ਵੋਟਰ ਸੂਚੀਆਂ ਦੀ ਸੁਧਾਈ ਲਈ ਸਿਆਸੀ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

11/15/2017 5:14:20 PM


ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁਡੀ) - ਯੋਗਤਾ ਮਿਤੀ 01.01.2018 ਦੇ ਆਧਾਰ 'ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੇ ਸਬੰਧ ਵਿਚ ਡਰਾਫਟ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 15.11.2017 ਨੂੰ ਕਰਵਾ ਦਿੱਤੀ ਗਈ ਹੈ। ਇਹ ਵੋਟਰ ਸੂਚੀਆਂ ਜ਼ਿਲਾ ਚੋਣ ਦਫ਼ਤਰ, ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਅਤੇ ਬੂਥ ਲੈਵਲ ਅਫ਼ਸਰਾਂ ਪਾਸ ਆਮ ਜਨਤਾ ਦੇ ਵੇਖਣ ਲਈ ਉਪਲੱਬਧ ਕੀਤੀਆਂ ਹਨ। 
ਇਹ ਜਾਣਕਾਰੀ ਦਿੰਦਿਆਂ ਸ੍ਰੀ ਰਾਜਪਾਲ ਸਿੰਘ, ਵਧੀਕ ਜ਼ਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਪ੍ਰੋਗਰਾਮ ਅਨੁਸਾਰ ਦਾਅਵੇ ਅਤੇ ਇਤਰਾਜ ਦਾਇਰ ਕਰਨ ਦਾ ਸਮਾਂ ਮਿਤੀ 15.11.2017 ਤੋਂ ਮਿਤੀ 14.12.2017 ਨਿਰਧਾਰਿਤ ਕੀਤਾ ਗਿਆ ਹੈ। ਮਿਤੀ 18.11.2017 ਅਤੇ ਮਿਤੀ 25.11.2017  (ਦੋਵੇਂ ਸ਼ਨੀਵਾਰ) ਨੂੰ ਬੀ. ਐਲ. ਓਜ਼ ਆਪਣੇ ਪੋਲਿੰਗ ਏਰੀਏ ਵਿਚ ਪਤਵੰਤੇ ਨਾਗਰਿਕਾਂ ਦੀ ਹਾਜ਼ਰੀ ਵਿਚ ਵੋਟਰ ਸੂਚੀ ਪੜ ਕੇ ਸੁਣਾਉਣਗੇ। ਬੂਥ ਲੈਵਲ ਅਫ਼ਸਰ ਆਪਣੇ ਪੋਲਿੰਗ ਸਟੇਸ਼ਨ 'ਤੇ ਬੈਠ ਕੇ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ। ਕੋਈ ਵੀ ਵਿਅਕਤੀ ਜਿਸਦੀ ਉਮਰ ਮਿਤੀ 01.01.2018 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਉਸਦੀ ਵੋਟ ਨਹੀਂ ਬਣੀ, ਉਹ ਆਪਣੀ ਵੋਟ ਬਣਾਉਣ ਵਾਸਤੇ ਫਾਰਮ ਨੰ. 6 (ਸਮੇਤ ਰੰਗਦਾਰ ਪਾਸਪੋਰਟ ਸਾਇਜ਼ ਫੋਟੋ ਅਤੇ ਉਮਰ ਸਬੰਧੀ ਦਸਤਾਵੇਜ) ਵਿਚ ਆਪਣਾ ਦਾਅਵਾ ਪੇਸ਼ ਕਰੇਗਾ। 

ਇਹ ਫਾਰਮ ਆਨਲਾਈਨ ਵੀ ਭਰੇ ਜਾ ਸਕਦੇ ਹਨ।ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਚਾਰ ਵਿਧਾਨ ਸਭਾ ਚੋਣ ਹਲਕੇ ਪੈਂਦੇ ਹਨ। ਵਿਧਾਨ ਸਭਾ ਚੋਣ ਹਲਕਾ 84-ਗਿੱਦੜਬਾਹਾ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਉਪ ਮੰਡਲ ਮੈਜਿਸਟਰੇਟ, ਗਿੱਦੜਬਾਹਾ (01637-230295), 85-ਮਲੋਟ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਉਪ ਮੰਡਲ ਮੈਜਿਸਟਰੇਟ, ਮਲੋਟ (01637-263001) ਅਤੇ 86-ਮੁਕਤਸਰ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਉਪ ਮੰਡਲ ਮੈਜਿਸਟਰੇਟ, ਸ਼੍ਰੀ ਮੁਕਤਸਰ ਸਾਹਿਬ (01633-262031) ਅਤੇ ਸਬੰਧਤ ਤਹਿਸਲੀਦਾਰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਹਨ। 
ਸ੍ਰੀ ਰਾਜਪਾਲ ਸਿੰਘ, ਵਧੀਕ ਜ਼ਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਹੱਥ ਨਾਲ ਭਰੇ ਫਾਰਮ ਜਮਾ ਕਰਵਾਉਣ ਦੀ ਥਾਂ ਆਨਲਾਈਨ ਫਾਰਮ ਭਰਨ ਨੂੰ ਪਹਿਲ ਦਿੱਤੀ ਜਾਵੇ। ਆਨਲਾਈਨ ਫਾਰਮ ਭਰਦੇ ਸਮੇਂ ਬਿਨੈਕਾਰ ਦਾ ਰੰਗੀਨ ਫੋਟੋ, ਜਨਮ ਮਿਤੀ ਦਾ ਸਬੂਤ ਅਤੇ ਰਿਹਾਇਸ਼ ਤੇ ਪਤੇ ਦਾ ਸਬੂਤ ਅਪਲੋਡ ਕੀਤਾ ਜਾਵੇ। ਕਿਸੇ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ/ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ/ਤਹਿਸੀਲਦਾਰ ਚੋਣਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।


Related News