UK ਤੋਂ ਪਰਤੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ
Sunday, Nov 27, 2022 - 08:49 PM (IST)
![UK ਤੋਂ ਪਰਤੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ](https://static.jagbani.com/multimedia/2022_11image_18_30_540191844sasasasaa.jpg)
ਮਾਨਸਾ (ਸੰਦੀਪ ਮਿੱਤਲ)-ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਯੂ. ਕੇ. ਤੋਂ ਪਰਤ ਕੇ ਸਿੱਧੂ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਸ ਨੇ ਸਾਡੇ ਕੋਲੋਂ ਇਹ ਗੱਲ ਲੁਕੋ ਕੇ ਰੱਖੀ ਸੀ ਕਿ ਉਸ ਨੂੰ ਯੂ. ਕੇ. ਦੀ ਪੀ. ਆਰ. ਮਿਲੀ ਹੋਈ ਸੀ ਕਿਉਂਕਿ ਉਹ ਸੋਚਦਾ ਸੀ ਕਿ ਜੇ ਮੈਨੂੰ ਪਤਾ ਲੱਗ ਗਿਆ ਤਾਂ ਮੈਂ ਉਸ ਨੂੰ ਪਿੰਡ ਨਹੀਂ ਰਹਿਣ ਦੇਵਾਂਗਾ। ਆਪਣਾ ਪਿੰਡ ਸਿੱਧੂ ਦੀ ਕਮਜ਼ੋਰੀ ਸੀ ਤੇ ਉਹ ਚਾਹੁੰਦਾ ਸੀ ਕਿ ਜਿਥੇ ਮੈਂ ਜਾਵਾਂ ਮੇਰਾ ਪਿੰਡ ਤੇ ਖਿੱਤਾ ਨਾਲ ਜਾਵੇ। ਇਸ ਗੱਲ ਕਾਰਨ ਉਸ ਨੇ ਆਪਣਾ ਭਵਿੱਖ ਵੀ ਦਾਅ ’ਤੇ ਲਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਮੰਤਰੀ ਧਾਲੀਵਾਲ ਦਾ ਵੱਡਾ ਬਿਆਨ, ਬਾਦਲ ਸਰਕਾਰ ਵੇਲੇ ਬੀਜ ਫਾਰਮ ਦੇ ਨਾਂ ’ਤੇ ਖ਼ਰੀਦੀ ਜ਼ਮੀਨ ਦੀ ਹੋਵੇਗੀ ਜਾਂਚ
ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਕਤਲ ਲਈ ਯੂ. ਕੇ. ਦੀ ਸਰਕਾਰ ਵੀ ਇਨਸਾਫ਼ ਦੀ ਮੰਗ ਕਰ ਰਹੀ ਹੈ ਕਿਉਂਕਿ ਸਿੱਧੂ ਯੂ. ਕੇ. ਦਾ ਪੀ. ਆਰ. ਸੀ ਅਤੇ ਉਥੋਂ ਦੇ ਲੋਕਾਂ ਦੇ ਦਿਲਾਂ ਵਿਚ ਆਪਣੀ ਗਾਇਕੀ ਦੇ ਤੌਰ ’ਤੇ ਵਸਿਆ ਹੋਇਆ ਸੀ ਪਰ ਸਾਡੀ ਸਰਕਾਰ ਨੂੰ ਇਸ ਦਾ ਕੋਈ ਫਿਕਰ ਨਹੀਂ ਹੈ। ਐਤਵਾਰ ਨੂੰ ਆਪਣੇ ਨਿਵਾਸ ਸਥਾਨ ’ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਰਨਾ ਬੁਆਏ ਦੇ ਅਗਲੇ ਗੀਤ ਵਿਚ ਸਿੱਧੂ ਦੀ ਫੋਟੋ ਦਿਖਾਉਣ ਲਈ ਉਨ੍ਹਾਂ ਤੋਂ ਆਗਿਆ ਮੰਗੀ ਗਈ ਪਰ ਸਾਡੇ ਇੱਧਰਲੇ ਲੋਕਾਂ ਨੇ ਉਸ ਨੂੰ ਬਿਨਾਂ ਕਸੂਰੋਂ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਲਾਇਸੈਂਸੀ ਹਥਿਆਰ ਕਦੇ ਵੀ ਅਪਰਾਧ ਨਹੀਂ ਕਰਦੇ। ਇਕ ਪਾਸੇ ਸਰਕਾਰ ਹਥਿਆਰਾਂ ਸਮੇਤ ਫੋਟੋਆਂ ਖਿਚਵਾਉਣ ਵਾਲਿਆਂ ’ਤੇ ਪਰਚੇ ਦਰਜ ਕਰ ਰਹੀ ਹੈ, ਦੂਜੇ ਪਾਸੇ ਲੋਕਾਂ ਨੂੰ ਮਾਰਨ ਵਾਲੇ ਗੈਂਗਸਟਰਾਂ ਕੋਲ ਪਹਿਲੇ ਦਰਜੇ ਤੇ ਵਿਦੇਸ਼ੀ ਹਥਿਆਰ ਹਨ।
