ਸੁਖਬੀਰ ਵਲੋਂ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇਣ ਦੀ ਕੀਤੀ ਗੱਲ ਮਹਿਜ਼ ਇਕ ਡਰਾਮਾ : ਬੀਬੀ ਭੱਠਲ (ਵੀਡੀਓ)
Tuesday, Oct 30, 2018 - 12:23 PM (IST)
ਫਤਿਹਗੜ੍ਹ ਸਾਹਿਬ (ਬਖਸ਼ੀ)—ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਕਚੰਮੂਰ ਕੱਢ ਕੇ ਹੁਣ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੀ ਕਹੀ ਜਾ ਰਹੀ ਗੱਲ ਸਿਰਫ ਇਕ ਕਾਗਜ਼ੀ ਬੰਬ ਤੇ ਡਰਾਮਾ ਹੈ। ਇਹ ਗੱਲ ਉਪ ਚੇਅਰਪਰਸਨ ਪੰਜਾਬ ਰਾਜ ਯੋਜਨਾ ਬੋਰਡ ਬੀਬੀ ਰਾਜਿੰਦਰ ਕੌਰ ਭੱਠਲ ਨੇ ਪੰਜਾਬ ਕਾਂਗਰਸ ਦੇ ਸਕੱਤਰ ਗੁਰਸਤਿੰਦਰ ਸਿੰਘ ਜੱਲ੍ਹਾ ਦੇ ਨਿਵਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਡਰਾਮਾ ਜਾਣ-ਬੁੱਝ ਕੇ ਕੀਤਾ ਹੈ ਤੇ ਬਰਗਾੜੀ ਕਾਂਡ ਵਿਚ ਜੋ ਕੁਝ ਹੋਇਆ, ਉਸ ਸਮੇਂ ਸੁਖਬੀਰ ਸਿੰਘ ਬਾਦਲ ਹੀ ਗ੍ਰਹਿ ਮੰਤਰੀ ਸਨ, ਜੋ ਇਸ ਦੇ ਜ਼ਿੰਮੇਵਾਰ ਹਨ। ਬੀਬੀ ਭੱਠਲ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਸਮੇਂ ਹੋਈ ਬੇਅਦਬੀ ਮਾਮਲੇ ਵਿਚ ਉਸ ਸਮੇਂ ਜਾਣ ਬੁdਝ ਕੇ ਸਮਾਂ ਕੱਢਿਆ ਜਾਂਦਾ ਰਿਹਾ ਅਤੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ 'ਤੇ ਹੀ ਇਸ ਦੀ ਜਾਂਚ ਕਰਵਾਈ ਗਈ। ਜੋ ਦੋਸ਼ੀ ਹਨ, ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
ਬੀਬੀ ਭੱਠਲ ਨੇ ਪੱਤਰਕਾਰਾਂ ਵਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਅਕਾਲੀ ਦਲ ਨੂੰ ਛੱਡ ਚੁੱਕੇ ਆਗੂਆਂ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਸਬੰਧੀ ਅਜੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਕਿਉਂਕਿ ਕਾਂਗਰਸ ਪਾਰਟੀ ਵਿਚ ਜੋ ਨੌਜਵਾਨ ਲੀਡਰ ਅੱਗੇ ਆਏ ਹਨ, ਉਹ ਮਿਹਨਤ ਨਾਲ ਲੋਕਾਂ ਦੀ ਸੇਵਾ ਵਿਚ ਕੰਮ ਕਰ ਰਹੇ ਹਨ ਅਤੇ ਜੇਕਰ ਕੋਈ ਚੰਗੀ ਸੋਚ ਵਾਲਾ ਆਗੂ ਪਾਰਟੀ ਵਿਚ ਸ਼ਾਮਲ ਹੋਣਾ ਚਾਹੇਗਾ ਤਾਂ ਉਸ 'ਤੇ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਹਲਕਾ ਬੱਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ., ਜ਼ਿਲਾ ਕਾਂਗਰਸ ਦੇ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ, ਪੰਜਾਬ ਕਾਂਗਰਸ ਦੇ ਸਕੱਤਰ ਗੁਰਸਤਿੰਦਰ ਸਿੰਘ ਜੱਲ੍ਹਾ, ਸੁਭਾਸ਼ ਸੂਦ, ਭੁਪਿੰਦਰ ਸਿੰਘ ਬਧੌਛੀ, ਗੁਰਮੁਖ ਸਿੰਘ ਪੰਡਰਾਲੀ, ਬਲਜਿੰਦਰ ਸਿੰਘ ਅਤਾਪੁਰ ਆਦਿ ਹਾਜ਼ਰ ਸਨ।
