ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਸਬੰਧੀ ਸਿੰਘ ਸਾਹਿਬ ਨੂੰ ਮਿਲੀਆਂ ਧਾਰਮਿਕ ਜਥੇਬੰਦੀਆਂ

Tuesday, Jul 18, 2017 - 10:31 AM (IST)

ਅੰਮ੍ਰਿਤਸਰ - ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਹਰ ਰੋਜ਼ ਹੀ ਕਿਤੇ ਨਾ ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਬਹੁਤ ਯਤਨ ਕਰਨ 'ਤੇ ਵੀ ਇਨ੍ਹਾਂ ਹੋ ਰਹੀਆਂ ਘਟਨਾਵਾਂ 'ਤੇ ਰੋਕ ਨਹੀਂ ਲੱਗ ਸਕੀ। 
ਇਨ੍ਹਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰ-ਪ੍ਰਸਾਰ ਨੂੰ ਪ੍ਰਫੁੱਲਿਤ ਕਰਨ ਸਬੰਧੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਧਾਰਮਿਕ ਜਥੇਬੰਦੀਆਂ ਦੀ ਭਰਵੀਂ ਇਕੱਤਰਤਾ ਹੋਈ ਜਿਸ ਵਿਚ ਭਾਈ ਬਲਜਿੰਦਰ ਸਿੰਘ ਛੰਨਾ ਪ੍ਰਧਾਨ ਬਾਬਾ ਬੁੱਢਾ ਸਾਹਿਬ ਇੰਟਰਨੈਸ਼ਨਲ ਗ੍ਰੰਥੀ ਸਭਾ, ਭਾਈ ਹਰਜਿੰਦਰ ਸਿੰਘ ਬਾਜੇਕੇ ਪ੍ਰਧਾਨ ਏਕ ਨੂਰ ਖ਼ਾਲਸਾ ਫੌਜ, ਮੋਗਾ ਅਤੇ ਹੋਰ ਵੱਖ-ਵੱਖ ਥਾਵਾਂ ਤੋਂ ਗ੍ਰੰਥੀ ਸਿੰਘਾਂ ਸਮੇਤ ਸਤਿਕਾਰ ਕਮੇਟੀ ਦੇ ਸਿੰਘ ਵੱਡੀ ਗਿਣਤੀ ਵਿਚ ਪਹੁੰਚੇ ਜਿਸ ਵਿਚ ਗ੍ਰੰਥੀ ਸਿੰਘਾਂ ਨੇ ਆਪਣੀਆਂ ਮੁਸ਼ਕਿਲਾਂ ਦੱਸਦੇ ਹੋਏ ਗੁਰਦੁਆਰਾ ਪ੍ਰਬੰਧ ਵਿਚ ਸਹਾਇਤਾ ਕਰਨ ਦਾ ਯਕੀਨ ਦਿਵਾਇਆ ਹੈ।
ਸਿੰਘ ਸਾਹਿਬ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ ਜਿਸ ਵਿਚ ਗ੍ਰੰਥੀ ਸਿੰਘਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੱਢਣ ਲਈ ਅਤੇ ਗੁਰੂ-ਘਰਾਂ ਵਿਚ ਪ੍ਰਚਾਰ-ਪ੍ਰਸਾਰ ਨੂੰ ਵਧੀਆ ਤਰੀਕੇ ਘਰ-ਘਰ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪ੍ਰਚਾਰ ਵਹੀਰਾਂ ਚਲਾਈਆਂ ਜਾ ਰਹੀਆਂ ਹਨ।
ਸਿੰਘ ਸਾਹਿਬ ਨੇ ਕਿਹਾ ਜੋ ਪ੍ਰਚਾਰ ਗ੍ਰੰਥੀ ਸਿੰਘਾਂ ਨੇ ਕਰਨਾ ਹੈ ਉਹ ਹੋਰ ਕੋਈ ਨਹੀਂ ਕਰ ਸਕਦਾ ਤੇ ਗ੍ਰੰਥੀ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਮੀਟਿੰਗਾਂ ਕਰ ਕੇ ਇਹ ਪ੍ਰਚਾਰ ਅੱਗੇ ਤੋਰਿਆ ਜਾਵੇਗਾ। ਉਨ੍ਹਾਂ ਕਿਹਾ ਇਸ ਮੁਹਿੰਮ ਵਿਚ ਸਾਰੀਆਂ ਸੰਗਤਾਂ ਵੀ ਸਹਿਯੋਗ ਦੇਣ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਧ ਤੋਂ ਵੱਧ ਸਤਿਕਾਰ ਕਰ ਸਕੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏੇ।


Related News