ਮੁੱਠੀ ਭਰ ਲੋਕਾਂ ਦੇ ਘਰ ਚਿਰਾਗ ਬਾਲ ਕੇ ਹਾਕਮਾਂ ਨੇ ਬਹੁਤਿਆਂ ਘਰ ਫੈਲਾਇਆ ਹਨੇਰਾ

Saturday, Jan 27, 2018 - 01:34 PM (IST)

ਮੁੱਠੀ ਭਰ ਲੋਕਾਂ ਦੇ ਘਰ ਚਿਰਾਗ ਬਾਲ ਕੇ ਹਾਕਮਾਂ ਨੇ ਬਹੁਤਿਆਂ ਘਰ ਫੈਲਾਇਆ ਹਨੇਰਾ

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ)— ਜਦੋਂ ਭਾਰਤ ਆਜ਼ਾਦ ਹੋਇਆ ਸੀ ਤਾਂ ਉਦੋਂ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰਤਾ ਦਾ ਹੱਕ ਦੇਣ ਦੀ ਗੱਲ ਕੀਤੀ ਗਈ ਸੀ ਪਰ ਗਣਤੰਤਰ ਦਿਵਸ ਦੀ 69ਵੀਂ ਵਰ੍ਹੇਗੰਢ ਮੌਕੇ ਜੇਕਰ ਇਸ ਸਬੰਧੀ ਲੇਖਾ ਜੋਖਾ ਕਰੀਏ ਤਾਂ ਇਹ ਸਭ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ। ਗੁਲਾਮ ਭਾਰਤ ਨਾਲੋਂ ਵਧੇਰੇ ਚੁਣੌਤੀਆਂ ਆਜ਼ਾਦ ਭਾਰਤ 'ਚ ਮੂੰਹ ਅੱਡੀ ਖੜ੍ਹੀਆਂ ਹਨ। ਦੇਸ਼ ਦੇ ਆਵਾਮ ਦਾ ਵੱਡਾ ਹਿੱਸਾ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਅਤੇ ਬਹੁਪੱਖੀ ਚੁਣੌਤੀਆਂ ਦਾ ਸ਼ਿਕਾਰ ਹੈ। ਹੁਣ ਤੱਕ ਦੀਆਂ ਸਰਕਾਰਾਂ ਇਨ੍ਹਾਂ ਚੁਣੌਤੀਆਂ ਨੂੰ ਕਾਬੂ ਕਰਨ 'ਚ ਬੁਰੀ ਤਰ੍ਹਾਂ ਅਸਫਲ ਰਹੀਆਂ ਹਨ। 
ਕਿਸ ਦਾ ਵਿਕਾਸ ਤੇ ਕਿਸ ਦਾ ਵਿਨਾਸ਼?
ਅੱਜ ਤੱਕ ਸਰਕਾਰਾਂ ਇਸ ਸੱਚ ਨੂੰ ਕਬੂਲਦੀਆਂ ਆ ਰਹੀਆਂ ਹਨ ਕਿ ਦੇਸ਼ 'ਚ 35 ਕਰੋੜ ਤੱਕ ਲੋਕ ਗਰੀਬੀ ਰੇਖਾ ਤੋਂ ਹੇਠਲਾ ਜੀਵਨ ਬਸਰ ਕਰ ਰਹੇ ਹਨ, ਜਦੋਂਕਿ ਆਰਥਿਕ ਮਾਹਿਰਾਂ ਅਤੇ ਸਮਾਜ ਸ਼ਾਸਤਰੀਆਂ ਅਨੁਸਾਰ ਦੇਸ਼ ਦੀ ਇਕ ਚੌਥਾਈ ਤੋਂ ਲੈ ਕੇ ਇਕ ਤਿਹਾਈ ਤੱਕ ਵਸੋਂ ਆਰਥਿਕ ਦੁਰਦਸ਼ਾ ਦੀ ਸ਼ਿਕਾਰ ਹੈ। ਆਜ਼ਾਦੀ ਤੋਂ 44 ਸਾਲ ਪਹਿਲਾਂ ਤੱਕ ਦੇਸ਼ 'ਚ ਕੋਈ ਵੀ ਵਿਅਕਤੀ ਅਰਬਪਤੀ ਨਹੀਂ ਸੀ ਅਤੇ ਬਾਅਦ 'ਚ ਇਸ ਅੰਕੜੇ 'ਚ ਜਾਗੀਰਦਾਰ, ਪੂੰਜੀਪਤੀ ਅਤੇ ਸਨਅਤਕਾਰ ਵਰਗ ਆ ਮਿਲਿਆ। ਜਦੋਂ ਕਿ ਆਮ ਆਦਮੀ ਉੱਥੇ ਦਾ ਉੱਥੇ ਹੀ ਖੜ੍ਹਾ ਰਿਹਾ। ਦੇਸ਼ ਦੀ ਰਾਜਧਾਨੀ 'ਚ 700 ਤੋਂ ਵੱਧ ਸੰਸਦ ਮੈਂਬਰਾਂ ਲਈ ਬੰਗਲੇ ਮੌਜੂਦ ਹਨ ਪਰ ਸਿਰ ਢੱਕਣ ਦੀ ਅਣਹੋਂਦ ਹਰ ਸਰਦੀ ਦੀ ਰੁੱਤ 'ਚ ਦਰਜਨਾਂ ਜਾਨਾਂ ਲੈਂਦੀ ਹੈ।

