ਭਾਜਪਾ ਗਠਜੋੜ ਨੇ ਜਾਰੀ ਕੀਤਾ ਸੰਕਲਪ ਪੱਤਰ, ਪੰਜਾਬ ਲਈ ਦੱਸਿਆ 11 ਨੁਕਾਤੀ ਵਿਜ਼ਨ
Friday, Feb 04, 2022 - 07:46 PM (IST)
ਚੰਡੀਗੜ੍ਹ (ਵੈੱਬ ਡੈਸਕ,ਹਰੀਸ਼ਚੰਦਰ)— ਚੰਡੀਗੜ੍ਹ ਵਿਖੇ ਭਾਜਪਾ ਗਠਜੋੜ ਵੱਲੋਂ ਸੰਕਲਪ ਪੱਤਰ ਜਾਰੀ ਕੀਤਾ ਗਿਆ ਹੈ। ਇਸ ਸੰਕਲਪ ਪੱਤਰ ’ਚ ਪੰਜਾਬ ਲਈ 11 ਨੁਕਾਤੀ ਵਿਜ਼ਨ ਦੱਸਿਆ ਗਿਆ ਹੈ। ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ ਪਾਰਟੀ (ਪੀ. ਐੱਲ. ਸੀ.) ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ 11 ਸੰਕਲਪ ਜਾਰੀ ਕੀਤੇ ਹਨ।ਇਸ ਸੰਕਲਪ ਪੱਤਰ ’ਚ ਸਿਹਤਮੰਦ ਪੰਜਾਬ ’ਤੇ ਜ਼ੋਰ ਦੇਣ ਦਾ ਦਾਅਵਾ ਕਰਨ ਦੇ ਨਾਲ-ਨਾਲ ਨਸ਼ਾ ਮੁਕਤ ਪੰਜਾਬ ਦਾ ਵੀ ਦਾਅਵਾ ਕੀਤਾ ਗਿਆ ਹੈ। ਉਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ’ਚ ਸ਼ਾਂਤੀ-ਭਾਈਚਾਰੇ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਅਸੀਂ ਬਾਰਡਰ ਸਟੇਟ ਹਾਂ ਅਤੇ ਸ਼ਾਂਤੀ ਭਾਈਚਾਰਾ ਸਾਡੇ ਲਈ ਪਹਿਲਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਬਾਰਡਰ ਦੇ ਹਾਲਾਤ ਵਿਗੜ ਰਹੇ ਹਨ। ਹੁਣ ਸਰਹੱਦਾਂ ’ਤੇ ਡਰੋਨ ਆ ਰਹੇ ਹਨ।
ਇਹ ਵੀ ਪੜ੍ਹੋ: ਨਵਾਂਸ਼ਹਿਰ ਦੀ ਬਸਪਾ ਟਿਕਟ ਵਿਵਾਦਾਂ ’ਚ, ਬਰਜਿੰਦਰ ਸਿੰਘ ਹੁਸੈਨਪੁਰ ਹੋਏ ਗ੍ਰਿਫ਼ਤਾਰ
ਉਨ੍ਹਾਂ ਕਿਹਾ ਕਿ ਪਾਕਿਸਤਾਨ ਪੰਜਾਬ ’ਚ ਗੜਬੜ ਕਰਨਾ ਚਾਹੁੰਦਾ ਹੈ ਅਤੇ ਸਾਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਪਵੇਗਾ। ਸਾਬਕਾ ਮੁੱਖ ਮੰਤਰੀ ਅਤੇ ਪੀ. ਐੱਲ. ਸੀ. ਪ੍ਰਮੁੱਖ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵੱਲੋਂ 12ਵਾਂ ਸੰਕਲਪ ਜੋੜਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਜਵਾਨਾਂ ਲਈ ਰਾਸ਼ੀ ਨੂੰ ਵਧਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੇ ਅੱਗੇ ਮੰਗ ਰੱਖੀ ਹੈ ਇਹ ਸ਼ਹੀਦ ਹੋਣ ਵਾਲੇ ਫੌਜੀ ਨੂੰ ਮਿਲਣ ਵਾਲੀ ਐਕਸਗਰੇਸ਼ੀਆ ਗਰਾਂਟ ਨੂੰ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕਰਨਾ ਹੈ। ਨੈਸ਼ਨਲ ਡੈਮੋਕਰੇਟਿਕ ਐਲਾਇੰਸ (ਐੱਨ. ਡੀ. ਏ.) ਦੇ ਸੰਕਲਪ ਪੱਤਰ ਵਿਚ ਹਰੇਕ ਵਰਗ ਲਈ ਕੁਝ ਨਾ ਕੁਝ ਵਾਅਦੇ ਕੀਤੇ ਗਏ ਹਨ।
ਭਾਜਪਾ ਗਠਜੋੜ ਵੱਲੋਂ ਜਾਰੀ ਕੀਤੇ ਗਏ ਸੰਕਲਪ ਪੱਤਰ ’ਚ ਸਭ ਦਾ ਸਾਥ, ਸਭ ਦਾ ਵਿਕਾਸ ਦਾ ਜ਼ਿਕਰ ਕੀਤਾ ਗਿਆ ਹੈ। ਸੰਕਲਪ ਪੱਤਰ ’ਚ ਵਿਕਸਿਤ ਪੰਜਾਬ ਦਾ ਜ਼ਿਕਰ ਕੀਤਾ ਗਿਆ ਹੈ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਸੰਕਲਪ ਪੱਤਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੈਂਸਰ ਦੇ ਮਰੀਜ਼ਾਂ ਦਾ ਮੁਕੰਮਲ ਮੁਫ਼ਤ ਇਲਾਜ ਕੀਤਾ ਜਾਵੇਗਾ। ਢੀਂਡਸਾ ਨੇ ਕਿਹਾ ਕਿ ਸਿਹਤ ਸਹੂਲਤਾਂ ’ਤੇ ਵੱਧ ਤੋਂ ਵੱਧ ਜ਼ੋਰ ਦਿੱਤਾ ਜਾਵੇਗਾ। ਭਾਜਪਾ ਗਠਜੋੜ ਵੱਲੋਂ ਖੁਸ਼ਹਾਲ ਪੰਜਾਬ ਅਤੇ ਹਰ ਨੌਜਵਾਨ ਦੇ ਹੱਥ ਰੋਜ਼ਗਾਰ ਦਾ ਵੀ ਦਾਅਵਾ ਕੀਤਾ ਗਿਆ ਹੈ। ਪੰਜਾਬ ਦੇ ਦਿਲ ਨੂੰ ਸਮਝ ਕੇ ਹੀ ਸੰਕਲਪ ਪੱਤਰ ਬਣਾਇਆ ਗਿਆ। ਹਰ ਪਿੰਡ ’ਚ ਮੈਡੀਕਲ ਕਲੀਨਿਕ ਬਣਾਵਾਂਗੇ। ਰਾਜ ਦੇ ਸਾਰੇ ਬਿਜਲੀ ਖ਼ਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਅਤੇ ਇਸ ਦੇ ’ਤੇ ਖ਼ਰਚ ਹੋਣ ਵਾਲੇ ਯੂਨਿਟ ਨੂੰ 3 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਪੈਸਾ ਵਸੂਲਣ ਅਤੇ 5 ਏਕੜ ਤੱਕ ਦੇ ਛੋਟੇ ਕਿਸਾਨਾਂ ਦਾ ਖੇਤੀਬਾੜੀ ਕਰਜ਼ਾ ਮੁਆਫ਼ ਕਰਨ ਦਾ ਸੰਕਲਪ ਐੱਨ. ਡੀ. ਏ. ਨੇ ਲਿਆ ਹੈ।
ਇਹ ਵੀ ਪੜ੍ਹੋ: ਬਲਵੰਤ ਸਿੰਘ ਰਾਮੂਵਾਲੀਆ ਨੇ PM ਮੋਦੀ ਨੂੰ ਲਿਖੀ ਚਿੱਠੀ, ਟਰੈਵਲ ਏਜੰਟਾਂ ਸਬੰਧੀ ਕੀਤੀ ਇਹ ਮੰਗ
