ਕਹਿਰ ਦੀ ਠੰਡ, ਨੰਗੇ ਪੈਰ, ਪਹਾੜੀ ਸਫਰ : ਆਸ ਕਿਸੇ ''ਨਿੱਘ'' ਦੀ

01/09/2020 4:53:02 PM

ਜੰਮੂ-ਕਸ਼ਮੀਰ/ਜਲੰਧਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ ਦੇ ਦੂਰ-ਦੁਰਾਡੇ ਸਥਿਤ ਪਹਾੜੀ ਖੇਤਰਾਂ ਦੀ ਹਾਲਤ ਅੱਜ ਵੀ ਮੱਧ-ਯੁੱਗ ਵਾਲੀ ਹੀ ਹੈ। ਜਿਹੜੇ ਇਲਾਕੇ ਸਰਹੱਦ ਨੇੜੇ ਸਥਿਤ ਹਨ, ਉਥੇ ਤਾਂ ਕਬੀਲਾ-ਯੁੱਗ ਦਾ ਅਹਿਸਾਸ ਹੁੰਦਾ ਹੈ। ਕੋਈ ਸੜਕ ਨਹੀਂ (ਸ਼ਾਇਦ ਕਿਸੇ ਸਰਕਾਰ ਨੇ ਬਣਾਉਣ ਦੀ ਜੁਰਅੱਤ ਹੀ ਨਹੀਂ ਕੀਤੀ) ਅਤੇ ਫਿਰ ਆਵਾਜਾਈ ਦੇ ਸਾਧਨਾਂ ਦੀ ਹੋਂਦ ਜਾਂ ਵਰਤੋਂ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਟੈਲੀਫੋਨ ਜਾਂ ਮੋਬਾਇਲ ਵੀ ਉਥੇ ਵੱਸਣ ਵਾਲਿਆਂ ਲਈ ਕਿਸੇ ਕੰਮ ਦੀ ਸ਼ੈਅ ਨਹੀਂ ਕਿਉਂਕਿ ਸਰਹੱਦੀ ਖੇਤਰਾਂ 'ਚ ਸੰਚਾਰ ਨਾਲ ਸਬੰਧਤ ਬੁਨਿਆਦੀ ਢਾਂਚਾ ਹੀ ਨਹੀਂ ਹੈ। ਸੁਰੱਖਿਆ ਕਾਰਣਾਂ ਕਰਕੇ ਵੀ ਇਸ ਸਬੰਧੀ ਕੁਝ ਪਾਬੰਦੀਆਂ ਦੇ ਨਤੀਜੇ ਵਜੋਂ ਲੋਕ ਅਜਿਹੀਆਂ ਸਹੂਲਤਾਂ ਤੋਂ ਕੋਰੇ ਹੀ ਹਨ। ਕੋਈ ਰੋਜ਼ਗਾਰ ਨਹੀਂ ਅਤੇ ਬਹੁਤੇ ਲੋਕਾਂ ਦੇ ਆਪਣੇ ਹੀ ਛੋਟੇ-ਮੋਟੇ ਧੰਦੇ ਹਨ, ਜਿਸ ਦੇ ਆਸਰੇ ਮਾੜਾ-ਮੋਟਾ ਚੁੱਲ੍ਹਾ ਬਲਦਾ ਹੈ। ਪਹਾੜੀ ਲੋਕਾਂ ਦਾ ਬਹੁਤਾ ਸਮਾਂ ਆਉਣ-ਜਾਣ ਵਿਚ ਹੀ ਲੱਗ ਜਾਂਦਾ ਹੈ। ਕਿਸੇ ਦੁੱਖ-ਸੁੱਖ ਜਾਂ ਕੰਮ-ਧੰਦੇ ਲਈ ਪੈਦਲ ਹੀ ਪੈਂਡਾ ਤਹਿ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਨੂੰ ਰਾਜੌਰੀ ਜ਼ਿਲੇ ਦੇ ਸਰਹੱਦੀ ਪਹਾੜੀ ਖੇਤਰਾਂ 'ਚ ਰਹਿਣ ਵਾਲੇ ਲੋਕ ਵੀ ਹੰਢਾਅ ਰਹੇ ਹਨ। ਉਹ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਗੋਲੀਬਾਰੀ ਅਤੇ ਅੱਤਵਾਦ ਦੇ ਜ਼ਖਮ ਸਹਿਣ ਲਈ ਵੀ ਮਜਬੂਰ ਹਨ।

