ਪੱਕੀ ਹੋਈ ਕਣਕ ਨੂੰ ਅੱਗ ਤੋਂ ਬਚਾਉਣ ਦੇ ਅਗੇਤੇ ਪ੍ਰਬੰਧ ਜ਼ਰੂਰੀ

Monday, Apr 27, 2020 - 10:28 AM (IST)

ਪੱਕੀ ਹੋਈ ਕਣਕ ਨੂੰ ਅੱਗ ਤੋਂ ਬਚਾਉਣ ਦੇ ਅਗੇਤੇ ਪ੍ਰਬੰਧ ਜ਼ਰੂਰੀ

ਬ੍ਰਿਸ ਭਾਨ ਬੁਜਰਕ 
ਕਾਹਨਗੜ ਰੋਡ ਪਾਤੜਾ ਪਟਿਆਲਾ 
ਮੋ-9876101698  

ਚਾਲੂ ਹਾੜ੍ਹੀ ਦੇ ਸੀਜਨ ਦੌਰਾਨ ਵਰਸ ਰਹੇ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਕਣਕ ਦੀ ਵਾਢੀ ਕਰਨ ਅਤੇ ਸਾਂਭ-ਸੰਭਾਲ ਲਈ ਨਵੀਆਂ ਮੁਸ਼ਕਲਾਂ ਪੈਦਾ ਹੋਣੀਆਂ ਕੁਦਰਤੀ ਹੈ। ਕਿਉਂਕਿ ਪੰਜਾਬ ਤੋਂ ਬਾਹਰਲੇ ਰਾਜਾਂ ਵਿਚੋਂ ਆਉਣ ਵਾਲੇ ਮਜਦੂਰਾਂ ਦੀ ਘਾਟ ਦੇ ਨਾਲ ਹੀ ਕਿਸਾਨਾਂ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਹੈ। ਜਿਸ ਕਰਕੇ ਇਸ ਵਾਰ ਆਮ ਸੀਜਨ ਨਾਲੋਂ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ, ਕਿਉਂਕਿ ਹਰ ਸਾਲ ਅਪ੍ਰੈਲ ਦਾ ਮਹੀਨਾ ਸ਼ੁਰੂ ਹੁੰਦੇ ਹੀ ਵਿਸਾਖੀ ਤੋਂ ਪਹਿਲਾ ਰੌਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਕਿ ਖੇਤ ਵਿਚ ਖੜੀ ਕਣਕ ਨੂੰ ਅੱਗ ਲੱਗ ਗਈ। ਕਿਸਾਨਾਂ ਦੇ ਲੱਖਾ ਰੁਪਏ ਸੜ ਕੇ ਸਵਾਹ ਹੋ ਗਏ। ਕਣਕ ਦੇ ਸੀਜਨ ਦੌਰਾਨ ਅਨਾਜ ਨੂੰ ਅੱਗ ਲੱਗਣ ਦੀ ਇੱਕਾ-ਦੁੱਕਾ ਨਹੀਂ ਸਗੋਂ ਸੈਂਕੜੇ ਘਟਨਾਵਾਂ ਵਾਪਰਦੀਆਂ ਹਨ। ਪੰਜਾਬ ਅੰਦਰ ਅੱਗ ਲੱਗਣ ਦੀਆਂ ਇਨ੍ਹਾਂ ਘਟਨਾਵਾਂ ਦੀ ਲਪੇਟ ਵਿਚ ਆਉਣ ਕਰਕੇ ਜਾਨੀ ਨੁਕਸਾਨ ਵੀ ਹੋ ਚੁੱਕੇ ਹਨ।

