ਕੈਨੇਡਾ ਮਗਰੋਂ ਹੁਣ ਭਾਰਤੀਆਂ ਨੇ ਦੁਬਈ ਵੱਲ ਘੱਤੀਆਂ ਵਹੀਰਾਂ, ਸੋਨੇ ’ਤੇ ਸੁਹਾਗਾ ਬਣਿਆ ''ਗੋਲਡਨ ਵੀਜ਼ਾ''
Wednesday, Mar 01, 2023 - 07:21 PM (IST)
ਭਾਰਤੀਆਂ ਦਾ ਕੈਨੇਡਾ ਵਸਣ ਦਾ ਸਿਲਸਿਲਾ ਹੁਣ ਦੁਬਈ ਵੱਲ ਸ਼ਿਫਟ ਹੋ ਰਿਹਾ ਹੈ। ਰਈਸ ਭਾਰਤੀ ਦੁਬਈ ’ਚ ਬਾਕਾਇਦਾ ਮਕਾਨ, ਫਲੈਟ ਖ਼ਰੀਦ ਰਹੇ ਹਨ। ਇਸ ਟ੍ਰੈਂਡ ਦਾ ਸਿਹਰਾ ਮਈ 2019 ’ਚ ਲਾਗੂ ਸੰਯੁਕਤ ਅਰਬ ਅਮੀਰਾਤ ਦੀ ਗੋਲਡਨ ਵੀਜ਼ਾ ਸਕੀਮ ਨੂੰ ਦਿੱਤਾ ਜਾ ਰਿਹਾ ਹੈ।
ਸਾਲ 2022 ’ਚ ਰਈਸ ਭਾਰਤੀਆਂ ਨੇ ਦੁਬਈ ’ਚ 35,500 ਕਰੋੜ ਰੁਪਏ ਤੋਂ ਉਪਰ ਦੇ ਘਰ-ਮਕਾਨ ਖ਼ਰੀਦੇ। ਇਹ ਉਸ ਤੋਂ ਪਿਛਲੇ ਸਾਲ 2021 ਤੋਂ ਦੁੱਗਣੀ ਰਕਮ ਹੈ। ਦੁਬਈ ’ਚ ਘਰ-ਦੁਕਾਨਾਂ ਦੇ ਖ਼ਰੀਦਦਾਰਾਂ ’ਚ 40 ਫ਼ੀਸਦੀ ਭਾਰਤ ਤੋਂ ਹਨ, ਜੋ ਵਧੇਰੇ ਪੰਜਾਬ, ਦਿੱਲੀ-ਐੱਨ. ਸੀ. ਆਰ., ਹੈਦਰਾਬਾਦ, ਸੂਰਤ ਅਤੇ ਅਹਿਮਦਾਬਾਦ ਸ਼ਹਿਰਾਂ ਤੋਂ ਹਨ। ਬਾਕੀ 40 ਫ਼ੀਸਦੀ ਸੰਯੁਕਤ ਅਰਬ ਅਮੀਰਾਤ ’ਚ ਰਹਿੰਦੇ ਭਾਰਤੀ ਹਨ ਅਤੇ 20 ਫ਼ੀਸਦੀ ਦੁਨੀਆ ਦੇ ਦੂਜੇ ਦੇਸ਼ਾਂ ’ਚ ਰਹਿ ਰਹੇ ਭਾਰਤੀ। ਦੁਬਈ ’ਚ ਇਕ ਔਸਤ ਫਲੈਟ ਦੀ ਕੀਮਤ 3.6 ਤੋਂ 3.8 ਕਰੋੜ ਰੁਪਏ ਦੇ ਦਰਮਿਆਨ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਹੋਰ ਸਖ਼ਤ ਹੋਵੇਗੀ ਕਾਨੂੰਨ-ਵਿਵਸਥਾ, ਡੀ. ਜੀ. ਪੀ. ਨੇ ਉੱਚ ਪੁਲਸ ਅਧਿਕਾਰੀਆਂ ਨੂੰ ਅਲਾਟ ਕੀਤੇ ਜ਼ਿਲ੍ਹੇ