ਇਹ ਖ਼ਬਰ ਵੀ ਪੜ੍ਹੋ : ਸਟੱਡੀ ਵੀਜ਼ਾ ਦੀ ਐਪਲੀਕੇਸ਼ਨ ਹੋਈ ਰਿਜੈਕਟ, ਦੁਖੀ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਸਰਕਾਰ ਤੋਂ ਅੱਜ ਤੱਕ ਇਹ ਹਥਿਆਰ ਅਤੇ ਬੰਦੇ ਫੜੇ ਹੀ ਨਹੀਂ ਗਏ। ਬਲਕੌਰ ਸਿੰਘ ਨੇ ਕਿਹਾ ਕਿ ਆਪਣੇ ਦੇਸ਼ ਅਤੇ ਪੰਜਾਬ ਅੰਦਰ ਅਸਲਾ ਲੈਣ ਦੀ ਪ੍ਰਕਿਰਿਆ ਇੰਨੀ ਔਖੀ ਹੈ ਕਿ ਇਸ ਨੂੰ ਆਮ ਬੰਦਾ ਲੈ ਕੇ ਸਰਕਾਰ ਦੀਆਂ ਸ਼ਰਤਾਂ ਹੀ ਪੂਰੀਆ ਨਹੀਂ ਕਰ ਸਕਦਾ। ਇਸ ਪ੍ਰਕਿਰਿਆ ਨੂੰ ਹੋਰ ਔਖਾ ਕਰਕੇ ਸਰਕਾਰ ਲੋਕਾਂ ਨੂੰ ਨਿਹੱਥੇ ਕਰ ਰਹੀ ਹੈ, ਜਦਕਿ ਗੈਂਗਸਟਰ ਵੱਡੇ-ਵੱਡੇ ਹਥਿਆਰ ਲੈ ਕੇ ਲੁੱਟਾਂ-ਖੋਹਾਂ, ਕਤਲਾਂ ਅਤੇ ਫਿਰੌਤੀਆਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਵਿਦੇਸ਼ ਜਾਣ ਤੋਂ ਪਹਿਲਾਂ ਡੀ. ਜੀ. ਪੀ. ਪੰਜਾਬ ਨੂੰ ਮਿਲ ਕੇ ਗਏ ਸਨ। ਕੁਝ ਕੁ ਆਸ ਬੱਝੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਕੰਮ ਹੋ ਸਕਦਾ ਹੈ ਪਰ ਜਦੋਂ ਤੱਕ ਉਸ ਕਤਲ ਦੇ ਮਾਸਟਰ ਮਾਈਂਡ ਨਹੀਂ ਫੜੇ ਜਾਂਦੇ, ਉਦੋਂ ਤੱਕ ਇਨਸਾਫ ਮਿਲਣ ਦੀ ਉਮੀਦ ਪੂਰੀ ਹੋਣ ਦੀ ਆਸ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਸਿੱਧੂ ਦੇ ਕਤਲ ਪਿੱਛੇ ਗਾਇਕੀ ਖੇਤਰ ਵਿਚ ਉਸ ਦੇ ਮਸ਼ਹੂਰ ਹੋਣ ਨੂੰ ਲੈ ਕੇ ਤਕਲੀਫ਼ ਮੰਨਣ ਵਾਲੇ ਵਿਅਕਤੀਆਂ ਜਾਂ ਕੋਈ ਸਿਆਸੀ ਸਾਜ਼ਿਸ਼ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਉਨ੍ਹਾਂ ਡੀ. ਜੀ. ਪੀ. ਪੰਜਾਬ ਕੋਲ ਅਕਾਲੀ ਵਰਕਰ ਸੰਦੀਪ ਕਾਹਲੋਂ ਦੇ ਮਾਮਲੇ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪੰਜਾਬ ਦੀਆਂ ਸਰਕਾਰਾਂ ਸੁਰੱਖਿਆ ਦੀ ਗੱਲ ਕਰਦੀਆਂ ਹਨ ਪਰ ਵਿਦੇਸ਼ਾਂ ਦੇ ਮੁਕਾਬਲੇ ਸਾਡੀ ਜ਼ੀਰੋ ਭਰ ਵੀ ਸੁਰੱਖਿਆ ਨਹੀਂ ਹੈ ਅਤੇ ਹਰ ਆਮ ਖਾਸ ਵਿਅਕਤੀ ਦੀ ਜਾਨ ਨੂੰ ਚਾਰੋਂ ਪਹਿਰ ਖੌਫ਼ ਬਣਿਆ ਰਹਿੰਦਾ ਹੈ। ਅਜਿਹੀ ਸਥਿਤੀ ’ਚ ਆਪਣੀ ਸੁਰੱਖਿਆ ਲਈ ਹਥਿਆਰ ਰੱਖਣ ਵਾਲਿਆਂ ’ਤੇ ਪਰਚੇ ਦਰਜ ਕਰਕੇ ਸਰਕਾਰ ਕੀ ਸਾਬਿਤ ਕਰਨਾ ਚਾਹੁੰਦੀ ਹੈ, ਇਹ ਸਮਝ ਤੋਂ ਪਰ੍ਹੇ ਹੈ।