60 ਸਾਲ ਪਹਿਲਾਂ ਬਣੀ ਇਮਾਰਤ ’ਚ ਚੱਲ ਰਿਹਾ ਸੀ ਮੁਰੰਮਤ ਦਾ ਕੰਮ, ਸੁਰੱਖਿਆ ਮਾਪਦੰਡਾਂ ਨੂੰ ਲੈ ਕੇ ਖੜ੍ਹੇ ਹੋਏ ਸਵਾਲ
Thursday, Aug 24, 2023 - 05:40 PM (IST)
ਲੁਧਿਆਣਾ (ਵਿੱਕੀ) : ਸਰਕਾਰੀ ਸੀਨੀ. ਸੈਕੰ. ਸਕੂਲ ਬੱਦੋਵਾਲ ਦੇ ਲੇਡੀਜ਼ ਸਟਾਫ ਰੂਮ ਦੀ ਛੱਤ ਡਿੱਗਣ ਦਾ ਭਿਆਨਕ ਹਾਦਸਾ ਹੋਰ ਭਿਆਨਕ ਹੋ ਸਕਦਾ ਸੀ ਕਿਉਂਕਿ ਜਿਸ ਸਟਾਫ਼ ਰੂਮ ਦੀ ਛੱਤ ਡਿੱਗੀ, ਉਸ ਦੇ ਨਾਲ ਵਾਲੇ ਕਮਰੇ ’ਚ 9ਵੀਂ ਕਲਾਸ ਦੇ 40 ਵਿਦਿਆਰਥੀ 7ਵਾਂ ਪੀਰੀਅਡ ਲੈ ਰਹੇ ਸਨ। ਕਰੀਬ 12.50 ਵਜੇ ਜਿਉਂ ਹੀ ਸਟਾਫ ਰੂਮ ’ਚ ਜ਼ੋਰਦਾਰ ਧਮਾਕਾ ਹੋਇਆ ਮਹਿਲਾ ਅਧਿਆਪਕਾਵਾਂ ਦੀਆਂ ਚੀਕਾਂ ਸੁਣ ਕੇ ਬੱਚੇ ਅਤੇ ਅਧਿਆਪਕ ਬਾਹਰ ਨਿੱਕਲ ਕੇ ਸਟਾਫ ਰੂਮ ਵੱਲ ਭੱਜੇ, ਜਿੱਥੇ 4 ਮਹਿਲਾ ਅਧਿਆਪਕਾ ਦੱਬੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਸਕੂਲ ਬੱਦੋਵਾਲ ਦੇ ਸਟਾਫ ਰੂਮ ਦੀ ਛੱਤ ਡਿੱਗਣ ਵਾਲੀ ਇਮਾਰਤ ਕਰੀਬ 1962, ਭਾਵ 60 ਸਾਲ ਪਹਿਲਾਂ ਬਣੀ ਸੀ, ਜਿਸ ਨੂੰ ਹੁਣ ਪੰਜਾਬ ਸਰਕਾਰ ਦੇ ਡ੍ਰੀਮ ਪ੍ਰਾਜੈਕਟ ‘ਸਕੂਲ ਆਫ਼ ਐਮੀਨੈਂਸ’ ਅਧੀਨ ਅਪਗ੍ਰੇਡ ਕੀਤਾ ਜਾ ਰਿਹਾ ਹੈ। ਸਬੰਧਤ ਮੁਰੰਮਤ ਲਈ ਸਿਵਲ ਵਰਕ ਦਾ ਕੰਮ ਚੱਲ ਰਿਹਾ ਸੀ। ਹਾਦਸੇ ਤੋਂ ਬਾਅਦ ਸਕੂਲ ’ਚ ਮੌਜੂਦ ਲੋਕਾਂ ’ਚ ਚਰਚਾ ਛਿੜ ਗਈ ਕਿ ਜੇਕਰ ਇਹ ਇਮਾਰਤ 6 ਦਹਾਕੇ ਪੁਰਾਣੀ ਹੈ ਤਾਂ ਇਸ ਦੇ ਨਵੀਨੀਕਰਨ ਤੋਂ ਪਹਿਲਾਂ ਕਲਾਸਾਂ ਕਿਉਂ ਨਹੀਂ ਕੱਢੀਆਂ ਗਈਆਂ। ਸਕੂਲ ਸਮੇਂ ਤੋਂ ਬਾਅਦ ਮੁਰੰਮਤ ਦਾ ਕੰਮ ਕਿਉਂ ਨਹੀਂ ਕੀਤਾ ਗਿਆ?
