ਸਿੱਧੂ ਦੇ ਅਸਤੀਫ਼ੇ ’ਤੇ ਸੁਖਬੀਰ ਦਾ ਤੰਜ਼, ‘ਪਹਿਲਾਂ ਕੈਪਟਨ ਤੇ ਹੁਣ ਕਾਂਗਰਸ ’ਤੇ ਡਿੱਗੀ ਮਿਸਗਾਈਡ ਮਿਜ਼ਾਈਲ’
Tuesday, Sep 28, 2021 - 06:25 PM (IST)
ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਸਿਆਸਤ ’ਚ ਨਵਜੋਤ ਸਿੱਧੂ ਦੇ ਅਸਤੀਫ਼ੇ ਨਾਲ ਆਏ ਭੂਚਾਲ ਨੂੰ ਲੈ ਕੇ ਸੁਖਬੀਰ ਬਾਦਲ ਨੇ ਨਵਜੋਤ ਸਿੰਘ ਸਿੱਧੂ ’ਤੇ ਤੰਜ਼ ਕੱਸਿਆ ਹੈ। ਉਨ੍ਹਾਂ ਨੇ ਸਿੱਧੂ ’ਤੇ ਤੰਜ਼ ਕੱਸਦਿਆਂ ਕਿਹਾ ਕਿ ਸਿੱਧੂ ਮਿਸਗਾਈਡਿਡ ਬੰਦਾ ਹੈ, ਪਤਾ ਨਹੀਂ ਇਹ ਮਿਸਗਾਈਡ ਮਿਜ਼ਾਈਲ ਕਿਸ ’ਤੇ ਡਿੱਗੂਗੀ ਤੇ ਕਿਸ ਨੂੰ ਮਾਰੇਗੀ। ਸੁਖਬੀਰ ਨੇ ਕਿਹਾ ਕਿ ਜਦੋਂ ਸਿੱਧੂ ਨੂੰ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਤਾਂ ਪਹਿਲਾਂ ਇਹ ਕੈਪਟਨ ’ਤੇ ਡਿੱਗੀ ਤੇ ਕਾਂਗਰਸ ਪਾਰਟੀ ’ਤੇ ਹੀ ਡਿੱਗ ਗਈ ਤੇ ਕਾਂਗਰਸ ਦਾ ਸਫ਼ਾਇਆ ਕਰ ਦਿੱਤਾ। ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ’ਚ ਹੰਕਾਰ ਹੈ, ਉਸ ’ਚ ਸਿਰਫ਼ ‘ਮੈਂ’ ਹੈ । ਸਿੱਧੂ ਦੇ ਪੰਜਾਬ ਨੂੰ ਬਚਾਉਣ ਦੀ ਗੱਲ ’ਤੇ ਪੱਤਰਕਾਰਾਂ ਨੂੰ ਜਵਾਬ ਦਿੰਦੇ ਹੋਏ ਬਾਦਲ ਨੇ ਕਿਹਾ ਕਿ ਜੇਕਰ ਸਿੱਧੂ ਪੰਜਾਬ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਉਹ ਪੰਜਾਬ ਛੱਡ ਕੇ ਮੁੰਬਈ ਚਲਾ ਜਾਵੇ।
ਇਹ ਵੀ ਪੜ੍ਹੋ : ਕਿਉਂ ਦਿੱਤਾ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ, ਜਾਣੋ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਗੱਲ ਨਵਜੋਤ ਸਿੰਘ ਸਿੱਧੂ ਨੇ ਬਕਾਇਦਾ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਅਸਤੀਫ਼ੇ ਦੀ ਕਾਪੀ ਅਪਲੋਡ ਕਰ ਕੇ ਸਭ ਨੂੰ ਦਿੱਤੀ ਹੈ। ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿੱਤੇ ਅਸਤੀਫੇ ਵਿੱਚ ਸਿੱਧੂ ਨੇ ਲਿਖਿਆ ਹੈ ਕਿ ਉਹ ਪੰਜਾਬ ਦੇ ਭਵਿੱਖ ਨਾਲ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਹਮੇਸ਼ਾ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦੇ ਹਨ। ਕੈਪਟਨ ਅਮਰਿੰਦਰ ਸਿੰਘ ਵਲੋਂ ਜਦੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਗਿਆ ਤਾਂ ਨਵਜੋਤ ਨੇ ਹਾਈਕਮਾਂਡ ਨੂੰ ਕਿਹਾ ਕਿ ਉਹ ਉਸ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦੇਣ।
ਇਹ ਵੀ ਪੜ੍ਹੋ : ‘ਜਿਸ ਮੰਜੀ ’ਤੇ ਬੈਠੇ ਮੁੱਖ ਮੰਤਰੀ ਚੰਨੀ ਉਸੇ ’ਤੇ ਡੀ. ਐੱਸ. ਪੀ. ਰੋਮਾਣਾ ਪੈਰ ਰੱਖ ਕੇ ਖੜ੍ਹੇ ਰਹੇ’