ਜੇਕਰ ਕਿਰਾਏ ’ਤੇ ਘਰ ਲਓ ਤਾਂ ਮਾਸਿਕ ਕਿਰਾਇਆ ਲਗਭਗ 3 ਤੋਂ 3.5 ਲੱਖ ਰੁਪਏ ਬੈਠਦਾ ਹੈ। ਕਈ ਭਾਰਤੀ ਕੰਪਨੀਆਂ ਦੇ ਸੀ. ਈ. ਓ. ਦੁਨੀਆ ਦੇ ਸਾਰੇ ਮੁਲਕਾਂ ਨਾਲੋਂ ਦੁਬਈ ਦੀ ਬਿਹਤਰੀਨ ਕੁਨੈਕਟੀਵਿਟੀ ਦੇ ਕਾਰਨ ਘਰ ਲੈ ਰਹੇ ਹਨ। ਹਾਲਾਂਕਿ ਕੋਵਿਡ ਪਾਬੰਦੀਆਂ ਦੇ ਦਰਮਿਆਨ 2020-21 ’ਚ ਦੁਬਈ ’ਚ ਪ੍ਰਾਪਰਟੀ ਮਾਰਕੀਟ ’ਚ ਭਾਰੀ ਗਿਰਾਵਟ ਆਈ ਸੀ ਪਰ ਬੀਤੇ ਸਾਲ ਉੱਚੀ ਛਾਲ ਮਾਰ ਕੇ ਫਿਰ 2015-16 ਦੇ ਲੈਵਲ ਦੇ ਸਿਖ਼ਰ ਨੂੰ ਛੂਹਣ ਲੱਗੀ ਹੈ।
ਦੁਬਈ ਦੇ ਇਲਾਵਾ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਗ੍ਰੀਸ, ਸਿੰਗਾਪੁਰ, ਤੁਰਕੀ, ਜਰਮਨੀ, ਸਪੇਨ, ਸਵਿਟਜ਼ਰਲੈਂਡ ਵਗੈਰਾ ਸਮੇਤ ਲਗਭਗ 23 ਦੇਸ਼ਾਂ ’ਚ ਰਲਦੀ-ਮਿਲਦੀ ਗੋਲਡਨ ਵੀਜ਼ਾ ਸਕੀਮ ਲਾਗੂ ਹੈ ਪਰ ਭਾਰਤੀਆਂ ਦਾ ਹਾਲੀਆ ਰੁਝਾਨ ਦੁਬਈ ਵੱਲ ਹੀ ਹੈ। ਅਮੀਰ ਭਾਰਤੀਆਂ ’ਚ ਦੁਬਈ ਵਸਣ ਦੀ ਰਫ਼ਤਾਰ ਇੰਨੀ ਵਧੀ ਹੈ ਕਿ ਬੀਤੇ ਦੋ-ਢਾਈ ਸਾਲ ਦੌਰਾਨ ਦੁਬਈ ’ਚ ਭਾਰਤ ਦਾ ਇਕ ‘ਨਵਾਂ ਸ਼ਹਿਰ’ ਬਣ ਗਿਆ ਹੈ। ਉਂਝ ਵੀ ਪਹਿਲੇ ਲਾਕਡਾਊਨ ਦੇ ਬਾਅਦ ਤੋਂ ਤਾਂ ਦੇਸ਼-ਦੁਨੀਆ ’ਚ ਘੁੰਮਣ ਦੀਆਂ ਵਧੀਆਂ ਪਾਬੰਦੀਆਂ ਦਰਮਿਆਨ ਦੁਬਈ ਬਹੁਤ ਵਧੀਆ ਟਿਕਾਣਾ ਬਣ ਕੇ ਉਭਰਿਆ ਹੈ। ਲਾਕਡਾਊਨ ਦੇ ਦੌਰਾਨ ਭਾਰਤੀਆਂ ਦੀ ਕੁਝ ਦਿਨਾਂ ਦੀ ਰਿਹਾਇਸ਼ ਹੌਲੀ-ਹੌਲੀ ਸਥਾਈ ਹੋਣ ਲੱਗੀ।
ਇਹ ਵੀ ਪੜ੍ਹੋ : ਕਿਸਾਨਾਂ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਲਾਭ ਲੈਣ ਲਈ ਸਿਰਫ਼ ਦੋ ਦਿਨ ਬਾਕੀ