ਇਸ ਗੱਲ ਨੂੰ ਲੈ ਕੇ ਵੀ ਸਵਾਲ ਉੱਠੇ ਹਨ ਕਿ ਉਸਾਰੀ ਦਾ ਕੰਮ ਕਰ ਰਹੇ ਠੇਕੇਦਾਰ ਨੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਨੂੰ ਇਮਾਰਤ ਖਾਲੀ ਕਰਨ ਲਈ ਕਿਉਂ ਨਹੀਂ ਕਿਹਾ। ਦੱਸਿਆ ਜਾ ਰਿਹਾ ਹੈ ਕਿ ਸਟਾਫ ਰੂਮ ਦੇ ਉੱਪਰ ਇਕ ਲਾਇਬ੍ਰੇਰੀ ਵੀ ਸੀ, ਜਿਸ ਦਾ ਪਹਿਲਾਂ ਲੈਂਟਰ ਡਿੱਗ ਗਿਆ ਸੀ। ਡੀ. ਈ. ਓ. ਡਿੰਪਲ ਮਦਾਨ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ, ਜਿਸ ਬਾਰੇ ਜਾਂਚ ਕਮੇਟੀ ਨੂੰ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਕੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਹੋਰ ਭਿਆਨਕ ਹੋ ਸਕਦਾ ਸੀ ਹਾਦਸਾ, ਸਟਾਫ਼ ਰੂਮ ਦੇ ਨਾਲ ਵਾਲੀ ਜਮਾਤ ’ਚ ਪੜ੍ਹ ਰਹੇ ਸਨ 40 ਵਿਦਿਆਰਥੀ
ਡੀ. ਸੀ. ਤੇ ਡੀ. ਈ. ਓ. ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਪੁੱਜੇ, ਸਕੂਲ ਸਟਾਫ਼ ਹਸਪਤਾਲਾਂ ’ਚ ਮੌਜੂਦ ਸੀ
ਡੀ. ਸੀ. ਸੁਰਭੀ ਮਲਿਕ ਅਤੇ ਡੀ. ਈ. ਓ. ਡਿੰਪਲ ਮਦਾਨ ਹਾਦਸੇ ਤੋਂ ਬਾਅਦ ਡੀ. ਐੱਮ. ਸੀ. ਅਤੇ ਪ੍ਰਾਈਵੇਟ ਹਸਪਤਾਲ ’ਚ ਇਲਾਜ ਅਧੀਨ ਮਹਿਲਾ ਅਧਿਆਪਕਾਂ ਦਾ ਹਾਲ-ਚਾਲ ਜਾਣਨ ਲਈ ਪੁੱਜੇ ਅਤੇ ਉਨ੍ਹਾਂ ਦਾ ਇਲਾਜ ਕਰ ਰਹੀਆਂ ਮੈਡੀਕਲ ਟੀਮਾਂ ਨਾਲ ਗੱਲਬਾਤ ਕੀਤੀ। ਦੂਜੇ ਪਾਸੇ ਬੱਦੋਵਾਲ ਸਕੂਲ ਦੇ ਸਮੂਹ ਅਧਿਆਪਕ ਵੀ ਦੇਰ ਰਾਤ ਤੱਕ ਦੋਵੇਂ ਹਸਪਤਾਲਾਂ ’ਚ ਮੌਜੂਦ ਸਨ। ਇਸ ਮੌਕੇ ਸਕੂਲ ਸਟਾਫ਼ ਦੇ ਪਰਿਵਾਰ ਵੀ ਮੌਜੂਦ ਸਨ।
ਇਕ ਅਧਿਆਪਕ ਨੇ ਕਿਹਾ ਕਿ ਉਸ ਲਈ ਇਹ ਇਕ ਭਿਆਨਕ ਸੀਨ ਸੀ, ਜੋ ਉਹ ਕਦੇ ਨਹੀਂ ਭੁੱਲੇਗੀ। ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਆਪਣੇ ਸਾਥੀ ਅਧਿਆਪਕਾਂ ਨਾਲ ਅਜਿਹੀ ਘਟਨਾ ਵਾਪਰਦੀ ਦੇਖਾਂਗੀ।
ਇਹ ਵੀ ਪੜ੍ਹੋ : ਪੈਂਡਿੰਗ ਹੋਇਆ ਗਡਕਰੀ ਦਾ ਦੌਰਾ : ਐਲੀਵੇਟਿਡ ਰੋਡ ’ਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰਨ ਲਈ ਕਰਨਾ ਹੋਵੇਗਾ ਇੰਤਜ਼ਾਰ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8