PunjabKesari
ਕੀ ਹੈ ਬੁਨਿਆਦੀ ਸਹੂਲਤਾਂ ਦਾ ਦੁਖਾਂਤ?
ਗੱਲ ਸਿੱਖਿਆ, ਸਿਹਤ, ਰੋਜ਼ਗਾਰ ਤੇ ਸੁਰੱਖਿਆ ਦੀ ਕਰੀਏ ਤਾਂ ਇਨ੍ਹਾਂ ਤਾਮਾਮ ਪੱਖਾਂ ਤੋਂ ਦੇਸ਼ ਵਿਆਪਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਔਰਤਾਂ ਦੀ ਆਜ਼ਾਦੀ 'ਤੇ ਨਿੱਤ ਦਿਨ ਡਾਕਾ ਪੈ ਰਿਹਾ ਹੈ। ਆਰਥਿਕ ਪੱਖੋਂ ਕੰਗਾਲ ਅੰਨਦਾਤਾ ਖੁਦਕੁਸ਼ੀਆਂ ਕਰ ਰਿਹਾ ਹੈ। ਬੇਰੋਜ਼ਗਾਰੀ ਦਾ ਸ਼ਿਕਾਰ ਨੌਜਵਾਨ ਵਰਗ ਸੜਕਾਂ 'ਤੇ ਰੁਲ ਰਿਹਾ ਹੈ ਤੇ ਨਸ਼ੇੜੀ ਬਣ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਦੇਸ਼ ਦੀ 50 ਫੀਸਦੀ ਆਬਾਦੀ ਨੂੰ ਦੋ ਡੰਗ ਦੀ ਰੋਟੀ ਪ੍ਰਾਪਤ ਨਹੀਂ ਹੋ ਰਹੀ। 70 ਕਰੋੜ ਤੋਂ ਵਧੇਰੇ ਲੋਕ ਗਰੀਬੀ ਰੇਖਾ ਤੋਂ ਹੇਠਲੇ ਪੱਧਰ ਦਾ ਜੀਵਨ ਬਸਰ ਕਰ ਰਹੇ ਹਨ। 10 ਲੱਖ ਲੋਕ ਪ੍ਰਤੀ ਸਾਲ ਸਿਹਤ ਸੂਹਲਤਾਂ ਦੀ ਅਣਹੋਂਦ ਕਾਰਨ ਮੌਤ 'ਚ ਮੂੰਹ ਪੈ ਰਹੇ ਹਨ। ਹਰ ਪੰਜ ਬੱਚਿਆਂ ਤੋਂ ਬਾਅਦ ਇਕ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ। ਜਬਰੀ ਪੱਤ ਲੁੱਟਣ ਦੇ ਹਾਦਸੇ ਮਾਨਵਤਾ ਦਾ ਹਿਰਦਾ ਝਿੰਜੋੜ ਰਹੇ ਹਨ। ਯੂਨੀਸੈਫ ਵੱਲੋਂ ਪ੍ਰਕਾਸ਼ਤ 2017 ਦੀ ਰਿਪੋਰਟ ਅਨੁਸਾਰ ਸਮੁੱਚੇ ਭਾਰਤ 'ਚ 19 ਕਰੋੜ ਲੋਕ ਕੁਪੋਸ਼ਣ ਦੀ ਤ੍ਰਾਸਦੀ ਦਾ ਸ਼ਿਕਾਰ ਹਨ। ਸਿੱਖਿਆ ਦਾ ਨਿੱਜੀਕਰਨ ਆਮ ਵਰਗ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੀ ਪਹੁੰਚ ਤੋਂ ਕਿਤੇ ਦੂਰ ਲੈ ਗਿਆ ਹੈ।
