ਰਾਹਤ : ਅੰਮ੍ਰਿਤਸਰ ਜ਼ਿਲ੍ਹੇ ’ਚ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ, ਰਾਵੀ ਤੇ ਬਿਆਸ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ

Friday, Jul 14, 2023 - 06:51 PM (IST)

ਰਾਹਤ : ਅੰਮ੍ਰਿਤਸਰ ਜ਼ਿਲ੍ਹੇ ’ਚ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ, ਰਾਵੀ ਤੇ ਬਿਆਸ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ

ਅੰਮ੍ਰਿਤਸਰ (ਜ.ਬ) : ਭਾਵੇਂ ਬੀਤੇ ਦਿਨਾਂ ’ਚ ਹੋਈ ਭਾਰੀ ਬਰਸਾਤ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਨੂੰ ਹੜ੍ਹਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਪਰ ਆਉਣ ਵਾਲੇ ਦਿਨਾਂ ’ਚ ਹੋਣ ਵਾਲੀ ਬਰਸਾਤ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਕੀਤੀ ਗਈ ਯੋਜਨਾਬੰਦੀ ਦੇ ਵੇਰਵੇ ਸਾਂਝੇ ਕੀਤੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੇ ਲਈ ਰਾਹਤ ਵਾਲੀ ਗੱਲ ਇਹ ਹੈ ਕਿ ਅੱਜ ਤੱਕ ਅੰਮ੍ਰਿਤਸਰ ਜ਼ਿਲ੍ਹੇ ’ਚ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ ਪਰ ਆਉਣ ਵਾਲੇ ਦਿਨਾਂ ’ਚ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸਾਡੇ ਜ਼ਿਲ੍ਹੇ ਦੀਆਂ ਹੱਦਾਂ ਨਾਲ ਲੱਗਦੇ ਦੋਵੇਂ ਦਰਿਆ ਰਾਵੀ ਅਤੇ ਬਿਆਸ ਖ਼ਤਰੇ ਦੇ ਨਿਸ਼ਾਨ ਤੋਂ ਬਹੁਤ ਹੇਠਾਂ ਵਹਿ ਰਹੇ ਹਨ। ਰਾਵੀ ’ਚ ਇਸ ਵੇਲੇ 27000 ਕਿਊਸਿਕ ਪਾਣੀ ਅਤੇ ਬਿਆਸ ’ਚ ਕਰੀਬ 24000 ਕਿਊਸਿਕ ਪਾਣੀ ਹੀ ਵਹਿ ਰਿਹਾ ਹੈ, ਜਦਕਿ ਇਹ ਤਿੰਨ ਲੱਖ ਕਿਊਸਕ ਪਾਣੀ ਅਸਾਨੀ ਨਾਲ ਬਰਦਾਸ਼ਤ ਕਰਨ ਦੇ ਸਮਰੱਥ ਹਨ। ਮੀਟਿੰਗ ’ਚ ਕਮਿਸ਼ਨਰ ਨਿਗਮ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਹਰਨੂਰ ਕੌਰ, ਐੱਸ. ਡੀ. ਐੱਮ. ਮਨਕੰਵਲ ਸਿੰਘ ਚਾਹਲ, ਐੱਸ. ਡੀ. ਐੱਮ. ਅਲਕਾ ਕਾਲੀਆ, ਸੈਕਟਰੀ ਆਰ. ਟੀ. ਏ ਅਰਸ਼ਦੀਪ ਸਿੰਘ ਅਤੇ ਵਿਭਾਗਾਂ ਦੇ ਮੁੱਖੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਤੁਸੀਂ ਬੀਤੇ ਦਿਨਾਂ ’ਚ ਜ਼ਿਲ੍ਹੇ ਦੀਆਂ ਸਾਰੀਆਂ ਨਾਜ਼ੁਕ ਥਾਵਾਂ ਦਾ ਦੌਰਾ ਕੀਤਾ ਹੈ ਅਤੇ ਜੋ ਵੀ ਸਮੱਸਿਆਵਾਂ ਵੇਖੀਆਂ ਹਨ, ਉਨ੍ਹਾਂ ਨੂੰ ਤਰੁੰਤ ਦੂਰ ਕਰ ਲਵੋ, ਤਾਂ ਜੋ ਆਉਣ ਵਾਲੇ ਦਿਨਾਂ ’ਚ ਹੋਣ ਵਾਲੀ ਬਰਸਾਤ ਦੌਰਾਨ ਸਾਨੂੰ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ’ਚ ਹੜ੍ਹ ਦੀ ਸਥਿਤੀ ਨਾਲ ਨਿਪਟਣ ਲਈ ਅਧਿਕਾਰੀਆਂ ਦੀਆਂ ਪਿੰਡ ਪੱਧਰ ’ਤੇ ਡਿਊਟੀਆਂ ਲਗਾਉਣ, ਲੋਕਾਂ ਨੂੰ ਸੁੱਰਖਿਅਤ ਥਾਵਾਂ ’ਤੇ ਲਿਜਾਣ, ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕਰਨ ਅਤੇ ਪਸ਼ੂਆਂ ਦੇ ਚਾਰੇ ਆਦਿ ਦਾ ਪ੍ਰਬੰਧ ਕਰਨ ਲਈ ਤਿਆਰ ਰਹਿਣ ਵਾਸਤੇ ਕਿਹਾ।

