ਅਕਾਲੀ ਦਲ 'ਤੇ ਸੰਕਟ ਦੇ ਬੱਦਲ, ਇਕ-ਦੋ ਸੀਨੀਅਰ ਨੇਤਾਵਾਂ ਦੇ ਅਸਤੀਫੇ ਦੀ ਚਰਚਾ!

Sunday, Sep 30, 2018 - 11:21 AM (IST)

ਅਕਾਲੀ ਦਲ 'ਤੇ ਸੰਕਟ ਦੇ ਬੱਦਲ, ਇਕ-ਦੋ ਸੀਨੀਅਰ ਨੇਤਾਵਾਂ ਦੇ ਅਸਤੀਫੇ ਦੀ ਚਰਚਾ!

ਚੰਡੀਗਡ਼੍ਹ, (ਅਸ਼ਵਨੀ)- ਸੀਨੀਅਰ ਅਕਾਲੀ ਨੇਤਾ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੋਂ ਇਕ-ਦੋ ਹੋਰ ਸੀਨੀਅਰ ਨੇਤਾਵਾਂ ਦੇ ਅਸਤੀਫੇ ਦੀ ਚਰਚਾ ਸ਼ੁਰੂ ਹੋ  ਗਈ ਹੈ। ਸਿਆਸੀ ਗਲਿਆਰਿਆਂ ’ਚ ਚਰਚਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ’ਤੇ ਅਕਾਲੀ ਦਲ ਦਾ ਰਵੱਈਆ ਜਿਸ ਤਰ੍ਹਾਂ ਦਾ ਰਿਹਾ ਹੈ, ਉਸ ਨੇ ਪਾਰਟੀ ਦੇ ਅਕਸ ਨੂੰ ਕਾਫ਼ੀ ਠੇਸ ਪਹੁੰਚਾਈ ਹੈ। ਉਤੋਂ  ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਪੰਜਾਬ ਵਿਧਾਨ ਸਭਾ ’ਚ ਵੀ ਪਾਰਟੀ ਪ੍ਰਮੁੱਖ ਦੇ ਫ਼ੈਸਲੇ ਸਿੱਖ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਨਹੀਂ ਰਹੇ ਹਨ।


ਇਸ ਲਈ ਸੀਨੀਅਰ ਨੇਤਾਵਾਂ ’ਚ ਕਾਫ਼ੀ ਨਾਰਾਜ਼ਗੀ ਹੈ। ਅਕਾਲੀ ਕਰਮਚਾਰੀਆਂ ’ਚ ਵੀ ਇਸ ਗੱਲ ਨੂੰ ਲੈ ਕੇ ਕਾਫ਼ੀ ਨਾਰਾਜ਼ਗੀ ਹੈ ਕਿ ਵਿਧਾਨ ਸਭਾ ’ਚ ਜਦੋਂ ਰਿਪੋਰਟ ਪੇਸ਼ ਹੋਈ ਤਾਂ ਅਕਾਲੀ ਨੇਤਾ ਵਿਧਾਨ ਸਭਾ ਵਿਚ ਮੌਜੂਦ ਨਹੀਂ ਸਨ। ਇਸ  ਕਾਰਨ ਰਿਪੋਰਟ ’ਤੇ ਨੇਤਾ ਮਜ਼ਬੂਤੀ ਨਾਲ ਜੋ ਆਪਣਾ ਪੱਖ ਰੱਖ ਸਕਦੇ ਸਨ, ਉਹ ਰੱਖਿਆ ਹੀ ਨਹੀਂ ਜਾ ਸਕਿਆ। 


ਅਕਾਲੀ ਨੇਤਾਵਾਂ ਦੀ ਗੈਰ-ਮੌਜੂਦਗੀ ਕਾਰਨ ਹੀ ਕਾਂਗਰਸ ਨੇਤਾਵਾਂ ਨੂੰ ਪੂਰੇ ਪੰਜਾਬ ’ਚ ਲਾਈਵ ਟੈਲੀਕਾਸਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਮਨਮਰਜ਼ੀ ਵਾਲੇ ਤਰੀਕੇ ਨਾਲ ਕੁੱਝ ਵੀ ਕਹਿਣ ਦਾ ਮੌਕਾ ਮਿਲਿਆ। ਜੇਕਰ ਅਕਾਲੀ ਨੇਤਾ ਵਿਧਾਨ ਸਭਾ ’ਚ ਮੌਜੂਦ ਰਹਿੰਦੇ ਤਾਂ ਘੱਟੋ-ਘੱਟ ਉਹ ਕਾਂਗਰਸੀ ਨੇਤਾਵਾਂ ਵਲੋਂ ਵਰਤੇ ਜਾ ਰਹੇ ਸ਼ਬਦਾਂ ਦੇ ਇਸਤੇਮਾਲ ’ਤੇ ਇਤਰਾਜ ਜਤਾ ਸਕਦੇ ਸਨ ਪਰ ਇਸ ਦੇ ਉਲਟ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਨੇਤਾ ਪ੍ਰਕਾਸ਼ ਸਿੰਘ ਬਾਦਲ ਖਿਲਾਫ ਅਪਸ਼ਬਦਾਂ ਦਾ ਇਸਤੇਮਾਲ ਕੀਤਾ। ਸੀਨੀਅਰ ਨੇਤਾਵਾਂ ’ਚ ਇਸ ਗੱਲ ਨੂੰ ਲੈ ਕੇ ਵੀ ਨਾਰਾਜ਼ਗੀ ਹੈ ਕਿ ਅਕਾਲੀ ਦਲ ਪ੍ਰਮੁੱਖ ਸੁਖਬੀਰ ਬਾਦਲ ਜ਼ਿਆਦਾਤਰ ਫ਼ੈਸਲੇ ਕੁੱਝ ਚੋਣਵੇਂ ਨੇਤਾਵਾਂ ਭਰੋਸੇ ਹੀ ਲੈਂਦੇ ਹਨ। ਇਹ ਗੱਲ ਵੀ ਕਈ ਸੀਨੀਅਰ ਨੇਤਾਵਾਂ ਨੂੰ ਰਡ਼ਕ ਰਹੀ ਹੈ।


Related News