ਮੁਹੱਲਾ ਨਿਵਾਸੀਆਂ ਨੇ ਡੀ. ਸੀ. ਦਫਤਰ ਅੱਗੇ ਲਾਇਆ ਧਰਨਾ

06/23/2018 5:37:14 AM

ਕਪੂਰਥਲਾ, (ਗੁਰਵਿੰਦਰ ਕੌਰ)- ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ (ਰਜਿ.) ਪੰਜਾਬ ਤੇ ਮੁਹੱਲਾ ਪੁਰਾਣੀ ਦਾਣਾ ਮੰਡੀ ਨਿਵਾਸੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਰੋਸ ਮਾਰਚ ਕੱਢਿਆ ਗਿਆ, ਜੋ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਡੀ. ਸੀ. ਕਪੂਰਥਲਾ ਦਫਤਰ ਅੱਗੇ ਪਹੁੰਚਿਆ ਤੇ ਧਰਨਾ ਲਾਇਆ, ਜਿਸ ਤੋਂ ਬਾਅਦ ਮੋਰਚੇ ਦੇ ਆਗੂਆਂ ਤੇ ਨਿਵਾਸੀਆਂ ਨੇ ਮੰਗਾਂ ਸਬੰਧੀ ਇਕ ਮੰਗ ਪੱਤਰ ਏ. ਡੀ. ਸੀ. (ਜ) ਕਪੂਰਥਲਾ ਰਾਹੁਲ ਚਾਬਾ ਨੂੰ ਦਿੱਤਾ। 
ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਰੀਬ 60 ਸਾਲ ਤੋਂ ਗਰੀਬ ਤੇ ਦਲਿਤ ਲੋਕਾਂ ਵਲੋਂ ਆਪਣੀ ਮਿਹਨਤ ਨਾਲ ਪੱਕੇ ਘਰ ਬਣਾ ਕੇ ਪੁਰਾਣੀ ਦਾਣਾ ਮੰਡੀ ਕਪੂਰਥਲਾ ਤੇ ਨੇੜੇ ਟਰੀਟਮੈਂਟ ਪਲਾਂਟ ਕਪੂਰਥਲਾ ਵਿਖੇ ਜੋ ਪਰਿਵਾਰਾਂ ਸਮੇਤ ਰਹਿ ਰਹੇ ਹਨ, ਉਨ੍ਹਾਂ ਨੂੰ ਨਗਰ ਕੌਂਸਲ ਕਪੂਰਥਲਾ ਵੱਲੋਂ ਘਰ ਢਾਹੁਣ ਦੇ ਨੋਟਿਸ ਦਿੱਤੇ ਗਏ ਹਨ, ਜੋ ਗਰੀਬ ਤੇ ਆਮ ਲੋਕਾਂ ਨਾਲ ਸਰਾਸਰ ਧੱਕੇਸ਼ਾਹੀ ਹੈ। 
ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੈਪਟਨ ਸਰਕਾਰ ਵੱਲੋਂ ਅਨੇਕਾਂ ਵਾਅਦੇ ਕੀਤੇ ਗਏ, ਜਿਨ੍ਹਾਂ 'ਚੋਂ ਇਕ ਵਾਅਦਾ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟ ਤੇ ਘਰ ਬਣਾ ਕੇ ਦੇਣ ਸੀ ਪਰ ਸਰਕਾਰ ਵੱਲੋਂ ਇਸਦੇ ਉਲਟ ਗਰੀਬ ਲੋਕਾਂ ਵਲੋਂ ਜੋ ਆਪਣੀ ਮਿਹਨਤ ਨਾਲ ਕਈ ਸਾਲਾਂ ਤੋਂ ਪੱਕੇ ਘਰ ਬਣਾਏ ਹਨ, ਉਨ੍ਹਾਂ ਨੂੰ ਉਜਾੜਨ ਜਾ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਹਿੰਦਰ ਸਿੰਘ ਬਲੇਰ ਜਨਰਲ ਸਕੱਤਰ ਪੰਜਾਬ ਨੇ ਮੰਗ ਕੀਤੀ ਕਿ ਗਰੀਬ ਦਲਿਤ ਤੇ ਆਮ ਲੋਕਾਂ ਦੇ ਘਰਾਂ ਨੂੰ ਜਬਰੀ ਢਹਿ-ਢੇਰੀ ਕਰ ਕੇ ਉਜਾੜਨਾ ਬੰਦ ਕੀਤਾ ਜਾਵੇ। 
ਇਹ ਹਨ ਮੁੱਖ ਮੰਗਾਂ
