ਸੂਬੇ ’ਚ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ, ਲੋਕ ਮੁੜ ਪੰਜਾਬ ਦੀ ਖੁਸ਼ਹਾਲੀ ਨਾਲ ਜੁੜ ਰਹੇ ਹਨ: ਭਗਵੰਤ ਮਾਨ
Saturday, May 18, 2024 - 03:23 AM (IST)
ਕਰਤਾਰਪੁਰ (ਸਾਹਨੀ) - ਸੂਬੇ ’ਚ ਪਿਛਲੇ ਦੋ ਸਾਲਾਂ ਤੋਂ ‘ਆਪ’ ਦਾ ਰਿਪੋਰਟ ਕਾਰਡ ਹਰ ਪੰਜਾਬੀ ਦੇ ਸਾਹਮਣੇ ਹੈ, ਜਿਸ ਸਮੇਂ ਲੋਕਾਂ ਨੇ ‘ਆਪ’ ਨੂੰ ਸੂਬੇ ਦੀ ਸੱਤਾ ਸੌਂਪੀ ਹੈ, ਪਾਰਟੀ ਦਾ ਹਰ ਵਰਕਰ, ਆਗੂ, ਵਿਧਾਇਕ, ਮੰਤਰੀ ਤੇ ਉਹ ਖੁਦ ਲੋਕਾਂ ਦੀ ਭਲਾਈ ਸਕੀਮਾਂ ਲਈ ਕੰਮ ਕਰ ਰਹੇ ਹਨ। ਸੱਤਾ ਸੰਭਾਲਣ ਤੋਂ ਬਾਅਦ 90 ਫੀਸਦੀ ਲਾਭਪਾਤਰੀਆਂ ਨੂੰ ਬਿਜਲੀ ਬਿੱਲ ’ਚ ਰਾਹਤ ਮਿਲੀ, ਕਰੀਬ 850 ਮੁਹੱਲਾ ਕਲੀਨਿਕ ਬਣੇ, 45 ਹਜ਼ਾਰ ਨੌਕਰੀਆਂ ਵੰਡੀਆਂ, ਰੋਜ਼ਗਾਰ ਦੇ ਸਾਧਨ, ਪ੍ਰਸ਼ਾਸਨਿਕ ਸਹੂਲਤਾਂ ਤੁਹਾਡੇ ਘਰਾਂ ਤੱਕ ਪਹੁੰਚਾਈਆਂ।
ਇਹ ਵੀ ਪੜ੍ਹੋ- ਅਮਰਨਾਥ ਯਾਤਰਾ ਲਈ 65 ਹਜ਼ਾਰ ਤੋਂ ਵੱਧ ਲੋਕਾਂ ਨੇ ਕਰਵਾਈ ਰਜਿਸਟ੍ਰੇਸ਼ਨ
ਇਹ ਤੁਹਾਡੀ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਹਨ ਅਤੇ ਪਾਰਟੀ ਦਾ ਆਉਣ ਵਾਲਾ ਟੀਚਾ ਸਿੱਖਿਆ, ਸਿਹਤ ਸਹੂਲਤਾਂ ਤੇ ਨਵੇਂ ਖੇਤਰਾਂ ’ਚ ਹੋਰ ਕੰਮ ਕਰਨਾ ਹੈ ਅਤੇ ਲੋੜਵੰਦ ਲੋਕਾਂ ਨੂੰ ਨਵੀਆਂ ਸਕੀਮਾਂ ਰਾਹੀ ਸਹੂਲਤਾਂ ਦੇਣਾ ਹੈ। ਇਹ ਵਿਚਾਰ ਅੱਜ ਸ਼ਾਮ ਕਰੀਬ 7 ਵਜੇ ਕਰਤਾਰਪੁਰ ਵਿਖੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ’ਚ ਕੱਢੇ ਗਏ ਰੋਡ ਸ਼ੋਅ ਦੌਰਾਨ ਫਰਨੀਚਰ ਬਾਜ਼ਾਰ ਵਿਚਕਾਰ ਵੱਡੀ ਗਿਣਤੀ ’ਚ ਇੱਕਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਉਮੀਦਵਾਰ ਪਵਨ ਕੁਮਾਰ ਟੀਨੂੰ, ਕੈਬਨਿਟ ਮੰਤਰੀ ਬਲਕਾਰ ਸਿੰਘ, ਅਮਨ ਅਰੋੜਾ ਵਿਧਾਇਕ ਤੇ ਚੰਦਨ ਗਰੇਵਾਲ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ: ਕੁਝ ਵੋਟਰਾਂ ਨੂੰ ਵੋਟ ਪਾਉਣ 'ਚ ਆ ਸਕਦੀ ਹੈ ਦਿੱਕਤ, ਕਾਰੋਬਾਰ ਹੋਇਆ ਠੱਪ