ਇਹ ਵੀ ਪੜ੍ਹੋ : ਹੜ੍ਹ ਦੌਰਾਨ ਸਤਲੁਜ ਕੰਢੇ ਝੌਂਪੜੀ ’ਚ ਨਵੀਂ ਜ਼ਿੰਦਗੀ ਨੇ ਲਿਆ ਜਨਮ, ਫਰਿਸ਼ਤਾ ਬਣ ਬਹੁੜੀ ਸ਼੍ਰੋਮਣੀ ਕਮੇਟੀ 

ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਜੇਕਰ ਕਿਸੇ ਵੀ ਵਿਭਾਗ ਪ੍ਰਬੰਧ ਕਰਨ ਲਈ ਕੋਈ ਸਾਮਾਨ ਚਾਹੀਦਾ ਹੈ ਤਾਂ ਉਹ ਸਾਡੇ ਦਫ਼ਤਰ ਨਾਲ ਰਾਬਤਾ ਕਰੇ, ਉਸ ਨੂੰ ਪੈਸੇ ਤਰੁੰਤ ਅਲਾਟ ਕਰ ਦਿੱਤੇ ਜਾਣਗੇ। ਕੈਬਨਿਟ ਮੰਤਰੀ ਨੇ ਸਿਹਤ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਿੰਡਾਂ ’ਚ ਪਾਣੀ ਦੀਆਂ ਟੈਂਕੀਆਂ ਦੀ ਕਲੋਰਾਈਜੇਸ਼ਨ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਬਰਸਾਤ ਦੇ ਸੀਜ਼ਨ ’ਚ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਕਰਨ। ਉਨ੍ਹਾਂ ਕਿਹਾ ਕਿ ਸਾਰੇ ਐੱਸ. ਡੀ. ਐੱਮਜ਼ ਆਪਣੇ ਆਪਣੇ ਇਲਾਕੇ ’ਚ ਲਗਾਤਾਰ ਸਥਿਤੀ ’ਤੇ ਨਜ਼ਰ ਰੱਖਣ ਤੇ ਸਬੰਧਤ ਪੰਚਾਇਤ ਅਧਿਕਾਰੀਆਂ ਕੋਲ ਰਿਪੋਰਟ ਲੈਂਦੇ ਰਹਿਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਹੜ੍ਹ ਦੀ ਸਥਿਤੀ ਬਣਦੀ ਹੈ ਤਾਂ ਸਾਨੂੰ ਘਬਰਾਉਣ ਦੀ ਲੋੜ ਨਹੀਂ ਸਗੋਂ ਕੀਤੀ ਗਈ ਯੋਜਨਾਬੰਦੀ ਨਾਲ ਕੰਮ ਕਰਨ ਦੀ ਲੋੜ ਪਵੇਗੀ। ਉਨ੍ਹਾਂ ਕਿਹਾ ਕਿ ਫੌਜ, ਬੀ. ਐੱਸ. ਐੱਫ਼, ਐੱਨ. ਡੀ. ਆਰ. ਐੱਫ. ਵੀ ਸਾਡਾ ਸੰਪਰਕ ’ਚ ਹਨ ਅਤੇ ਲੋੜ ਵੇਲੇ ਸਾਡੀ ਮਦਦ ’ਤੇ ਆ ਸਕਦੇ ਹਨ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਇਕ ਟੀਮ ਵਜੋਂ ਕੰਮ ਕਰਨ ਅਤੇ ਨਾ ਆਪ ਛੁੱਟੀ ਲੈਣ ਅਤੇ ਨਾ ਹੀ ਆਪਣੇ ਕਰਮਚਾਰੀਆਂ ਨੂੰ ਬਿਨਾਂ ਅਤਿ ਜ਼ਰੂਰੀ ਲੋੜ ਤੋਂ ਛੁੱਟੀ ਦੇਣ।

ਇਹ ਵੀ ਪੜ੍ਹੋ :   ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਕੀਤੀ ਮਦਦ, 14 ਕਿਸ਼ਤੀਆਂ ਨੇ 24 ਘੰਟੇ ਫਸੇ ਲੋਕਾਂ ਨੂੰ ਕੱਢਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News