ਪਾਣੀ ਦੇ ਕੁਨੈਕਸ਼ਨ ਨੂੰ ਲੈ ਕੇ ਆਪਸ ''ਚ ਭਿੜੇ ਮੁਹੱਲਾ ਵਾਸੀ ਤੇ ਕੌਂਸਲਰ
Friday, Nov 06, 2020 - 12:57 AM (IST)
ਜਲੰਧਰ,(ਮ੍ਰਿਦੁਲ)– ਬਸਤੀ ਪੀਰਦਾਦ ਇਲਾਕੇ ਵਿਚ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪਾਣੀ ਦੇ ਕੁਨੈਕਸ਼ਨ ਨੂੰ ਲੈ ਕੇ ਦੋ ਧਿਰਾਂ ਆਪਸ ਵਿਚ ਭਿੜ ਗਈਆਂ। ਇਕ ਪਾਸੇ ਕੌਂਸਲਰ ਲਖਬੀਰ ਸਿੰਘ ਬਾਜਵਾ ਤੇ ਉਨ੍ਹਾਂ ਦਾ ਬੇਟਾ ਰਾਹੁਲ ਬਾਜਵਾ ਸਨ ਅਤੇ ਦੂਜੇ ਪਾਸੇ ਮੁਹੱਲਾ ਵਾਸੀ। ਝਗੜੇ ਵਿਚ ਕੁੱਟਮਾਰ ਤੋਂ ਬਾਅਦ ਮੁਹੱਲਾ ਵਾਸੀਆਂ ਵੱਲੋਂ ਕੌਂਸਲਰ ਦੇ ਬੇਟੇ ਰਾਹੁਲ ’ਤੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਹਵਾ ਵਿਚ ਗੋਲੀ ਚਲਾਉਣ ਦਾ ਦੋਸ਼ ਲਾਇਆ। ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਦੇ ਲੋਕ ਐੱਮ. ਐੱਲ. ਆਰ. ਕਟਵਾ ਕੇ ਸਿਵਲ ਹਸਪਤਾਲ ਵਿਚ ਦਾਖਲ ਹੋ ਗਏ ਹਨ।
ਇਕ ਪਾਸੇ ਮੁਹੱਲਾ ਵਾਸੀ ਪੀੜਤ ਸੰਨੀ ਪੁੱਤਰ ਕਮਲਜੀਤ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਕੌਂਸਲਰ ਲਖਬੀਰ ਬਾਜਵਾ ਕਿਸੇ ਹੋਰ ਕਾਲੋਨੀ ਵਿਚ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਪਾਣੀ ਦਾ ਕੁਨੈਕਸ਼ਨ ਲਗਵਾਉਣ ਲਈ ਆਏ ਸਨ। ਜਦੋਂ ਉਨ੍ਹਾਂ ਇਸ ਦਾ ਵਿਰੋਧ ਕੀਤਾ ਤਾਂ ਇਸ ਦੌਰਾਨ ਬਹਿਸਬਾਜ਼ੀ ਸ਼ੁਰੂ ਹੋ ਗਈ। ਇਸੇ ਦੌਰਾਨ ਪਿੱਛਿਓਂ ਆਏ ਕੌਂਸਲਰ ਦੇ ਬੇਟੇ ਰਾਹੁਲ ਬਾਜਵਾ ਨੇ ਕੁੱਟਮਾਰ ਕੀਤੀ ਅਤੇ ਲਾਇਸੈਂਸੀ ਰਿਵਾਲਵਰ ਨਾਲ ਫਾਇਰ ਕਰ ਦਿੱਤਾ। ਰਾਹੁਲ ਨੇ ਕੁੱਟਮਾਰ ਦੌਰਾਨ ਉਨ੍ਹਾਂ ਦੇ ਸਿਰ ’ਤੇ ਬੱਟ ਮਾਰਨ ਤੋਂ ਬਾਅਦ ਸੰਨੀ ਅਤੇ ਵਿਕਰਮ ਨੂੰ ਵੀ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਉਥੋਂ ਭੱਜ ਕੇ ਆਪਣੀ ਜਾਨ ਬਚਾਈ।
