ਜ਼ਮੀਨ ਐਕਵਾਇਰ ਕਰਨ ਦੇ ਘਪਲੇ ''ਚ ਰਿਟਾਇਰਡ PCS ਅਧਿਕਾਰੀ ਇਕਬਾਲ ਸੰਧੂ ਗ੍ਰਿਫ਼ਤਾਰ

Thursday, Aug 01, 2024 - 12:12 PM (IST)

ਜ਼ਮੀਨ ਐਕਵਾਇਰ ਕਰਨ ਦੇ ਘਪਲੇ ''ਚ ਰਿਟਾਇਰਡ PCS ਅਧਿਕਾਰੀ ਇਕਬਾਲ ਸੰਧੂ ਗ੍ਰਿਫ਼ਤਾਰ

ਜਲੰਧਰ (ਚੋਪੜਾ)–ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਇੰਪਰੂਵਮੈਂਟ ਟਰੱਸਟ ਵੱਲੋਂ ਸੂਰਿਆ ਐਨਕਲੇਵ ਐਕਸਟੈਨਸ਼ਨ ਲਈ 94.97 ਏਕੜ ਜ਼ਮੀਨ ਐਕਵਾਇਰ ਕਰਨ ਦੌਰਾਨ ਹੋਏ ਘਪਲੇ ਸਬੰਧੀ ਪੰਜਾਬ ਸਿਵਲ ਸੇਵਾਵਾਂ (ਪੀ. ਸੀ. ਐੱਸ.) ਦੇ ਰਿਟਾਇਰਡ ਅਧਿਕਾਰੀ ਇਕਬਾਲ ਸਿੰਘ ਸੰਧੂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਰਣਨਯੋਗ ਹੈ ਕਿ ਉਕਤ ਅਧਿਕਾਰੀ ਉਸ ਸਮੇਂ ਐੱਸ. ਡੀ. ਐੱਮ.-ਕਮ-ਜ਼ਮੀਨ ਅਧਿਗ੍ਰਹਿਣ ਕੁਲੈਕਟਰ (ਐੱਲ. ਏ. ਸੀ.) ਇੰਪਰੂਵਮੈਂਟ ਟਰੱਸਟ ਵਜੋਂ ਤਾਇਨਾਤ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਜ਼ਮੀਨ ਦੇ ਅਸਲੀ ਮਾਲਕਾਂ ਨੂੰ ਮੁਆਵਜ਼ਾ ਅਦਾ ਕਰਦੇ ਸਮੇਂ ਅਸਲੀ ਲਾਭਪਾਤਰੀਆਂ ਦੀ ਥਾਂ ਜਾਅਲੀ ਦਸਤਾਵੇਜ਼ ਤਿਆਰ ਕੀਤੇ ਗਏ ਸਨ। ਇਸ ਸਬੰਧੀ ਥਾਣਾ ਨਵੀਂ ਬਾਰਾਦਰੀ ਜਲੰਧਰ ਵਿਚ ਆਈ. ਪੀ. ਸੀ. ਦੀ ਧਾਰਾ 409, 419, 420, 465, 467, 468, 201, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 13 ਤਹਿਤ ਮਾਮਲਾ ਨੰਬਰ 244, 29 ਅਕਤੂਬਰ 2013 ਨੂੰ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਨਸ਼ਿਆਂ 'ਤੇ ਰੋਕ ਲਾਉਣ ਲਈ DGP ਗੌਰਵ ਯਾਦਵ ਦੀ ਸਖ਼ਤੀ, ਸੂਬੇ ਦੇ ਪਿੰਡਾਂ ਲਈ ਕਮੇਟੀਆਂ ਦਾ ਕੀਤਾ ਗਠਨ

ਵਰਣਨਯੋਗ ਹੈ ਕਿ ਇਹ ਮਾਮਲਾ ਜਾਂਚ ਲਈ ਵਿਜੀਲੈਂਸ ਬਿਊਰੋ ਨੂੰ ਸੌਂਪਿਆ ਗਿਆ ਅਤੇ ਵਿਜੀਲੈਂਸ ਵੱਲੋਂ ਟਰੱਸਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ 4,32,15,438 ਰੁਪਏ ਦੇ ਮੁਆਵਜ਼ੇ ਦੀ ਵੰਡ ਵਿਚ ਹੋਏ ਗਬਨ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਇਕਬਾਲ ਸਿੰਘ ਸੰਧੂ ਨੇ ਐੱਲ. ਏ. ਸੀ. ਵਜੋਂ ਟਰੱਸਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਜਾਣਕਾਰ ਮਨਜੀਤ ਸ਼ਰਮਾ ਵਾਸੀ ਅਮਨ ਨਗਰ ਜਲੰਧਰ ਦੀ ਮਿਲੀਭੁਗਤ ਨਾਲ ਮਾਲਕਾਂ ਨੂੰ ਮੁਆਵਜ਼ਾ ਵੰਡ ਸਬੰਧੀ ਜਾਅਲੀ ਦਸਤਾਵੇਜ਼ ਜੋੜ ਕੇ ਫਾਈਲਾਂ ਤਿਆਰ ਕਰਵਾਈਆਂ ਸਨ।

ਇਸ ਤੋਂ ਬਾਅਦ ਉਨ੍ਹਾਂ ਨੇ 3-4 ਦਿਨਾਂ ਵਿਚ ਇਨ੍ਹਾਂ ਫਾਈਲਾਂ ਦਾ ਨਿਪਟਾਰਾ ਕਰਦੇ ਹੋਏ 5,49,18,523 ਰੁਪਏ ਦੇ ਚੈੱਕ ਜਾਅਲੀ ਵਿਅਕਤੀਆਂ ਦੇ ਨਾਂ ’ਤੇ ਜਾਰੀ ਕੀਤੇ, ਜਦਕਿ ਇਹ ਵਿਅਕਤੀ ਅਸਲ ਵਿਚ ਮੁਆਵਜ਼ਾ ਪਾਉਣ ਦੇ ਹੱਕਦਾਰ ਨਹੀਂ ਸਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਇਕਬਾਲ ਸੰਧੂ ਕਥਿਤ ਮੁਲਜ਼ਮ ਮਨਜੀਤ ਸ਼ਰਮਾ ਦਾ ਕਾਫ਼ੀ ਕਰੀਬੀ ਹੈ, ਜਿਸ ਨੇ ਮਨਜੀਤ ਸ਼ਰਮਾ ਨੂੰ ਨਵਾਂ ਪਾਸਪੋਰਟ ਬਣਵਾਉਣ ਲਈ 2012 ਵਿਚ ਅਰਧ-ਸਰਕਾਰੀ ਪੱਤਰ (ਡੀ. ਈ. ਲੈਟਰ) ਵੀ ਜਾਰੀ ਕੀਤਾ ਸੀ। ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤਕ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾ ਪੁੱਛਗਿੱਛ ਲਈ ਮੁਲਜ਼ਮ ਇਕਬਾਲ ਸੰਧੂ ਦਾ ਰਿਮਾਂਡ ਲੈਣ ਲਈ ਉਸਨੂੰ ਜਲੰਧਰ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਜਾਣੋ ਕਦੋਂ ਹੋਣਗੀਆਂ ਕਾਰਪੋਰੇਸ਼ਨ ਚੋਣਾਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News