ਰਾਜੌਰੀ ਜ਼ਿਲੇ ਦੇ ਕੁਝ ਅਜਿਹੇ ਹੀ ਪਿੰਡਾਂ ਦੇ ਪ੍ਰਭਾਵਿਤ ਲੋਕ ਕੜਾਕੇ ਦੀ ਠੰਡ ਵਿਚ ਨੰਗੇ ਪੈਰੀਂ ਪਹਾੜੀ-ਪਗਡੰਡੀਆਂ ਦਾ ਸਫਰ ਤਹਿ ਕਰ ਕੇ ਪਿੰਡ ਦਲੋਗੜਾ ਵਿਖੇ ਸਥਿਤ ਪਰਮ ਪੂਜਨੀਕ ਬ੍ਰਹਮਲੀਨ ਸ਼੍ਰੀ ਭੋਲੀ ਮਾਤਾ ਜੀ ਦੇ ਮੰਦਰ ਵਿਚ ਪੰਜਾਬ ਕੇਸਰੀ ਪੱਤਰ ਸਮੂਹ ਦੀ ਵਿਸ਼ੇਸ਼ ਮੁਹਿੰਮ ਅਧੀਨ ਪਿਛਲੇ ਦਿਨੀਂ ਸਹਾਇਤਾ ਸਮੱਗਰੀ ਪ੍ਰਾਪਤ ਕਰਨ ਦੀ ਆਸ ਨਾਲ ਪੁੱਜੇ ਸਨ। ਮੰਦਰ ਦੇ ਗੱਦੀਨਸ਼ੀਨ ਸਿੱਧਪੁਰਸ਼ ਤਪੱਸਵੀ  ਦਿਲਬਾਗ ਜੀ ਮਹਾਰਾਜ ਦੀ ਮੌਜੂਦਗੀ ਵਿਚ ਇਸ ਮੌਕੇ 'ਤੇ 300 ਪਰਿਵਾਰਾਂ ਨੂੰ ਸਰਦੀਆਂ ਤੋਂ ਬਚਾਅ ਲਈ ਰਜਾਈਆਂ ਵੰਡੀਆਂ ਗਈਆਂ, ਜੋ ਧਰਮਕੋਟ (ਮੋਗਾ) ਤੋਂ ਦਾਨੀ ਸ਼ਖਸੀਅਤਾਂ ਅਤੇ ਸੰਸਥਾਵਾਂ ਵਲੋਂ ਭਿਜਵਾਈਆਂ ਗਈਆਂ ਸਨ।

ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਰਾਜੌਰੀ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਨਜ਼ੀਰ ਸ਼ੇਖ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਲੋਕ ਗੋਲੀਬਾਰੀ ਤੋਂ ਪ੍ਰਭਾਵਿਤ ਹੋਣ ਕਰਕੇ ਰੋਜ਼ੀ-ਰੋਟੀ ਵੀ ਨਹੀਂ ਕਮਾ ਸਕਦੇ। ਇਹ ਲੋਕ ਹਾਲਾਤ ਅਤੇ ਗਰੀਬੀ ਨਾਲ ਲੜ ਰਹੇ ਹਨ ਅਤੇ ਅਜਿਹੇ ਪਰਿਵਾਰਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੀ ਪ੍ਰਭਾਵਿਤ ਪਰਿਵਾਰਾਂ ਲਈ ਕਈ ਪ੍ਰਾਜੈਕਟ ਚਲਾਉਂਦੀ ਹੈ ਪਰ ਉਹ ਇਨ੍ਹਾਂ ਦੇ ਗੁਜ਼ਾਰੇ ਲਈ ਕਾਫੀ ਨਹੀਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਲੋਕਾਂ ਲਈ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਚਲਾਈ ਜਾ ਰਹੀ ਮੁਹਿੰਮ ਇਕ ਨੇਕ ਅਤੇ ਸ਼ਲਾਘਾਯੋਗ ਉਪਰਾਲਾ ਹੈ।

