ਨਾਜਾਇਜ਼ ਰੇਤ ਮਾਈਨਿੰਗ ਦੀ ਜਾਣਕਾਰੀ ਦਿਓ ਤੇ 25 ਹਜ਼ਾਰ ਰੁਪਏ ਇਨਾਮ ਪਾਓ: CM ਚੰਨੀ

Friday, Dec 10, 2021 - 03:00 AM (IST)

ਨਾਜਾਇਜ਼ ਰੇਤ ਮਾਈਨਿੰਗ ਦੀ ਜਾਣਕਾਰੀ ਦਿਓ ਤੇ 25 ਹਜ਼ਾਰ ਰੁਪਏ ਇਨਾਮ ਪਾਓ: CM ਚੰਨੀ

ਚੰਡੀਗੜ੍ਹ(ਅਸ਼ਵਨੀ)- ਪੰਜਾਬ ਵਿਚ ਨਾਜਾਇਜ਼ ਤਰੀਕੇ ਨਾਲ ਰੇਤ ਮਾਈਨਿੰਗ ਦੀ ਵੀਡੀਓ ਬਣਾ ਕੇ ਦੇਣ ਜਾਂ ਸਬੂਤ ਦੇ ਨਾਲ ਜਾਣਕਾਰੀ ਦੇਣ ’ਤੇ ਪੰਜਾਬ ਸਰਕਾਰ 25 ਹਜ਼ਾਰ ਰੁਪਏ ਇਨਾਮ ਦੇਵੇਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਸਬੰਧ ਵਿਚ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਹਨ।

ਡਿਪਟੀ ਕਮਿਸ਼ਨਰਾਂ ਅਤੇ ਐੱਸ.ਐੱਸ.ਪੀਜ਼ ਦੇ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਮਾਈਨਿੰਗ ਸਾਈਟ ਤੋਂ ਅੰਤਿਮ ਮੰਜ਼ਿਲ ਤੱਕ ਦੀ ਦੂਰੀ ਦੀਆਂ ਦਰਾਂ ਸਬੰਧਤ ਡਿਪਟੀ ਕਮਿਸ਼ਨਰ ਵਲੋਂ ਤੈਅ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਇਹ ਵੀ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਕਿ ਜੇਕਰ ਕਿਸੇ ਵੀ ਪਿੰਡ ਦੀ ਪੰਚਾਇਤ ਰੇਤ ਦੀ ਮੰਗ ਕਰਦੀ ਹੈ ਤਾਂ ਉਸਨੂੰ ਇਹ ਮਾਈਨਿੰਗ ਵਾਲੇ ਸਥਾਨਾਂ ਤੋਂ ਹੀ ਮੁਫਤ ਉਪਲਬਧ ਕਰਵਾਈ ਜਾਵੇ। ਚੰਨੀ ਨੇ ਕਿਹਾ ਕਿ ਰੇਤ ਦੀ ਢੁਆਈ ਕਰਨ ਵਾਲੀਆਂ ਟਰਾਲੀਆਂ ਤੋਂ ਕੋਈ ਚਾਰਜ ਨਾ ਲਿਆ ਜਾਵੇ ਅਤੇ ਸਿਰਫ ਟਰੱਕਾਂ ਤੋਂ 5.50 ਪ੍ਰਤੀ ਕਿਊਬਿਕ ਫੁੱਟ ਚਾਰਜ ਕੀਤਾ ਜਾਵੇ।

ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਾਨੂੰਨੀ ਸਾਈਟਾਂ ਦੀ ਗਿਣਤੀ ਵਧਾਉਣ ਅਤੇ ਪਹਿਲਾਂ ਬੰਦ ਕੀਤੀਆਂ ਸਾਈਟਾਂ ਨੂੰ ਚਾਲੂ ਕਰਨ ’ਤੇ ਵੀ ਜ਼ੋਰ ਦਿੱਤਾ। ਸਿਵਲ ਅਤੇ ਪੁਲਸ ਪ੍ਰਸ਼ਾਸਨ ਦਰਮਿਆਨ ਤਾਲਮੇਲ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਰਾਜਨੀਤਕ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿਉਂਕਿ ਉਹ ਰੇਤ ਦੀ ਨਾਜਾਇਜ਼ ਮਾਈਨਿੰਗ ਵਿਚ ਸ਼ਾਮਲ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਦ੍ਰਿੜ ਸੰਕਲਪ ਹਨ।


author

Bharat Thapa

Content Editor

Related News