ਕਾਰਨ ਸਾਫ਼ ਸੀ ਕਿ ਅਜਿਹੇ ਸਮੇਂ ’ਚ ਜਦੋਂ ਦੁਨੀਆ ਦੇ ਵਧੇਰੇ ਦੇਸ਼ਾਂ ਨੇ ਬਾਹਰੀ ਲੋਕਾਂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਤਾਂ ਸੰਯੁਕਤ ਅਰਬ ਅਮੀਰਾਤ ਨੇ ਦੌਲਤਮੰਦਾਂ, ਸਟੂਡੈਂਟਸ, ਡਾਕਟਰਾਂ ਅਤੇ ਕੁਝ ਹੋਰ ਨੌਕਰੀਪੇਸ਼ਾ ਵਿਦੇਸ਼ੀਆਂ ਨੂੰ ਸੱਦਣ ਲਈ ਲਾਲ ਗਲੀਚੇ ਵਿਛਾ ਦਿੱਤੇ। ਲੇਗੋ-ਲੈਂਡ ਅਤੇ ਨਵੇਂ-ਨਵੇਂ ਮਿਊਜ਼ੀਅਮ-ਮਾਲ ਦਰਮਿਆਨ ਘੱਟ ਦੂਰੀ, ਖੁਸ਼ਨੁਮਾ ਆਬੋਹਵਾ ਅਤੇ ਸੋਮਵਾਰ ਤੋਂ ਸ਼ੁੱਕਰਵਾਰ ਦੇ ਵਰਕ ਕਲਚਰ ਨੇ ਭਾਰਤੀਆਂ ਦੀ ਦੁਬਈ ਖਿੱਚ ਨੂੰ ਹਵਾ ਦਿੱਤੀ।
ਇਸ ਤੋਂ ਪਹਿਲਾਂ ਮਈ 2019 ’ਚ ਦੁਬਈ ਨੇ ਗੋਲਡਨ ਵੀਜ਼ਾ ਸਕੀਮ ਲਾਗੂ ਕੀਤੀ ਤਾਂ ਅਗਲੇ 6 ਮਹੀਨਿਆਂ ’ਚ ਹੀ ਲਗਭਗ 2500 ਵਿਦੇਸ਼ੀਆਂ ਨੇ ਇਸ ਨੂੰ ਅਪਣਾ ਲਿਆ। ਅਸਲ ’ਚ ਗੋਲਡਨ ਵੀਜ਼ਾ ਪ੍ਰਣਾਲੀ ਲਾਗੂ ਹੋਣ ਨਾਲ 10 ਸਾਲ ਦੀ ਰਿਹਾਇਸ਼ੀ ਅਤੇ ਕਾਰੋਬਾਰੀ ਸਹੂਲਤ ਤਾਂ ਸੋਨੇ ’ਤੇ ਸੁਹਾਗਾ ਰਹੀ। ਹਾਲਾਂਕਿ 5 ਸਾਲ ਦਾ ਗੋਲਡਨ ਵੀਜ਼ਾ ਵੀ ਬਣਾਇਆ ਜਾ ਸਕਦਾ ਹੈ। ਇਸ ਦੇ ਤਹਿਤ ਆਪਣੀ ਮਰਜ਼ੀ ਨਾਲ ਬੇਰੋਕ-ਟੋਕ ਕੋਈ ਕਿੰਨੀ ਹੀ ਵਾਰ ਦੁਬਈ ਤੋਂ ਭਾਰਤ ਅਤੇ ਭਾਰਤ ਤੋਂ ਦੁਬਈ ਆ-ਜਾ ਸਕਦਾ ਹੈ। ਇਹੀ ਨਹੀਂ, ਕਾਰ-ਬਾਈਕ ਖ਼ੁਦ ਚਲਾਉਣ ਲਈ ਤੁਰੰਤ ਡਰਾਈਵਿੰਗ ਲਾਇਸੰਸ ਵੀ ਬਣਾ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਸੈਲਾਨੀਆਂ ਲਈ ਖ਼ੁਸ਼ਖ਼ਬਰੀ, ਇਹ ਦੇਸ਼ ਘੁੰਮਣ ਆਉਣ ਵਾਲਿਆਂ ਨੂੰ ਖ਼ਰਚੇ-ਪਾਣੀ ਵਜੋਂ ਦੇਵੇਗਾ 13 ਤੋਂ 54 ਹਜ਼ਾਰ ਰੁਪਏ