- 20 ਸਾਲ ਤੋਂ ਘਰ ਬਣਾ ਕੇ ਰਹਿ ਰਹੇ ਗਰੀਬ ਤੇ ਆਮ ਲੋਕਾਂ ਨੂੰ ਉਸ ਦਾ ਮਾਲਕੀ ਹੱਕ ਦਿੱਤਾ ਜਾਵੇ।
- ਗਰੀਬ ਤੇ ਆਮ ਲੋਕਾਂ ਨਾਲ ਧੱਕੇਸ਼ਾਹੀ ਬੰਦ ਕੀਤੀ ਜਾਵੇ।
- ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ।
- ਗਰੀਬ ਤੇ ਖੇਤ ਮਜ਼ਦੂਰਾਂ ਦਾ ਮੁਕੰਮਲ ਕਰਜ਼ਾ ਮੁਆਫ ਕੀਤਾ ਜਾਵੇ।
- ਬੇਘਰੇ ਲੋਕਾਂ ਨੂੰ 10-10 ਮਰਲੇ ਦੇ ਪਲਾਟ ਅਲਾਟ ਕੀਤੇ ਜਾਣ।
- ਘਰ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ।
- ਪੰਚਾਇਤੀ ਤੇ ਸ਼ਾਮਲਾਤ ਜ਼ਮੀਨਾਂ ਦਾ 1/3 ਹਿੱਸਾ ਗਰੀਬ ਤੇ ਖੇਤ ਮਜ਼ਦੂਰਾਂ ਨੂੰ ਦਿੱਤਾ ਜਾਵੇ।
- ਗਰੀਬ ਤੇ ਦਲਿਤ ਨੌਜਵਾਨਾਂ 'ਤੇ ਐੱਨ. ਡੀ. ਪੀ. ਐੱਸ. ਦੇ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ।
- ਐੱਸ. ਸੀ. ਵਰਗ ਨੂੰ ਅਲਾਟ ਹੋਇਆ 16523 ਏਕੜ ਨਜ਼ੂਲ ਲੈਂਡ ਜ਼ਮੀਨਾਂ ਦਾ ਮਾਲਕਾਨਾ ਹੱਕ ਦਿੱਤਾ ਜਾਵੇ।
- ਪੜ੍ਹੇ-ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇ।
- ਜਦ ਤੱਕ ਨੌਕਰੀ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਪ੍ਰਤੀ ਮਹੀਨਾ 5 ਹਜ਼ਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ।
- ਗਰੀਬ ਦਲਿਤ, ਆਮ ਲੋਕਾਂ ਤੇ ਅੰਗਹੀਣ ਵਿਅਕਤੀਆਂ ਨੂੰ 200 ਯੂਨਿਟ ਬਿਜਲੀ ਤੇ ਪਾਣੀ ਮੁਫਤ ਦਿੱਤੀ ਜਾਵੇ।
ਇਹ ਸਨ ਹਾਜ਼ਰ
ਰੋਸ ਮਾਰਚ ਦੌਰਾਨ ਮਹਿੰਦਰ ਸਿੰਘ ਬਲੇਰ ਜਨਰਲ ਸਕੱਤਰ ਪੰਜਾਬ, ਜ਼ਿਲਾ ਪ੍ਰਧਾਨ ਕਪੂਰਥਲਾ ਤਰਸੇਮ ਸਿੰਘ ਠੱਟਾ, ਸਤਨਾਮ ਸਿੰਘ ਗਿੱਲ, ਗੁਰਨਾਮ ਸਿੰਘ ਕਾਦੂਪੁਰ, ਬਲਵਿੰਦਰ ਸਿੰਘ ਘਾਰੂ, ਸਰਵਣ ਸਿੰਘ ਰੋਮੀ, ਸਰਕਲ ਪ੍ਰਧਾਨ ਸੁਭਾਨਪੁਰ, ਗੁਰਜੰਟ ਸਿੰਘ, ਜਸਪਾਲ ਸਿੰਘ ਰਜਧਾਨ, ਮੰਗਲ ਸਿੰਘ ਮੰਗਾ, ਜਥੇ. ਬਲਵਿੰਦਰ ਸਿੰਘ, ਜੋਗਾ ਸਿੰਘ, ਜਸਪਾਲ ਸਿੰਘ ਮੈਣਵ, ਸੋਨੂੰ ਢਪੱਈ, ਜਥੇ. ਹੀਰਾ ਸਿੰਘ, ਹਰਜਿੰਦਰ ਮੱਟੂ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।  


Related News