ਸਭ ਤੋਂ ਪਹਿਲਾਂ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਚੌਕ ’ਚ ਸਥਿਤ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਤੇ ਪ੍ਰੋਗਰਾਮ ਦੇ ਅੰਤ ’ਚ ਜੀ. ਟੀ. ਰੋਡ ’ਤੇ ਸਥਿਤ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਕਿਹਾ ਕਿ ਮੇਰੀ ਇੱਛਾ ਹੈ ਕਿ ਪੰਜਾਬ ਦਾ ਨੌਜਵਾਨ ਨੌਕਰੀ ਮੰਗਣ ਨਹੀਂ ਨੌਕਰੀ ਦੇਣ ਦੇ ਕਾਬਿਲ ਬਣੇ। ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ ’ਚ ਜਿਸ ਤਰ੍ਹਾਂ ਦਾ ਬਦਲਾਅ ਆਇਆ ਹੈ, ਉਸ ਨਾਲ ਵਿਦੇਸ਼ਾਂ ’ਚ ਬੈਠੇ ਪੰਜਾਬੀ ਵਾਪਸ ਪੰਜਾਬ ਪਰਤ ਰਹੇ ਹਨ ਤੇ ਸੂਬੇ ’ਚ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਪੰਜਾਬ ’ਚ ਰਾਜਨੈਤਿਕ ਦਲ 70 ਸਾਲਾਂ ਤੋਂ ਸਿਆਸਤ ਦਾ ਦੋਸਤਾਨਾ ਮੈਚ ਹੀ ਖੇਡਦੇ ਹੁੰਦੇ ਸੀ। ਸਿਰਫ਼ ਕੁਰਸੀ ਲਈ ਲੜਾਈ ਹੁੰਦੀ ਸੀ ਤੇ ਆਮ ਲੋਕਾਂ ਦਾ ਸ਼ੋਸ਼ਣ ਹੁੰਦਾ ਸੀ।
ਉਨ੍ਹਾਂ ਕਿਹਾ ਕਿ ਜੇਕਰ ਪੈਸਾ ਕਮਾਉਣਾ ਉਨ੍ਹਾਂ ਦਾ ਟੀਚਾ ਹੁੰਦਾ ਤਾਂ ਉਹ ਫਿਲਮਾਂ ਰਾਹੀਂ ਸਭ ਕੁਝ ਹਾਸਲ ਕਰ ਸਕਦੇ ਸਨ ਪਰ ਉਨ੍ਹਾਂ ਦਾ ਮਕਸਦ ਖੁਸ਼ਹਾਲ ਤੇ ਹੱਸਦਾ-ਵੱਸਦਾ ਪੰਜਾਬ ਦੇਖਣਾ ਹੈ, ਜਦੋਂ ਗਰੀਬ ਦੇ ਘਰ ਦੇ ਚੁੱਲ੍ਹੇ ’ਚ ਅੱਗ ਹੋਵੇ ਤਾਂ ਹੀ ਹਾਸਾ ਵੀ ਚੰਗਾ ਲੱਗੇਗਾ। ਇਸ ਲਈ ਜਿਸ ਤਰ੍ਹਾਂ ਤੁਸੀਂ 2022 ’ਚ ਸਾਡਾ ਸਾਥ ਦਿੱਤਾ ਸੀ, ਉਸੇ ਤਰ੍ਹਾਂ ਇਨ੍ਹਾਂ ਲੋਕ ਸਭਾ ਚੋਣਾਂ ’ਚ 13-0 ਦੀ ਕਾਮਯਾਬੀ ਕਰਵਾ ਦਿਓ ਤੇ ਜਲੰਧਰ ਤੋਂ ਸਾਡੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ’ਚ ਵੋਟ ਪਾ ਕੇ ਪਾਰਟੀ ਨੂੰ ਮਜ਼ਬੂਤ ਕਰੋ। ਇਸ ਦੌਰਾਨ ਸ਼ਹਿਰ ਦੀਆਂ ਵੱਡੀ ਗਿਣਤੀ ’ਚ ਸਮਾਜਿਕ, ਵਪਾਰਕ ਤੇ ਧਾਰਮਿਕ ਜਥੇਬੰਦੀਆਂ ਨੇ ਉਨ੍ਹਾਂ ਦਾ ਸਨਮਾਨ ਕੀਤਾ ਤੇ ਫੁੱਲਾਂ ਦੀ ਵਰਖਾ ਵੀ ਕੀਤੀ।
ਇਹ ਵੀ ਪੜ੍ਹੋ- ਰੇਲ ਯਾਤਰੀ ਹੋ ਜਾਓ ਸਾਵਧਾਨ! ਇਹ ਗਲਤੀ ਕਰਨ 'ਤੇ ਹੁਣ ਲੱਗੇਗਾ ਜੁਰਮਾਨਾ, ਜਾਰੀ ਹੋਇਆ ਨਵਾਂ ਨਿਯਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e