਿਆਉਣ ਲਈ ਜੀ. ਐੱਸ. ਟੀ. ਪ੍ਰਣਾਲੀ ਕੇਂਦਰ ਸਰਕਾਰ ਨੇ ਲਾਗੂ ਕੀਤੀ ਹੈ ਪਰ ਲੋਕਾਂ ਨੂੰ ਮਨਮਰਜੀ ਨਾਲ ਲੁੱਟਣ ਲਈ ਪੈਟਰੋਲੀਅਮ ਵਸਤਾਂ ਨੂੰ ਇਸ ਤੋਂ ਬਾਹਰ ਰਖਿਆ ਗਿਆ ਹੈ, ਦਾ ਉਹ ਨੋਟਿਸ ਲੈਣ। ਇਸ ਲਈ ਸਪੈਸ਼ਲ ਵੱਡੇ ਬੈਂਚ ਦਾ ਗਠਨ ਕਰਨ ਤਾਂ ਜੋ ਲੋਕ ਰਾਹਤ ਮਹਿਸੂਸ ਕਰ ਸਕਣ।


author

Bharat Thapa

Content Editor

Related News