ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਖੇਤੀ ਸੈਕਟਰ ਦਾ ਕੱਢ ਦੇਵੇਗਾ ਕਚੂੰਮਰ: ਰਾਜੇਵਾਲ
Thursday, May 07, 2020 - 07:30 PM (IST)
ਸਮਰਾਲਾ, (ਗਰਗ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਸੂਬਾ ਸਰਕਾਰ ਤੋਂ ਬਾਅਦ ਕੇਂਦਰ ਵੱਲੋਂ ਵੀ ਡੀਜ਼ਲ ’ਤੇ ਐਕਸਾਈਜ਼ ਡਿਊਟੀ ਅਤੇ ਵੈਟ ’ਚ ਕੀਤੇ ਰਿਕਾਰਡ ਵਾਧੇ ’ਤੇ ਤਿੱਖਾ ਪ੍ਰਤੀਕ੍ਰਮ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਵਾਧੇ ਨਾਲ ਕਿਸਾਨਾਂ ’ਤੇ ਸਾਲਾਨਾ 22 ਹਜ਼ਾਰ ਕਰੋੜ ਰੁਪਏ ਦਾ ਵਾਧੂ ਬੋਝ ਪੈ ਗਿਆ ਹੈ, ਜਿਸ ਨਾਲ ਦੇਸ਼ ਦਾ ਖੇਤੀ ਸੈਕਟਰ ਡੂੰਘੇ ਆਰਥਿਕ ਸੰਕਟ ਵਿੱਚ ਘਿਰ ਕੇ ਤਬਾਹ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਡੀਜ਼ਲ ਦੀ ਕੁੱਲ ਖਪਤ ਦਾ 13 ਫੀਸਦੀ ਹਿੱਸਾ ਕਿਸਾਨ ਖਪਤ ਕਰਦੇ ਹਨ ਅਤੇ ਇਸ ਵਾਧੇ ਨਾਲ ਪਹਿਲਾਂ ਪੰਜਾਬ ਸਰਕਾਰ ਵਲੋਂ ਡੀਜ਼ਲ ’ਤੇ ਵੈਟ ਵਧਾ ਕੇ 36 ਫੀਸਦੀ ਕੀਤੇ ਜਾਣ ਨਾਲ ਇਕੱਲੇ ਪੰਜਾਬ ਦੇ ਕਿਸਾਨਾਂ ’ਤੇ 2500 ਕਰੋੜ ਦਾ ਬੋਝ ਪੈ ਗਿਆ ਸੀ ਅਤੇ ਹੁਣ ਮੋਦੀ ਸਰਕਾਰ ਨੇ ਵੀ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਕਰਕੇ ਆਪਣੀ ਆਮਦਨ ’ਚ ਤਾਂ 1 ਲੱਖ 70 ਹਜ਼ਾਰ ਕਰੋੜ ਦਾ ਵਾਧਾ ਕਰ ਲਿਆ ਪਰ ਕਿਸਾਨਾਂ ਨੂੰ ਪੂਰੀ ਤਰ੍ਹਾਂ ਡੋਬ ਦਿੱਤਾ ਹੈ।ਰਾਜੇਵਾਲ ਨੇ ਕਿਹਾ ਕਿ ਲਾਕਡਾਊਨ ਦੌਰਾਨ ਹੁਣ ਤਕ ਤਾਂ ਸਰਕਾਰ ਨੇ ਪੋਲਟਰੀ , ਡੇਅਰੀ ਅਤੇ ਸਬਜ਼ੀ ਕਾਸ਼ਤਕਾਰਾਂ ਦਾ ਹੀ ਕਚੂੰਮਰ ਕੱਢਿਆ ਸੀ ਪਰ ਡੀਜ਼ਲ ਤੇ ਪੈਟਰੋਲ ਦੀਆਂ ਵਧਾਈਆਂ ਕੀਮਤਾਂ ਨਾਲ ਸਮੁੱਚੀ ਖੇਤੀ ਨੂੰ ਬਰਬਾਦ ਕਰਨ ਵਾਲਾ ਬਹੁਤ ਕੋਝਾ ਕਦਮ ਚੁੱਕਿਆ ਗਿਆ ਹੈ।
ਉਨ੍ਹਾਂ ਪੰਜਾਬ ਸਰਕਾਰ ਦੇ ਕਣਕ ਖਰੀਦ ਪ੍ਰਬੰਧਾਂ ਦੀ ਵੀ ਨਿੰਦਾ ਕਰਦੇ ਹੋਏ ਕਿਹਾ ਕਿ ਸਰਕਾਰ ਖਰੀਦ ਦੇ ਕੰਮ ਵਿੱਚ ਬੁਰੀ ਤਰ੍ਹਾਂ ਫੇਲ ਹੋ ਗਈ ਹੈ। ਮੰਡੀਆਂ ਵਿੱਚ ਨਾ ਹੀ ਬਾਰਦਾਨਾ ਹੈ ਅਤੇ ਨਾ ਹੀ ਜਾਣਬੁੱਝ ਕੇ ਲਿਫਟਿੰਗ ਹੀ ਕੀਤੀ ਜਾ ਰਹੀ ਹੈ। ਝੋਨੇ ਦੀ ਲਵਾਈ ਸਿਰ ’ਤੇ ਆ ਗਈ ਹੈ ਪਰ ਪੰਜਾਬ ਵਿੱਚੋਂ ਮਜ਼ਦੂਰ ਵਾਪਸ ਜਾ ਰਹੇ ਹਨ, ਸਿੱਧੀ ਬਿਜਾਈ ਲਈ ਕਿਸਾਨਾਂ ਕੋਲ ਮਸ਼ੀਨਰੀ ਦੀ ਘਾਟ ਹੈ। ਸਰਕਾਰ ਦਾ ਮਸ਼ੀਨਰੀ ’ਤੇ ਸਬਸਿਡੀ ਦੇਣਾ ਇਕ ਵੱਡਾ ਡਰਾਮਾ ਹੈ, ਕਿਉਂਕਿ ਹਾਲੇ ਤੱਕ ਪਿਛਲੇ ਸਾਲ ਦੀ ਸਬਸਿਡੀ ਵੀ ਸਰਕਾਰ ਜਾਰੀ ਨਹੀਂ ਕਰ ਸਕੀ।