ਗਲੋਬਲ ਵੈਲਥ ਆਊਟਲੁੱਕ ਦੀ ਰਿਪੋਰਟ ਦਾ ਸੱਚ
ਰਿਪੋਰਟ ਅਨੁਸਾਰ ਦੇਸ਼ ਦੇ ਹੁਕਮਰਾਨਾਂ ਵੱਲੋਂ 1991-92 ਤੋਂ ਉਦਾਰਵਾਦੀ ਵਿੱਤੀ ਨੀਤੀਆਂ ਅਪਣਾਉਣ ਉਪਰੰਤ ਮੱਧ ਤੇ ਉੱਚ ਸ਼੍ਰੇਣੀ ਦੇ ਲੋਕਾਂ ਸਨਅਤਕਾਰਾਂ, ਹੋਰ ਮੋਟੇ ਕਾਰੋਬਾਰੀਆਂ ਤੇ ਵਪਾਰਕ ਪੱਧਰੀ ਖੇਤੀ ਕਰਨ ਵਾਲੇ ਲੋਕਾਂ/ਵਪਾਰੀ ਵਰਗ ਨਾਲ ਸਬੰਧਤ ਕਰੀਬ 30 ਕਰੋੜ ਲੋਕਾਂ ਨੂੰ ਇਨ੍ਹਾਂ ਨੀਤੀਆਂ ਦਾ ਵਧੇਰੇ ਲਾਭ ਪਹੁੰਚਾਇਆ ਹੈ। ਰਿਪੋਰਟ ਅਨੁਸਾਰ 2014 'ਚ ਦੇਸ਼ ਦੀ ਕੁੱਲ ਪੂੰਜੀ ਦੇ 37 ਫੀਸਦੀ ਹਿੱਸੇ ਦੇ ਮਾਲਕ ਇਕ ਫੀਸਦੀ ਲੋਕਾਂ ਦੀ ਸੰਨ 2016 'ਚ ਪੂੰਜੀ ਵਧ ਕੇ 53 ਫੀਸਦੀ ਹੋ ਗਈ ਸੀ। 2017 'ਚ ਭਾਰਤ ਦੇ 84 ਸਰਮਾਏਦਾਰਾਂ, ਤਾਜ਼ਾ ਰਿਪੋਰਟ ਤਹਿਤ ਮੌਜੂਦਾ 101 ਅਰਬਪਤੀਆਂ, ਦੀ ਕੁੱਲ ਮਿਲਾ ਕੇ ਪੂੰਜੀ 248 ਬਿਲੀਅਨ ਡਾਲਰ ਤੱਕ ਪਹੁੰਚ ਗਈ। ਇਸ ਵਾਰ ਦੇਸ਼ ਭਰ 'ਚ ਜਿੰਨੀ ਪੂੰਜੀ 'ਚ ਵਾਧਾ ਹੋਇਆ, ਉਸ ਦਾ 73 ਫੀਸਦੀ ਭਾਵ ਪੰਜ ਲੱਖ ਕਰੋੜ ਕੇਵਲ ਇਕ ਫੀਸਦੀ ਹਿੱਸਾ ਪੂੰਜੀਪਤੀ ਲੋਕਾਂ ਕੋਲ ਆ ਗਿਆ ਹੈ। ਰਿਲਾਇੰਸ ਦੇ ਮਾਲਕ ਮੁਕੇਸ਼ ਅੰਬਾਨੀ ਦਾ ਨਾਂ ਸੰਸਾਰ ਦੇ ਸਿਖਰਲੇ 20 ਪੂੰਜੀਪਤੀਆਂ 'ਚ ਸ਼ਾਮਲ ਹੋਇਆ ਦੱਸਿਆ ਗਿਆ ਹੈ।


Related News