ਗੋਲਡਨ ਵੀਜ਼ਾ ਅਧੀਨ ਕੋਈ ਵੀ ਵਿਦੇਸ਼ੀ ਅਮੀਰ ਨਿਰਧਾਰਿਤ ਮੋਟੀ ਇਨਵੈਸਟਮੈਂਟ, ਦਾਨ ਜਾਂ ਉੱਥੇ ਜਾਇਦਾਦ ਖ਼ਰੀਦਣ ਦੇ ਇਵਜ਼ ’ਚ ਰਹਿਣ, ਬਿਜ਼ਨੈੱਸ ਕਰਨ ਅਤੇ ਨਾਗਰਿਕਤਾ ਤੱਕ ਦਾ ਅਧਿਕਾਰ ਪਾ ਲੈਂਦਾ ਹੈ। ਗੋਲਡਨ ਵੀਜ਼ਾ ਦੁਬਈ ’ਚ 1 ਕਰੋੜ ਦਿਰਹਮ (ਲਗਭਗ 23 ਕਰੋੜ ਰੁਪਏ) ਇਨਵੈਸਟ ਕਰਨ ’ਤੇ ਮਿਲਦਾ ਹੈ। ਭਾਰਤ ਦੇ ਵੱਖ-ਵੱਖ ਕਾਰੋਬਾਰੀ ਸੰਗਠਨਾਂ ਦੇ ਕਈ ਉੱਚ ਅਧਿਕਾਰੀਆਂ ਦੇ ਇਲਾਵਾ ਸੰਜੇ ਦੱਤ, ਸ਼ਾਹਰੁਖ ਖਾਨ, ਬੋਨੀ ਕਪੂਰ ਵਰਗੀਆਂ ਫ਼ਿਲਮੀ ਹਸਤੀਆਂ ਨੇ ਵੀ ਵਧ-ਚੜ੍ਹ ਕੇ ਦੁਬਈ ਦਾ ਰੁਖ ਕੀਤਾ ਹੈ।
ਇਹ ਵੀ ਪੜ੍ਹੋ : ਲਿਥੀਅਮ ਤੋਂ ਬਾਅਦ ਹੁਣ ਦੇਸ਼ ’ਚ ਮਿਲਿਆ ਸੋਨੇ ਦਾ ਭੰਡਾਰ, ਇਸ ਸੂਬੇ ਦੇ 3 ਜ਼ਿਲ੍ਹਿਆਂ 'ਚ ਫੈਲਿਆ ਹੈ ਖ਼ਜ਼ਾਨਾ
ਮੌਜੂਦਾ ਟ੍ਰੈਂਡ ਦੇ ਪਿੱਛੇ ਕਈ ਕਾਰਨ ਗਿਣਾਏ ਜਾ ਰਹੇ ਹਨ। ਕੁਝ ਨੇ ਤਾਂ ਇਸ ਲਈ ਕਿਉਂਕਿ ਦੁਬਈ ’ਚ ਸਾਫ਼-ਸਫ਼ਾਈ ਇੰਨੀ ਹੈ ਕਿ ਉੱਥੋਂ ਦੀਆਂ ਸੜਕਾਂ ’ਤੇ ਨੰਗੇ ਪੈਰ ਵੀ ਚੱਲਿਆ ਜਾ ਸਕਦਾ ਹੈ। ਆਬੋਹਵਾ ਮੂਡ ਅਤੇ ਸਿਹਤ ਦੋਵਾਂ ਨੂੰ ਖੁਸ਼ਨੁਮਾ ਬਣਾਉਂਦੀ ਹੈ ਤਾਂ ਕਈ ਨੇ ਇਸ ਲਈ ਕਿ ਮਹਿਜ਼ 1 ਲੱਖ ਰੁਪਏ ਤੋਂ ਘੱਟ ਖ਼ਰਚ ਕਰ ਕੇ ਭਾਰਤ ਤੋਂ ਦੁਬਈ ਆ-ਜਾ ਸਕਦੇ ਹਨ ਅਤੇ ਹੋਰਨਾਂ ਨੇ ਇਸ ਲਈ ਕਿਉਂਕਿ ਇਨਵੈਸਟਮੈਂਟ ਕਰਨ ’ਤੇ ਟੈਕਸ ਫ੍ਰੀ ਬਦਲ ਮੌਜੂਦ ਹਨ। ਯੂਰਪੀ ਦੇਸ਼ਾਂ ਅਤੇ ਅਮਰੀਕਾ ਦੇ ਮੁਕਾਬਲੇ ਦੁਬਈ ’ਚ ਅਮੀਰ ਭਾਰਤੀਆਂ ਦੇ ਵਸਣ ਦੀਆਂ ਹੋਰ ਸਹੂਲਤਾਂ ’ਚੋਂ ਇਕ ਇਹ ਵੀ ਹੈ ਕਿ ਦੁਬਈ ’ਚ ਘਰੇਲੂ ਕੰਮਕਾਜ ਦੇ ਲਈ ਨੌਕਰ ਅਤੇ ਆਯਾ ਅਾਸਾਨੀ ਨਾਲ ਮਿਲ ਜਾਂਦੀਆਂ ਹਨ।
ਅਮਿਤਾਭ
ਨੋਟ ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