PunjabKesari

ਪੰਜਾਬ ਕੇਸਰੀ ਪਰਿਵਾਰ ਨੇ ਲੱਖਾਂ ਪੀੜਤਾਂ ਦਾ ਦਰਦ ਵੰਡਾਇਆ : ਵਰਿੰਦਰ ਸ਼ਰਮਾ
ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਇਸ ਮੌਕੇ 'ਤੇ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਨੇ ਵੱਖ-ਵੱਖ ਰਾਹਤ ਮੁਹਿੰਮਾਂ ਅਤੇ ਫੰਡ ਚਲਾ ਕੇ ਲੱਖਾਂ ਲੋਕਾਂ ਦਾ ਦਰਦ ਵੰਡਾਇਆ ਹੈ। ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਚਲਾਈ ਜਾ ਰਹੀ ਮੁਹਿੰਮ ਅਧੀਨ ਹੀ ਕਰੋੜਾਂ ਰੁਪਏ ਦੀ ਸਮੱਗਰੀ ਵੰਡੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਸੰਬਰ ਮਹੀਨੇ ਵਿਚ ਹੀ 35 ਲੱਖ ਦੇ ਕਰੀਬ ਦੀ ਸਮੱਗਰੀ ਵੱਖ-ਵੱਖ ਪਰਿਵਾਰਾਂ ਤੱਕ ਪਹੁੰਚਾਈ ਗਈ ਹੈ। ਇਸ ਦੇ ਨਾਲ ਹੀ ਪੱਤਰ ਸਮੂਹ ਵਲੋਂ ਵੱਖ-ਵੱਖ ਖੇਤਰਾਂ ਅਤੇ ਵਰਗਾਂ ਦੇ ਲੋਕਾਂ ਦੀ ਆਵਾਜ਼ ਵੀ ਪ੍ਰਭਾਵਸ਼ਾਲੀ ਢੰਗ ਨਾਲ ਸਰਕਾਰ ਤਕ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

ਸਰਹੱਦੀ ਖੇਤਰਾਂ 'ਚ ਮੈਡੀਕਲ ਕੈਂਪ ਲਾਏ ਜਾਣ : ਵਰਿੰਦਰ ਮਲਹੋਤਰਾ
ਰਾਜੌਰੀ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਸ਼੍ਰੀ ਵਰਿੰਦਰ ਮਲਹੋਤਰਾ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਭਿਜਵਾਉਣ ਦੇ ਨਾਲ-ਨਾਲ ਮੈਡੀਕਲ ਕੈਂਪ ਵੀ ਲਾਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸੈਂਕੜੇ ਲੋਕ ਵੱਖ-ਵੱਖ ਰੋਗਾਂ ਤੋਂ ਪੀੜਤ ਹਨ ਪਰ ਉਨ੍ਹਾਂ ਕੋਲ ਇਲਾਜ ਕਰਵਾਉਣ ਦੀ ਸਮਰੱਥਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੇ ਆਸ਼ੀਰਵਾਦ ਸਦਕਾ ਅੱਤਵਾਦ ਪੀੜਤਾਂ ਅਤੇ ਗੋਲੀਬਾਰੀ ਤੋਂ ਪ੍ਰਭਾਵਿਤ ਲੋਕਾਂ ਲਈ ਸਮੱਗਰੀ ਦੇ ਟਰੱਕ ਭਿਜਵਾਉਣ ਦੀ ਜੋ ਮੁਹਿੰਮ ਚਲਾਈ ਜਾ ਰਹੀ ਹੈ, ਅਜਿਹੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ।