ਇਸ ਦੇ ਨਾਲ ਹੀ ਸੰਕਲਪ ਪੱਤਰ ’ਚ ਇਹ ਵੀ ਕਿਹਾ ਗਿਆ ਹੈ ਕਿ ਬੇਅਦਬੀ ਦੇ ਮੁੱਦੇ ’ਤੇ ਭਾਜਪਾ ਗਠਜੋੜ ਵੱਲੋਂ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੰਕਲਪ ਪੱਤਰ ’ਚ ਨਾਮਜ਼ਦਗੀ ਭਰਨ ਤੋਂ ਪਹਿਲਾਂ ਡੋਪ ਟੈਸਟ ਜ਼ਰੂਰੀ ਹੋਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਸੰਕਲਪ ਪੱਤਰ ਜਾਰੀ ਕਰਨ ਦੌਰਾਨ ਕੇਂਦਰੀ ਮੰਤਰੀ ਹਰਦੀਪ ਪੁਰੀ, ਪੀ. ਐੱਲ. ਸੀ. ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਜਨਰਲ ਸਕੱਤਰ ਸੁਭਾਸ਼ ਸ਼ਰਮਾ ਮੌਜੂਦ ਰਹੇ।
ਇਹ ਵੀ ਪੜ੍ਹੋ: ਕਾਂਗਰਸ ਦਾ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ, ਸਟਾਰ ਪ੍ਰਚਾਰਕਾਂ ਦੀ ਸੂਚੀ ’ਚੋਂ ਕੱਟਿਆ ਨਾਂ
ਮੁੱਖ ਮੰਤਰੀ ਦੇ ਚਿਹਰੇ ’ਤੇ ਫ਼ੈਸਲਾ ਪਾਰਲੀਮੈਂਟਰੀ ਕਮੇਟੀ ਕਰੇਗੀ
ਗਠਜੋੜ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ, ਇਸ ਸਬੰਧ ਵਿਚ ਹਰਦੀਪ ਪੁਰੀ ਨੇ ਕਿਹਾ ਕਿ ਇਹ ਫ਼ੈਸਲਾ ਪਾਰਟੀ ਦੀ ਪਾਰਲੀਮੈਂਟਰੀ ਕਮੇਟੀ ਕਰੇਗੀ। ਕੈਪਟਨ ਨੇ ਕਿਹਾ ਕਿ ਸਾਡਾ ਟੀਚਾ ਪਹਿਲਾਂ ਚੋਣਾਂ ਲੜਨਾ ਹੈ। ਇਹ ਫ਼ੈਸਲਾ ਬਾਅਦ ਵਿਚ ਕੀਤਾ ਜਾਵੇਗਾ। ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਹ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਗਠਜੋੜ ਦਾ ਚਿਹਰਾ ਨਹੀਂ ਹੋਣਗੇ ਅਤੇ ਨਾ ਹੀ ਚੋਣਾਂ ਤੋਂ ਬਾਅਦ। ਮੁੱਖ ਮੰਤਰੀ ਦੇ ਚਿਹਰੇ ਦੇ ਸਬੰਧ ਵਿਚ ਹਰਦੀਪ ਪੁਰੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹੋਣਗੇ। ਪਾਰਟੀ ਇਸ ਨਾਲ ਕੋਈ ਇਤਫਾਕ ਨਹੀਂ ਰੱਖਦੀ ਹੈ। ਉੱਥੇ ਹੀ, ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੈਨੀਫੈਸਟੋ ਛੇਤੀ ਹੀ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਨੂਰਪੁਰਬੇਦੀ: ਢਾਈ ਸਾਲਾ ਬੱਚੀ ਦਾ ਨਾਂ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਦਰਜ, ਪ੍ਰਤਿਭਾ ਜਾਣ ਕਰੋਗੇ ਸਿਫ਼ਤਾਂ
ਇਹ ਹਨ 11 ਸੰਕਲਪ