ਦੂਜੇ ਪਾਸੇ ਕੌਂਸਲਰ ਲਖਬੀਰ ਸਿੰਘ ਬਾਜਵਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਇਕ ਰਿਸ਼ਤੇਦਾਰ 2 ਮਰਲੇ ਵਿਚ ਬਸਤੀ ਪੀਰਦਾਦ ਵਿਖੇ ਘਰ ਬਣਾ ਰਿਹਾ ਹੈ, ਜਿਸ ਨੂੰ ਉਹ ਪਾਣੀ ਦਾ ਕੁਨੈਕਸ਼ਨ ਦੇਣ ਸਬੰਧੀ ਗਏ ਸਨ। ਦੇਖਦੇ ਹੀ ਦੇਖਦੇ ਸੰਨੀ ਉਸਦੇ ਦੋਸਤ ਤੇ ਉਸਦੀ ਭੈਣ, ਜੋ ਕਿ ਪੰਜਾਬ ਪੁਲਸ ਵਿਚ ਤਾਇਨਾਤ ਹੈ, ਇਸ ਗੱਲ ਨੂੰ ਲੈ ਕੇ ਝਗੜਾ ਕਰਨ ਲੱਗੀ ਤੇ ਇੰਨੇ ਵਿਚ ਸੰਨੀ ਅਤੇ ਉਸਦੇ ਸਾਥੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
ਇੰਨੇ ਵਿਚ ਜਦੋਂ ਉਨ੍ਹਾਂ ਦਾ ਬੇਟਾ ਰਾਹੁਲ ਬਚਾਅ ਲਈ ਅੱਗੇ ਆਇਆ ਤਾਂ ਉਨ੍ਹਾਂ ਉਸ ਨੂੰ ਵੀ ਘੇਰ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੀ ਹੀ ਰਿਵਾਲਵਰ ਨਾਲ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਹਵਾਈ ਫਾਇਰ ਕੀਤੇ। ਚੰਗੀ ਕਿਸਮਤ ਨੂੰ ਗੋਲੀ ਉਨ੍ਹਾਂ ਨੂੰ ਨਹੀਂ ਲੱਗੀ ਪਰ ਇਸ ਦੌਰਾਨ ਉਹ ਅਤੇ ਉਨ੍ਹਾਂ ਦਾ ਬੇਟਾ, 2 ਦੋਸਤ ਜ਼ਖ਼ਮੀ ਹੋ ਗਏ। ਹਸਪਤਾਲ ਵਿਚ ਜ਼ਖ਼ਮੀ ਲਖਬੀਰ ਬਾਜਵਾ ਅਤੇ ਉਨ੍ਹਾਂ ਦੇ ਬੇਟੇ ਦਾ ਹਾਲ-ਚਾਲ ਪੁੱਛਣ ਲਈ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਵੀ ਪਹੁੰਚੇ।
ਐੱਸ. ਐੱਚ. ਓ. ਅਨਿਲ ਕੁਮਾਰ ਨੇ ਕਿਹਾ ਕਿ ਫਿਲਹਾਲ ਦੋਵਾਂ ਧਿਰਾਂ ਵੱਲੋਂ ਐੱਮ.ਐੱਲ. ਆਰ. ਨਹੀਂ ਆਈ ਹੈ। ਹਾਲਾਂਕਿ ਇਕ ਧਿਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਮੌਕੇ ’ਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣ ਕਾਰਣ ਉਨ੍ਹਾਂ ਦੀ ਫੁਟੇਜ ਵੀ ਕਬਜ਼ੇ ਵਿਚ ਲੈ ਲਈ ਗਈ ਹੈ।