ਪ੍ਰਸ਼ਾਸਨ ਪ੍ਰੇਸ਼ਾਨ, ਵਾਰ-ਵਾਰ ਬਦਲ ਰਿਹਾ ਗਣਤੰਤਰ ਦਿਵਸ ਦਾ ਮਹਿਮਾਨ
Wednesday, Jan 22, 2020 - 05:29 PM (IST)
ਲੁਧਿਆਣਾ (ਸ਼ਾਰਦਾ) : ਗਣਤੰਤਰ ਦਿਵਸ ਦੀਆਂ ਤਿਆਰੀਆਂ 'ਚ ਲੱਗੇ ਜ਼ਿਲਾ ਪ੍ਰਸ਼ਾਸਨ ਲਈ 'ਨਹਾਤੀ ਧੋਤੀ ਰਹਿ ਗਈ-ਨੱਕ 'ਤੇ ਮੱਖੀ ਵਹਿ ਗਈ' ਕਹਾਵਤ ਯਕੀਨਨ ਫਿੱਟ ਬੈਠਦੀ ਨਜ਼ਰ ਆ ਰਹੀ ਹੈ। ਅਸਲ 'ਚ ਸਰਕਾਰ ਵੱਲੋਂ 26 ਜਨਵਰੀ 'ਤੇ ਹੋਣ ਵਾਲੇ ਸਰਕਾਰੀ ਸਮਾਗਮ ਸਬੰਧੀ ਮੰਤਰੀ ਜਿਸ ਦਾ ਨਾਮ ਬਤੌਰ ਮੁੱਖ ਮਹਿਮਾਨ ਤੈਅ ਕੀਤਾ ਗਿਆ ਸੀ, ਉਸ ਨੂੰ ਹੁਣ ਤੱਕ ਤਿੰਨ ਵਾਰ ਬਦਲਿਆ ਜਾ ਚੁੱਕਾ ਹੈ। ਗਣਤੰਤਰ ਦਿਵਸ ਸਮਾਗਮ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਨੂੰ ਸਰਕਾਰ ਵੱਲੋਂ ਪਹਿਲੀ ਵਾਰ ਭੇਜੇ ਗਏ ਸੁਨੇਹੇ 'ਚ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਦਾ ਨਾਮ ਲੁਧਿਆਣਾ 'ਚ ਬਤੌਰ ਮੁੱਖ ਮਹਿਮਾਨ ਗਣਤੰਤਰ ਦਿਵਸ ਸਮਾਗਮ 'ਚ ਤੈਅ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨਿਕ ਤਿਆਰੀਆਂ 'ਚ ਡੀ. ਸੀ. ਦਫਤਰ ਜੁੱਟ ਗਿਆ ਅਤੇ ਸੱਦਾ ਪੱਤਰ ਸਮੇਤ ਹੋਰ ਜ਼ਰੂਰੀ ਸਮੱਗਰੀ ਤਿਆਰ ਕਰਨ ਲਈ ਆਰਡਰ ਵੀ ਦੇ ਦਿੱਤਾ ਗਿਆ ਪਰ 17 ਜਨਵਰੀ ਨੂੰ ਆਏ ਨਵੇਂ ਸੁਨੇਹੇ 'ਚ ਪਹਿਲੇ ਹੁਕਮਾਂ 'ਚ ਸੋਧ ਕਰਦੇ ਹੋਏ ਮਹਾਨਗਰ 'ਚ ਪੇਂਡੂ ਦਿਵਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਨਾਮ ਤੈਅ ਹੋਣ ਦੀ ਗੱਲ ਕਹੀ ਗਈ।
ਇਨ੍ਹਾਂ ਹੁਕਮਾਂ ਤੋਂ ਬਾਅਦ ਪ੍ਰਸ਼ਾਸਨ ਪ੍ਰਿਟਿੰਗ ਸਮੱਗਰੀ 'ਚ ਬਦਲਾਅ ਕਰਨ 'ਚ ਜੁਟ ਗਿਆ ਕਿ ਅਚਾਨਕ ਉੱਪਰੋਂ ਆਏ ਹੁਕਮਾਂ 'ਚ ਫਿਰ ਨਾਮ ਨੂੰ ਬਦਲਣ ਦੀ ਹਦਾਇਤ ਮਿਲੀ ਅਤੇ ਇਸ ਵਾਰ ਯੁਵਾ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਨਾਮ ਦਾ ਸੁਨੇਹਾ ਪ੍ਰਸ਼ਾਸਨ ਨੂੰ ਮਿਲਿਆ। ਹੁਣ ਜਦੋਂਕਿ ਗਣਤੰਤਰ ਦਿਵਸ ਨੂੰ ਸਿਰਫ 5 ਦਿਨ ਬਾਕੀ ਹੈ। ਫਿਰ ਮਹਿਮਾਨ ਬਦਲਣ ਦੀ ਖਬਰ ਨੇ ਮੁਲਾਜ਼ਮਾਂ ਦੀ ਨੀਂਦ ਉਡਾਈ ਹੋਈ ਹੈ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਡੀ. ਸੀ. ਦਫਤਰ ਦੀ ਸਮੱਗਰੀ ਪ੍ਰਿੰਟ ਕਰਨ ਦਾ ਕੰਮ ਕਰਨ ਵਾਲੀ ਪ੍ਰੈੱਸ ਨੂੰ ਹੈ, ਜੋ ਸੱਦਾ ਪੱਤਰ ਸਮੇਤ ਹੋਰ ਸਮੱਗਰੀ ਛਾਪ ਕੇ ਸਾਰੀ ਤਿਆਰੀ ਕਰ ਚੁੱਕੇ ਹਨ। ਮੰਗਲਵਾਰ ਨੂੰ ਇਕ ਵਾਰ ਫਿਰ ਸਾਰਾ ਦਿਨ ਮੁਲਾਜ਼ਮ ਨਵੇਂ ਮਹਿਮਾਨ ਦਾ ਇੰਤਜ਼ਾਰ ਕਰਦੇ ਰਹੇ ਤਾਂਕਿ ਸਮਾਗਮ ਦੇ ਨਵੇਂ ਸੱਦੇ ਲੁਕੋਏ ਜਾ ਸਕਣ, ਕਿਉਂਕਿ ਇਨ੍ਹਾਂ ਨੂੰ ਅੱਗੇ ਮਹਿਮਾਨਾਂ ਤੱਕ ਸਮਾਂ ਰਹਿੰਦੇ ਭੇਜਣ ਦੀ ਜਿੰਮੇਦਾਰੀ ਵੀ ਉਨ੍ਹਾਂ ਦੇ ਹੀ ਮੋਢਿਆਂ 'ਤੇ ਹੈ।