ਕਿਸਾਨੀ ਸੰਘਰਸ਼ ਨੇ ਆਮ ਲੋਕਾਂ ਨੂੰ ਸੜਕਾਂ ''ਤੇ ਲਾਏ ਗਏ ਟੋਲ ਪਲਾਜ਼ਿਆਂ ਤੋਂ ਦਿਵਾਈ ਵੱਡੀ ਰਾਹਤ
Monday, Oct 12, 2020 - 01:17 PM (IST)
ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦਾ ਲੱਕ ਤੋੜਨ ਵਾਲੇ ਜੋ ਤਿੰਨ ਬਿੱਲ ਜਾਰੀ ਕੀਤੇ ਗਏ ਹਨ, ਉਨ੍ਹਾਂ ਬਿੱਲਾਂ ਦਾ ਪੂਰੇ ਪੰਜਾਬ 'ਚ ਸਖ਼ਤ ਵਿਰੋਧ ਹੋ ਰਿਹਾ ਹੈ। ਕਿਧਰੇ ਕਿਸਾਨ ਰੇਲਾਂ ਦੀਆਂ ਪੱਟੜੀਆਂ 'ਤੇ ਰੋਸ ਧਰਨੇ ਲਾਈ ਬੈਠੇ ਹਨ, ਕਿਧਰੇ ਰਿਲਾਇੰਸ ਪੈਟਰੋਲ ਪੰਪਾਂ ਨੂੰ ਘੇਰੀ ਬੈਠੇ ਹਨ ਅਤੇ ਕਿਧਰੇ ਮੁੱਖ ਸੜਕਾਂ 'ਤੇ ਲੱਗੇ ਟੋਲ ਪਲਾਜ਼ਿਆਂ ਨੂੰ ਜਾਮ ਕਰੀ ਬੈਠੇ ਹਨ। ਇਨ੍ਹਾਂ ਟੋਲ ਪਲਾਜ਼ਿਆਂ 'ਤੇ ਕਿਸਾਨਾਂ ਨੇ ਆਮ ਲੋਕਾਂ ਨੂੰ ਰਾਹਤ ਦੇਣ ਵਾਲਾ ਬਹੁਤ ਵੱਡਾ ਕੰਮ ਕੀਤਾ ਹੈ। ਕਿਸਾਨ ਇਨ੍ਹਾਂ ਟੋਲ ਪਲਾਜ਼ਿਆਂ ਦੇ ਵਿਚਕਾਰ ਦਰੀਆਂ ਵਿਛਾ ਕੇ ਰੋਸ ਧਰਨੇ 'ਤੇ ਬੈਠੇ ਹਨ ਅਤੇ ਸੜਕ ਦੇ ਦੋਵੇਂ ਪਾਸੀਂ ਵਾਹਨਾਂ ਲਈ ਰਸਤਾ ਖੁੱਲਾ ਰੱਖਿਆ ਗਿਆ ਅਤੇ ਵਾਹਨਾਂ ਵਾਲੇ ਲੋਕ ਬਿਨਾਂ ਪਰਚੀ ਕਟਾਏ ਤੋਂ ਆਪਣੇ ਵਾਹਨਾਂ ਨੂੰ ਅੱਗੇ ਲੰਘਾ ਰਹੇ ਹਨ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਖ਼ਿਲਾਫ਼ 'ਸੁਖਪਾਲ ਖਹਿਰਾ' ਦੇ ਨਿਸ਼ਾਨੇ 'ਤੇ ਭਗਵੰਤ ਮਾਨ, ਲਿਆ ਆੜੇ ਹੱਥੀਂ
ਜ਼ਿਕਰਯੋਗ ਹੈ ਕਿ ਸੂਬੇ ਅੰਦਰ ਪਹਿਲਾਂ ਨਿੱਤ-ਰੋਜ਼ ਇਨ੍ਹਾਂ ਟੋਲ ਪਲਾਜਿਆਂ 'ਤੇ ਲੱਖਾਂ ਰੁਪਏ ਪਰਚੀਆਂ ਦਾ ਇਕੱਠਾ ਕੀਤਾ ਜਾਂਦਾ ਸੀ। ਸੜਕਾਂ 'ਤੇ ਲਾਏ ਗਏ ਇਨ੍ਹਾਂ ਟੋਲ ਪਲਾਜ਼ਿਆਂ ਬਾਰੇ ਲੋਕਾਂ ਨੇ ਰੌਲਾ ਵੀ ਪਾਇਆ ਸੀ ਕਿ ਇਹ ਨਾਜ਼ਾਇਜ਼ ਹਨ ਅਤੇ ਸ਼ਰੇਆਮ ਲੋਕਾਂ ਦੀ ਛਿੱਲ ਲਾਹੀ ਜਾ ਰਹੀ ਹੈ। ਜਿੰਨਾਂ ਲੋਕਾਂ ਨੇ 400-500 ਕਿਲੋਮੀਟਰ ਦਾ ਸਫ਼ਰ ਇਕ ਦਿਨ 'ਚ ਕਰਨਾ ਹੁੰਦਾ ਸੀ, ਉਨ੍ਹਾਂ ਨੂੰ ਘੱਟੋ-ਘੱਟ ਸੱਤ-ਅੱਠ ਸੌ ਰੁਪਏ ਸੜਕਾਂ 'ਤੇ ਲੱਗੇ ਇਨ੍ਹਾਂ ਟੋਲ ਪਲਾਜ਼ਿਆਂ ਵਾਲਿਆਂ ਨੂੰ ਹੀ ਭਰਨਾ ਪੈਂਦਾ ਸੀ ਪਰ ਪਿਛਲੇ ਕਈ ਦਿਨਾਂ ਤੋਂ ਲੋਕ ਬਿਨਾਂ ਪਰਚੀ ਕਟਾਏ ਲੰਘ ਰਹੇ ਹਨ ਅਤੇ ਲੋਕਾਂ ਦੇ ਬਹੁਤ ਸਾਰੇ ਪੈਸੇ ਬਚ ਰਹੇ ਹਨ। ਕਿਸਾਨ ਜਥੇਬੰਦੀਆਂ ਦੇ ਇਸ ਫ਼ੈਸਲੇ ਨੂੰ ਲੋਕ ਬਹੁਤ ਵਧੀਆ ਫ਼ੈਸਲਾ ਦੱਸ ਰਹੇ ਹਨ ਅਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਪੱਕੇ ਤੌਰ 'ਤੇ ਹੀ ਬੰਦ ਕਰਵਾਉਣ ਲਈ ਸਾਰੇ ਪੰਜਾਬ ਦੇ ਲੋਕਾਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਦੀ ਹੋ ਰਹੀ ਲੁੱਟ ਬੰਦ ਹੋ ਸਕੇ।
ਇਹ ਵੀ ਪੜ੍ਹੋ : ਭਾਖੜਾ ਨਹਿਰ ਕੋਲੋਂ ਧੀ ਦੀ ਚੁੰਨੀ ਤੇ ਕੜਾ ਮਿਲਣ ਨਾਲ ਸਹਿਮਿਆ ਪਰਿਵਾਰ, ਖ਼ੁਦਕੁਸ਼ੀ ਦਾ ਖਦਸ਼ਾ