''ਸ਼ਿਵ ਸੈਨਾ ਪੰਜਾਬ'' 26 ਜਨਵਰੀ ਨੂੰ ਖੰਨਾ ਤੋਂ ਖਟਕੜ ਕਲਾਂ ਤੱਕ ਕੱਢੇਗੀ ''ਤਿਰੰਗਾ ਮਾਰਚ''
Tuesday, Jan 19, 2021 - 02:31 PM (IST)
ਖੰਨਾ (ਸੁਖਵਿੰਦਰ ਕੌਰ) : ਸ਼ਿਵ ਸੈਨਾ ਪੰਜਾਬ ਵੱਲੋਂ 26 ਜਨਵਰੀ ਗਣਤੰਤਰ ਦਿਹਾੜੇ ਨੂੰ ਲੈ ਕੇ ਇਕ ਰਣਨੀਤੀ ਤਿਆਰ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਕੌਮੀ ਪ੍ਰਚਾਰਕ ਮਹੰਤ ਕਸ਼ਮੀਰ ਗਿਰੀ ਤੇ ਸੂਬਾ ਮੀਤ ਪ੍ਰਧਾਨ ਅਵਤਾਰ ਮੋਰੀਆ ਨੇ ਦੱਸਿਆ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਪਾਰਟੀ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਗਣਤੰਤਰ ਦਿਹਾੜੇ 'ਤੇ ਪੂਰੇ ਪੰਜਾਬ 'ਚ ਤਿਰੰਗਾ ਮਾਰਚ ਕੱਢਿਆ ਜਾਵੇਗਾ।
ਇਸ ਦੌਰਾਨ ਖੰਨਾ ਤੋਂ ਲੈ ਕੇ ਖਟਕੜ ਕਲਾਂ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਤੱਕ ਇਕ ਤਿਰੰਗਾ ਮਾਰਚ ਕੱਢਿਆ ਜਾਵੇਗਾ, ਜਿਸ 'ਚ ਵਿਸ਼ੇਸ਼ ਤੌਰ ’ਤੇ ਜਿੱਥੇ ਸੂਬੇ ਭਰ ਤੋਂ ਸ਼ਿਵ ਸੈਨਿਕ ਹਿੱਸਾ ਲੈਣਗੇ, ਉੱਥੇ ਹੀ ਕੌਮੀ ਪ੍ਰਧਾਨ ਸੰਜੀਵ ਘਨੌਲੀ, ਕੌਮੀ ਚੇਅਰਮੈਨ ਰਾਜੀਵ ਟੰਡਨ ਦੀ ਪੂਰੀ ਪੰਜਾਬ ਟੀਮ ਖੰਨਾ ਪਹੁੰਚ ਕੇ ਮੋਟਰਸਾਈਕਲ, ਗੱਡੀਆਂ ’ਤੇ ਤਿਰੰਗਾ ਲਗਾ ਕੇ ਸ਼ਹੀਦ ਭਗਤ ਸਿੰਘ ਨਗਰ ਖਟਕੜ ਕਲਾਂ ਵਿਖੇ ਪਹੁੰਚਣਗੇ। ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਦੇਸ਼ ਦੇ ਕੌਮੀ ਝੰਡੇ ਤਿਰੰਗੇ ਦਾ ਮਾਣ-ਸਤਿਕਾਰ ਕਰਨ ਦਾ ਅਧਿਕਾਰ ਹੈ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਦਬਾਇਆ ਜਾ ਰਿਹਾ ਹੈ। ਸ਼ਿਵ ਸੈਨਾ ਪੰਜਾਬ ਇਹ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ ਅਤੇ ਹਰ ਹਾਲਤ 'ਚ ਤਿਰੰਗਾ ਮਾਰਚ ਕੱਢੇਗੀ।