1. ਸ਼ਾਂਤੀ ਅਤੇ ਭਾਈਚਾਰਾ ਭਾਜਪਾ ਗਠਜੋੜ ਦੇ ਏਜੰਡੇ ਵਿਚ ਸਿਖਰ ’ਤੇ ਹੈ।
2. ਰੇਤ, ਜਮੀਨ ਅਤੇ ਸ਼ਰਾਬ ਮਾਫ਼ੀਆਵਾਂ ਦੇ ਖ਼ਾਤਮੇ ਲਈ ਲੋਕਾਯੁਕਤ ਮਜ਼ਬੂਤ ਹੋਣਗੇ। ਖਨਨ ਅਥਾਰਿਟੀ ਦਾ ਗਠਨ ਕੀਤਾ ਜਾਵੇਗਾ।
3. ਨਸ਼ਾ ਸਮੱਗਲਿੰਗ ਰੋਕਣ ਲਈ ਸਖਤ ਕਾਨੂੰਨ ਬਣੇਗਾ।
4. ਰਾਜ ਦੇ ਸਰਕਾਰੀ ਵਿਭਾਗਾਂ ਵਿਚ ਸਾਰੀਆਂ ਆਸਾਮੀਆਂ ਨੂੰ ਸਰਕਾਰ ਬਣਨ ਦੇ ਇੱਕ ਸਾਲ ਅੰਦਰ ਭਰਿਆ ਜਾਵੇਗਾ। ਬੇਰੋਜ਼ਗਾਰ ਗ੍ਰੈਜੂਏਟ ਨੂੰ ਡਿਗਰੀ ਪੂਰੀ ਹੋਣ ਤੋਂ ਬਾਅਦ 2 ਸਾਲ ਲਈ 4000 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦਿੱਤਾ ਜਾਵੇਗਾ।
5. 5 ਏਕੜ ਤੋਂ ਘੱਟ ਜ਼ਮੀਨ ਵਾਲੇ ਸਾਰੇ ਕਿਸਾਨਾਂ ਨੂੰ ਖੇਤੀ ਕਰਜ਼ਾ ਮੁਆਫੀ ਦਿੱਤੀ ਜਾਵੇਗੀ।
6. ਹਰ ਪਿੰਡ/ਵਾਰਡ ਵਿਚ ਮੁਫ਼ਤ ਦਵਾਈਆਂ ਅਤੇ ਬੁਨਿਆਦੀ ਸਿਹਤ ਸੇਵਾਵਾਂ ਉਪਲੱਬਧ ਕਰਾਉਣ ਲਈ ਸਿਹਤ ਕਲੀਨਕ ਸਥਾਪਤ ਕੀਤੇ ਜਾਣਗੇ।
7. ਰਾਜ ਵਿਚ ਸਮਾਰਟ ਸਕੂਲ ਸਥਾਪਤ ਕੀਤੇ ਜਾਣਗੇ।
8. ਰਾਜ ਵਿਚ ਉਦਯੋਗਾਂ ਨੂੰ ਹੋਏ ਨੁਕਸਾਨ ’ਤੇ ਵਾਈਟ ਪੱਤਰ ਲਿਆਵਾਂਗੇ।
9. ਮੁੱਢਲੇ ਵਿਕਾਸ ’ਤੇ ਅਗਲੇ 5 ਸਾਲਾਂ ਵਿਚ 1 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ।
10. ਪੁਲਸ ਬਲ ਵਿਚ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ।
11. ਬਜ਼ੁਰਗਾਂ, ਵਿਕਲਾਂਗਾਂ ਅਤੇ ਵਿਧਵਾਵਾਂ ਲਈ ਪੈਨਸ਼ਨ ਦੀ ਰਾਸ਼ੀ ਵਧਾਕੇ 3000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ। ਠੇਕੇ ’ਤੇ ਕੰਮ ਕਰ ਰਹੇ ਅਧਿਆਪਕ, ਚੌਂਕੀਦਾਰ, ਆਂਗਨਵਾੜੀ ਵਰਕਰਾਂ ਸਮੇਤ ਸਾਰੇ ਵਰਕਰਾਂ ਨੂੰ ਪੱਕਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ: ਕਾਂਗਰਸ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ, ਸੋਨੀਆ ਗਾਂਧੀ ਸਮੇਤ ਇਹ ਆਗੂ ਆਉਣਗੇ ਪੰਜਾਬ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