ਜੰਮੂ-ਕਸ਼ਮੀਰ 'ਚ ਵੰਡੀ ਗਈ 693ਵੇਂ ਟਰੱਕ ਦੀ ਰਾਹਤ ਸਮੱਗਰੀ

Saturday, Jan 21, 2023 - 05:50 PM (IST)

ਜੰਮੂ-ਕਸ਼ਮੀਰ 'ਚ ਵੰਡੀ ਗਈ 693ਵੇਂ ਟਰੱਕ ਦੀ ਰਾਹਤ ਸਮੱਗਰੀ

ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦਾ ਸੂਰਨਕੋਟ ਅੱਤਵਾਦੀਆਂ ਦਾ ਗੜ੍ਹ ਰਿਹਾ ਹੈ, ਜਿਸ ਨੂੰ ਕਦੇ ਮਿੰਨੀ ਪਾਕਿਸਤਾਨ ਕਿਹਾ ਜਾਂਦਾ ਸੀ। ਇੱਥੇ ਲੋਕ ਅੱਤਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੁੰਦੇ ਸਨ ਜਾਂ ਫਿਰ ਉਨ੍ਹਾਂ ਨੂੰ ਹਿਜਰਤ ਕਰਨੀ ਪੈਂਦੀ ਸੀ। ਹੁਣ ਹਾਲਾਤ ਪਹਿਲਾਂ ਵਰਗੇ ਤਾਂ ਨਹੀਂ ਹਨ ਪਰ ਦਹਿਸ਼ਤ ਅਜੇ ਵੀ ਬਰਕਰਾਰ ਹੈ।

ਇੱਥੋਂ 22 ਕਿਲੋਮੀਟਰ ਦੂਰ ਹੈ ਜ਼ਿਲ੍ਹਾ ਪੁੰਛ ਦਾ ਬਿੰਬਰ ਗਲੀ ਮੋੜ, ਜਿੱਥੋਂ ਇਕ ਰਸਤਾ ਪੁੰਛ ਨੂੰ ਜਾਂਦਾ ਹੈ। ਇਕ ਰਾਜੌਰੀ ਨੂੰ ਅਤੇ ਇਕ ਰਸਤਾ ਮੇਂਢਰ ਨੂੰ ਜਾਂਦਾ ਹੈ, ਜੋ ਕਿ ਪਾਕਿਸਤਾਨ ਦੀ ਸਰਹੱਦ ’ਤੇ ਸਥਿਤ ਹੈ, ਜਿੱਥੇ ਪਾਕਿਸਤਾਨ ਵੱਲੋਂ ਲਗਾਤਾਰ ਗੋਲੀਬਾਰੀ ਕੀਤੀ ਜਾਂਦੀ ਹੈ। ਇੱਥੋਂ ਦੇ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਚਲਾਈ ਜਾ ਰਹੀ ਰਾਹਤ ਸਮੱਗਰੀ ਵੰਡ ਮੁਹਿੰਮ ਅਧੀਨ 693ਵੇਂ ਟਰੱਕ ਦਾ ਸਾਮਾਨ ਵੰਡਣ ਲਈ ਸਥਾਨਕ ਪੁਲਸ ਦੇ ਸਹਿਯੋਗ ਨਾਲ ਭਾਜਪਾ ਦੀ ਰਾਸ਼ਟਰੀ ਕਾਰਜਕਾਰਣੀ ਦੇ ਮੈਂਬਰ ਨਿਸਾਰ ਸ਼ਾਹ ਦੀ ਪ੍ਰਧਾਨਗੀ ਹੇਠ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ 300 ਪਰਿਵਾਰਾਂ ਨੂੰ ਰਜਾਈਆਂ ਵੰਡੀਆਂ ਗਈਆਂ, ਜੋ ਕਿ ਪਟਿਆਲਾ ਤੋਂ ‘ਦੋਸਤ ਕਲੱਬ’ ਵੱਲੋਂ ਭਿਜਵਾਈਆਂ ਗਈਆਂ ਸਨ। ਨਿਸਾਰ ਸ਼ਾਹ ਨੇ ਕਿਹਾ ਕਿ ਸਰਹੱਦੀ ਖ਼ੇਤਰ ਦੇ ਲੋਕਾਂ ਦੀ ਜੋ ਸਹਾਇਤਾ ਪੰਜਾਬ ਕੇਸਰੀ ਪੱਤਰ ਸਮੂਹ ਕਰ ਰਿਹਾ ਹੈ, ਉਸ ਦੇ ਲਈ ਜੇ. ਐਂਡ ਕੇ. ਦੇ ਪ੍ਰਭਾਵਿਤ ਲੋਕ ਹੀ ਨਹੀਂ, ਸਗੋਂ ਸਮੁੱਚਾ ਜੰਮੂ-ਕਸ਼ਮੀਰ ਅਹਿਸਾਨਮੰਦ ਹੈ।

ਰਾਹਤ ਸਮੱਗਰੀ ਵੰਡਣ ਲਈ ਖਾਸ ਤੌਰ ’ਤੇ ਪਹੁੰਚੇ ਐੱਸ. ਐੱਚ. ਓ. ਸੰਜੀਵ ਕੁਮਾਰ, ਕਰਨਲ ਜੇ. ਐੱਸ. ਥਿੰਦ (ਪਟਿਆਲਾ), ਸੂਬੇਦਾਰ ਅਨੋਖ ਸਿੰਘ ਤੇ ਵਰਿੰਦਰ ਸ਼ਰਮਾ ਯੋਗੀ ਨੇ ਵੀ ਵਿਚਾਰ ਪ੍ਰਗਟ ਕੀਤੇ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਨਿਸਾਰ ਸ਼ਾਹ, ਕਰਨਲ ਜੇ. ਐੱਸ. ਥਿੰਦ, ਸੂਬੇਦਾਰ ਅਨੋਖ ਸਿੰਘ, ਆਸ਼ੀਸ਼ ਕੁਮਾਰ, ਤਨੂ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਤੇ ਹੋਰ ਹਾਜ਼ਰ ਸਨ।


author

Shivani Bassan

Content Editor

Related News