15 ਕਿਲੋ ਚੂਰਾ-ਪੋਸਤ ਸਣੇ ਮੋਟਰਸਾਈਕਲ ਸਵਾਰ ਗ੍ਰਿਫਤਾਰ
Sunday, Jun 24, 2018 - 05:46 AM (IST)
ਜਲੰਧਰ, (ਵਰੁਣ)- ਨਸ਼ਾ ਸਮੱਗਲਿੰਗ 'ਚ ਚੋਖੀ ਕਮਾਈ ਦੇਖ ਡਰਾਈਵਰੀ ਛੱਡ ਕੇ ਇਹ ਧੰਦਾ ਅਪਣਾਉਣ ਵਾਲੇ ਇਕ ਵਿਅਕਤੀ ਨੂੰ ਥਾਣਾ ਬਾਵਾ ਖੇਲ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਸ ਕੋਲੋਂ 15 ਕਿਲੋ ਚੂਰਾ-ਪੋਸਤ ਬਰਾਮਦ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਜੱਸਾ ਕਾਫੀ ਲੰਬੇ ਸਮੇਂ ਤੋਂ ਦਿੱਲੀ ਤੋਂ ਚੂਰਾ-ਪੋਸਤ ਲਿਆ ਕੇ ਜਲੰਧਰ 'ਚ ਵੇਚਦਾ ਸੀ। ਮੁਲਜ਼ਮ ਦੀ ਪਛਾਣ ਜਸਵਿੰਦਰ ਉਰਫ ਜੱਸਾ ਵਜੋਂ ਹੋਈ ਹੈ ਜਿਸ ਨੂੰ ਕੇਸ ਦਰਜ ਕਰ ਕੇ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ ਹੈ। ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਰੇਸ਼ਮ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਇਕ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਮੁਲਜ਼ਮ ਨੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਮੋਟਰਸਾਈਕਲ 'ਤੇ ਰੱਖੀ ਬੋਰੀ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 15 ਕਿਲੋ ਚੂਰਾ-ਪੋਸਤ ਬਰਾਮਦ ਹੋਇਆ।
ਰਾਜਸਥਾਨ ਵਾਲੇ ਦੋਸਤਾਂ ਕੋਲੋਂ ਲੈਂਦਾ ਸੀ ਚੂਰਾ-ਪੋਸਤ
ਪੁੱਛਗਿੱਛ 'ਚ ਜਸਵਿੰਦਰ ਜੱਸਾ ਨੇ ਦੱਸਿਆ ਕਿ ਉਹ ਕਾਫੀ ਸਮਾਂ ਪਹਿਲਾਂ ਟਰੱਕ ਡਰਾਈਵਰੀ ਕਰਦਾ ਸੀ। ਉਦੋਂ ਦਿੱਲੀ 'ਚ ਆਉਣ ਵਾਲੇ ਰਾਜਸਥਾਨ ਦੇ ਟਰੱਕ ਡਰਾਈਵਰਾਂ ਨਾਲ ਉਸਦੀ ਦੋਸਤੀ ਹੋ ਗਈ ਜੋ ਰਾਜਸਥਾਨ ਤੋਂ ਚੂਰਾ-ਪੋਸਤ ਲਿਆ ਕੇ ਦਿੱਲੀ 'ਚ ਵੇਚਦੇ ਸਨ। ਉਸ ਨੇ ਵੀ ਇਹ ਧੰਦਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਕੋਲੋਂ ਚੂਰਾ-ਪੋਸਤ ਲਿਆ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਵੇਚਦਾ। ਜੱਸਾ ਨੇ ਟਰੱਕ ਡਰਾਈਵਰੀ ਛੱਡ ਕੇ ਬੱਸ ਚਲਾਉਣੀ ਸ਼ੁਰੂ ਕਰ ਦਿੱਤੀ, ਜਿਸ 'ਚ ਉਹ ਜ਼ਿਆਦਾ ਮਾਤਰਾ 'ਚ ਚੂਰਾ-ਪੋਸਤ ਸਪਲਾਈ ਕਰਨ ਲੱਗਾ। ਆਮਦਨੀ ਚੰਗੀ ਹੋਣ ਕਾਰਨ ਉਸ ਨੇ ਬੱਸ ਚਲਾਉਣੀ ਛੱਡ ਦਿੱਤੀ ਸੀ।