ਕਣਕਾਂ ਨੂੰ ਅੱਗ ਲੱਗਣ ਪਿੱਛੇ ਮੁੱਖ ਕਾਰਨ ਬਿਜਲੀ ਦੀਆਂ ਢਿੱਲੀਆਂ ਤਾਰਾ ਅਤੇ ਜੋੜਾ ਵਿਚੋਂ ਚੰਗਿਆੜੇ ਨਿਕਲਣੇ, ਤੂੜੀ ਬਣਾਉਂਦੇ ਸਮੇ ਰੀਪਰ-ਟਰੈਕਟਰ ਆਦਿ ਵਿਚੋ ਅੱਗ ਦੇ ਪਤੰਗੇ ਬਾਹਰ ਆਉਣੇ, ਬੀੜੀ-ਸਿਗਰੇਟ ਦੇ ਨਾਲ ਹੀ ਕਣਕ ਦੇ ਨਾੜ ਨੂੰ ਲਾਈ ਅੱਗ ਵੀ ਕਈ ਵਾਰ ਨਾਲ ਖੜੀ ਕਣਕ ਨੂੰ ਆਪਣੀ ਲਪੇਟ ’ਚ ਲੈ ਲੈਂਦੀ ਹੈ। ਪਰ ਸਰਕਾਰਾਂ ਅਤੇ ਪ੍ਰਸ਼ਾਸਨ ਖੇਤਾਂ ਵਿਚ ਖੜੇ ਅਨਾਜ ਨੂੰ ਅੱਗ ਲੱਗਣ ਸਮੇਂ ਹੀ ਜਾਗਦੇ ਹਨ। ਹੋਰਨਾਂ ਗੈਰ ਕੁਦਰਤੀ ਆਫਤਾਂ ਦੀ ਤਰ੍ਹਾਂ ਕਿਸਾਨਾਂ ਦੇ ਇਸ ਨੁਕਸਾਨ ਨੂੰ ਬਚਾਉਣ ਲਈ ਕੋਈ ਅਗੇਤੇ ਪ੍ਰਬੰਧ ਨਹੀਂ ਕੀਤੇ ਜਾਂਦੇ। ਸਿਰਫ ਬਿਆਨ ਬਾਜੀਆਂ ਅਤੇ ਮੁਆਵਜਾ ਦੇਣ ਦੀ ਗੱਲ ਕਰਕੇ ਅੱਗ ਲੱਗਣ ਦੀਆਂ ਘਟਨਾਵਾਂ ਉਪਰ ਮਿੱਟੀ ਪਾ ਦਿੱਤੀ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ - ਅਹਿਮ ਖਬਰ : ਪਲਾਜ਼ਮਾਂ ਥੈਰੇਪੀ ਨਾਲ ਕੋਰੋਨਾ ਵਾਇਰਸ ਦਾ ਇਲਾਜ ਸੰਭਵ (ਵੀਡੀਓ) 

ਪੜ੍ਹੋ ਇਹ ਵੀ ਖਬਰ - ਨੈਫੈਡ PMGKAY ਤਹਿਤ ਕਰੀਬ 2 ਕਰੋੜ NFSA ਪਰਿਵਾਰਾਂ ਲਈ ਵੰਡੇਗਾ 5.88 ਲੱਖ ਮੀਟ੍ਰਿਕ ਟਨ ਦਾਲ਼ਾਂ