ਸਮੱਗਰੀ ਦੇ ਟਰੱਕ ਨਾਲ ਵਿਸ਼ੇਸ਼ ਤੌਰ 'ਤੇ ਪੁੱਜੇ ਜਗ ਬਾਣੀ ਦੇ ਪ੍ਰਤੀਨਿਧੀ ਦਵਿੰਦਰ ਸਿੰਘ ਅਕਾਲੀਆਂ ਵਾਲਾ ਨੇ ਕਿਹਾ ਕਿ ਹਰ ਇਨਸਾਨ ਨੂੰ ਇਕ-ਦੂਜੇ ਦਾ ਦੁੱਖ ਦਰਦ ਵੰਡਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਲਈ ਭਵਿੱਖ 'ਚ ਹੋਰ ਸਮੱਗਰੀ ਵੀ ਭਿਜਵਾਈ ਜਾਵੇਗੀ। ਮਾਰਕੀਟ ਕਮੇਟੀ ਫਤਿਹਗੜ੍ਹ ਪੰਜਤੂਰ ਦੇ ਸਾਬਕਾ ਚੇਅਰਮੈਨ ਜੋਗਿੰਦਰ ਸਿੰਘ ਸੰਧੂ ਅਤੇ ਕਿਸਾਨ ਆਗੂ ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ ਨੇ ਇਸ ਮੌਕੇ ਕਿਹਾ ਕਿ ਸਰਹੱਦੀ ਪਰਿਵਾਰ ਜਿਸ ਤਰ੍ਹਾਂ ਦੀ ਖਤਰੇ ਭਰੀ ਜ਼ਿੰਦਗੀ ਬਸਰ ਕਰ ਰਹੇ ਹਨ, ਉਸ ਦੀ ਹਕੀਕਤ ਇਥੇ ਪਹੁੰਚ ਕੇ ਅਤੇ ਪੀੜਤਾਂ ਨੂੰ ਮਿਲ ਕੇ ਹੀ ਸਮਝ ਆਉਂਦੀ ਹੈ। ਇਹ ਪਰਿਵਾਰ ਸਹੀ ਅਰਥਾਂ 'ਚ ਸਹਾਇਤਾ ਦੇ ਪਾਤਰ ਹਨ ਅਤੇ ਇਨ੍ਹਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਣੀ ਚਾਹੀਦੀ ਹੈ। ਰਾਹਤ ਵੰਡ ਆਯੋਜਨ ਦੇ ਮੌਕੇ 'ਤੇ ਰਾਜੌਰੀ ਦੇ ਕੌਂਸਲਰ ਪੁਸ਼ਪਿੰਦਰ ਗੁਪਤਾ, ਸਰਪੰਚ ਪ੍ਰਵੇਜ਼ ਖਾਨ, ਸਤੀਸ਼ ਸ਼ਰਮਾ, ਸੁਰਿੰਦਰ ਪਾਲ, ਅਸ਼ਵਨੀ ਸ਼ਰਮਾ, ਰਾਜਵਿੰਦਰ ਸਿੰਘ, ਗੌਰਵ ਚੰਦਨ, ਭਾਰਤ ਭੂਸ਼ਣ, ਫਿਰੋਜ਼ਪੁਰ ਤੋਂ ਜਗ ਬਾਣੀ ਦੇ ਪ੍ਰਤੀਨਿਧੀ ਕੁਲਦੀਪ ਸਿੰਘ ਭੁੱਲਰ, ਜਸਬੀਰ ਸਿੰਘ ਜੋਸਨ, ਸੁਰਿੰਦਰ ਖੁੱਲਰ, ਪਰਵਿੰਦਰ ਸਿੰਘ ਖੁੱਲਰ, ਸੁੱਖ ਗਿੱਲ ਅਤੇ ਪ੍ਰਗਟ ਸਿੰਘ ਭੁੱਲਰ ਵੀ ਮੌਜੂਦ ਸਨ। ਰਾਹਤ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਮੁਰਾਦਪੁਰ, ਡਾਂਗਰੀ, ਕੇਰੀ, ਬਧੂਨੀ, ਗਰੈਥੀ ਅਤੇ ਸਾਵਰਨਾ ਆਦਿ ਪਿੰਡਾਂ ਨਾਲ ਸਬੰਧਤ ਸਨ।


shivani attri

Content Editor

Related News