ਪੰਜ ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜਾ ਦੇਣ ਦਾ ਐਲਾਨ ਕਰਕੇ ਸਰਕਾਰਾਂ ਕਿਸਾਨਾਂ ਨਾਲ ਕੋਝਾ ਮਜ਼ਾਕ ਹੀ ਨਹੀਂ ਕਰਦੀਆਂ ਸਗੋਂ ਸੋਨੇ ਵਰਗੇ ਖੇਤਾਂ ਨੂੰ ਲੱਗੀ ਅੱਗ ਨਾਲ ਹੋਏ ਜ਼ਖਮਾਂ ਉਪਰ ਲੂਣ ਵੀ ਭੁੱਕਦੀਆਂ ਹਨ। ਜੇਕਰ ਬਿਜਲੀ ਬੋਰਡ ਦੀ ਜਾਂ ਫਿਰ ਕਿਸੇ ਹੋਰ ਮਨੁੱਖੀ ਗਲਤੀ ਕਾਰਨ ਖੇਤ ਵਿਚ ਖੜੀ ਕਣਕ ਨੂੰ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਸਰਕਾਰ ਨੂੰ ਘੱਟੋ-ਘੱਟ ਵੀਹ ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜਾ ਦੇਣਾ ਚਾਹੀਦਾ ਹੈ। ਕਣਕ ਦੀ ਫਸਲ ਪੰਜਾਬ ਦੇ ਕਿਸਾਨ ਦੀ ਮੁੱਖ ਫਸਲ ਹੁੰਦੀ ਹੈ। ਜੇਕਰ ਇਹੋ ਫਸਲ ਅੱਗ ਦੀ ਲਪੇਟ ਵਿਚ ਆ ਜਾਂਦੀ ਹੈ ਤਾਂ ਕਿਸਾਨ ਸਾਰੀ ਉਮਰ ਸਿਰ ਚੜ੍ਹਿਆ ਆਪਣਾ ਕਰਜ਼ਾ ਨਹੀਂ ਉਤਾਰ ਸਕਦਾ।

PunjabKesari

ਜੇਕਰ ਹਾੜੀ ਦੀ ਫਸਲ ਦੌਰਾਨ ਕਿਸਾਨ ਦੀ ਕਣਕ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਨੂੰ ਦੂਹਰੀ ਮਾਰ ਝੱਲਣੀ ਪੈਦੀ ਹੈ। ਇਕ ਪਾਸੇ ਤਾਂ ਕਣਕ ਅੱਗ ਦੀ ਭੇਂਟ ਚੜ੍ਹ ਜਾਂਦੀ ਹੈ। ਦੂਜੇ ਪਾਸੇ ਕਿਸਾਨ ਨੂੰ ਆਪਣੇ ਪਰਵਾਰ ਅਤੇ ਪਸ਼ੂਆਂ ਵਾਸਤੇ ਕਣਕ ਮੁੱਲ ਖਰੀਦਣੀ ਪੈਂਦੀ ਹੈ। ਸਰਕਾਰ ਨੂੰ ਅੱਗ ਤੋਂ ਬਚਾਅ ਦੇ ਪਹਿਲਾਂ ਹੀ ਪ੍ਰਬੰਧ ਕਰਨੇ ਚਾਹੀਦੇ ਹਨ।

ਹਾੜੀ ਦੇ ਸੀਜਨ ਦੌਰਾਨ ਕਣਕ ਦੀ ਫਸਲ ਨੂੰ ਲੱਗਣ ਵਾਲੀਆਂ ਅੱਗਾਂ ਨੂੰ ਰੋਕਣ ਲਈ ਸਰਕਾਰ ਜਾਂ ਪ੍ਰਸ਼ਾਸਨ ਵਲੋਂ ਕੋਈ ਪ੍ਰਬੰਧ ਨਹੀਂ ਕੀਤੇ ਜਾਂਦੇ । ਅੱਗ ਬਝਾਊ ਗੱਡੀਆ ਜ਼ਿਲਿਆਂ ਵਿਚ ਖੜ੍ਹੀਆਂ ਰਹਿੰਦੀਆਂ ਹਨ, ਜਿਨ੍ਹਾਂ ’ਚੋਂ ਬਹੁਤੀਆਂ ਤਾਂ ਚਲਦੀਆਂ ਹੀ ਨਹੀਂ। ਕਣਕ ਦੇ ਸੀਜਨ ਦੌਰਾਨ ਸਰਕਾਰ ਨੂੰ ਸਬ-ਡਵੀਜਨ ਪੱਧਰ ’ਤੇ ਅੱਗ ਬਝਾਊ ਗੱਡੀਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂਕਿ ਲੋੜ ਪੈਣ ’ਤੇ ਬੁਲਾਇਆ ਜਾ ਸਕੇ। ਜੇਕਰ ਅੱਗ ਬਝਾਊ ਗੱਡੀਆਂ ਦਾ ਸਬ ਡਵੀਜਨ ਪੱਧਰ ’ਤੇ ਪ੍ਰਬੰਧ ਕੀਤਾ ਜਾਵੇ ਤਾਂ ਅਨਾਜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ’ਚ ਹੋਣ ਵਾਲੇ ਪੰਜਾਹ ਫੀਸਦੀ ਨੁਕਸਾਨ ਨੂੰ ਬਚਾਇਆ ਜਾ ਸਕਦਾ ਹੈ ਪਰ ਸਰਕਾਰਾਂ ਜਾਂ ਪ੍ਰਸ਼ਾਸਨ ਇਹੋ ਜਿਹੋ ਪ੍ਰਬੰਧ ਨਹੀਂ ਕਰਦੇ। ਇਨ੍ਹਾਂ ਦਿਨਾਂ ਵਿਚ ਤੇਜ਼ ਹਵਾਵਾਂ ਚੱਲਣ ਕਰਕੇ ਅੱਗ ਬਹੁਤ ਤੇਜੀ ਨਾਲ ਫੈਲਦੀ ਹੈ, ਜਿਸ ਉਪਰ ਕਾਬੂ ਪਾਉਣਾ ਸੌਖਾ ਕੰਮ ਨਹੀਂ ਹੁੰਦਾ।

ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਿਜਲੀ ਬੋਰਡ ਵਲੋਂ ਛੱਡੇ ਜਾਂਦੇ ਢਿੱਲੇ ਜੋੜ, ਤਾਰਾਂ ਆਦਿ ਨੂੰ ਹਾੜੀ ਦੇ ਸੀਜਨ ਤੋਂ ਪਹਿਲਾਂ ਠੀਕ ਕਰ ਲੈਣੇ ਚਾਹੀਦੇ ਹਨ। ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਜਾਗ੍ਰਿਤ ਕਰਨ ਲਈ ਖੇਤੀਬਾੜੀ ਵਿਭਾਗ ਵਿਸ਼ੇਸ਼ ਉਪਰਾਲੇ ਕਰੇ, ਅੱਗ ਬਝਾਊ ਗੱਡੀਆਂ ਹਾੜੀ ਦੇ ਸੀਜਨ ਮੌਕੇ ਸਬ- ਡਵੀਜਨ ਪੱਧਰ 'ਤੇ ਜਰੂਰ ਹੋਣੀਆਂ ਚਾਹੀਦੀਆਂ ਹਨ। ਅੱਗ ਲੱਗਣ ਦੀ ਘਟਨਾਂ ਤੋਂ ਬਾਅਦ ਜਿੰਨੇ ਸਮੇਂ ਅੰਦਰ ਅੱਗ ਬਝਾਊ ਗੱਡੀ ਪਹੁੰਚਦੀ ਹੈ। ਉਸ ਤੋਂ ਪਹਿਲਾਂ ਹੀ ਅੱਗ ਕਾਬੂ ਤੋਂ ਬਾਹਰ ਹੋ ਜਾਂਦੀ ਹੈ ਪਰ ਅੱਜ ਤੱਕ ਕਣਕ ਦੇ ਸੀਜਨ ਦੌਰਾਨ ਸਰਕਾਰ ਨੇ ਇਹੋ ਜਿਹੇ ਕੋਈ ਪ੍ਰਬੰਧ ਨਹੀਂ ਕੀਤੇ, ਜਿਨ੍ਹਾਂ ਨਾਲ ਕਣਕ ਨੂੰ ਅੱਗ ਲੱਗਣ ਤੋਂ ਬਾਅਦ ਸੌਖਿਆ ਹੀ ਕਾਬੂ ਪਾਇਆ ਜਾ ਸਕੇ।   


 


author

rajwinder kaur

Content Editor

Related News