ਸਰਹੱਦੀ ਖੇਤਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 509ਵੇਂ ਟਰੱਕ ਦੀ ਰਾਹਤ ਸਮੱਗਰੀ

Tuesday, May 14, 2019 - 05:00 PM (IST)

ਸਰਹੱਦੀ ਖੇਤਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 509ਵੇਂ ਟਰੱਕ ਦੀ ਰਾਹਤ ਸਮੱਗਰੀ

ਜਲੰਧਰ/ਜੰਮੂ ਕਸ਼ਮੀਰ(ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਭਾਰਤੀ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਲਈ ਆਜ਼ਾਦੀ ਦੀ ਪ੍ਰਾਪਤੀ ਵੇਲੇ ਤੋਂ ਹੀ ਮੁਸ਼ਕਲ ਹਾਲਾਤ ਬਣੇ ਰਹੇ ਹਨ। ਪਾਕਿਸਤਾਨੀ ਸੈਨਿਕਾਂ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਅਤੇ ਅੱਤਵਾਦ ਦਾ ਖਤਰਾ ਸਹਿਣ ਵਾਲੇ ਸਰਹੱਦੀ ਪਰਿਵਾਰਾਂ ਨੂੰ ਜੰਗਲੀ ਜਾਨਵਰਾਂ ਵੱਲੋਂ ਕੀਤਾ ਜਾਂਦਾ ਫਸਲਾਂ ਦਾ ਨੁਕਸਾਨ ਵੀ ਬਰਦਾਸ਼ਤ ਕਰਨਾ ਪੈਂਦਾ ਹੈ।

ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਸੈਂਕੜੇ ਪਿੰਡ ਅਜਿਹੇ ਹਨ, ਜਿਹੜੇ 5 ਕਿਲੋਮੀਟਰ ਦੀ ਸਰਹੱਦੀ ਪੱਟੀ 'ਚ ਸਥਿਤ ਹਨ। ਇਨ੍ਹਾਂ ਇਲਾਕਿਆਂ 'ਚ ਬੁਨਿਆਦੀ ਸਹੂਲਤਾਂ ਦੀ ਵੱਡੀ ਘਾਟ ਦਿਖਾਈ ਦਿੰਦੀ ਹੈ ਅਤੇ ਰੋਜ਼ਗਾਰ ਦੇ ਮੌਕੇ ਵੀ ਨਾਮਾਤਰ ਹੀ ਹਨ। ਇਸ ਦਰਦਨਾਕ ਸਥਿਤੀ ਵਿਚ ਜੀਵਨ ਬਸਰ ਕਰਨ ਵਾਲੇ ਪਰਿਵਾਰਾਂ ਲਈ ਜਿੱਥੇ ਸੁਰੱਖਿਆ ਦਾ ਖਤਰਾ ਬਣਿਆ ਰਹਿੰਦਾ ਹੈ, ਉਥੇ ਹੀ ਰੋਜ਼ੀ-ਰੋਟੀ ਦੀ ਚਿੰਤਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਅੱਤਵਾਦ ਪੀੜਤਾਂ ਅਤੇ ਸਰਹੱਦੀ ਖੇਤਰਾਂ ਦੇ ਪਰਿਵਾਰਾਂ ਦਾ ਦੁੱਖ-ਦਰਦ ਵੰਡਾਉਣ ਲਈ ਹੀ 'ਪੰਜਾਬ ਕੇਸਰੀ' ਪੱਤਰ ਸਮੂਹ ਵੱਲੋਂ ਅਕਤੂਬਰ 1999 ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ 509ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਪਠਾਨਕੋਟ ਜ਼ਿਲੇ ਨਾਲ ਸਬੰਧਤ ਸਰਹੱਦੀ ਪਰਿਵਾਰਾਂ ਲਈ ਭਿਜਵਾਈ ਗਈ ਸੀ।
ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਪੋਜੇਵਾਲ ਤੋਂ 'ਜਗ ਬਾਣੀ' ਦੇ ਪ੍ਰਤੀਨਿਧੀ ਤਰਸੇਮ ਕਟਾਰੀਆ ਦੇ ਯਤਨਾਂ ਸਦਕਾ, ਬਾਲਯੋਗੀ ਸੁਆਮੀ ਸੁੰਦਰਮੁਨੀ ਜੀ ਬੋਰੀਵਾਲੇ ਮਹਾਰਾਜ ਵੱਲੋਂ ਡੇਰਾ ਟੇਢਾ ਪੀਰ ਬਿਰਧ ਆਸ਼ਰਮ ਕੁਨੈਲ (ਹੁਸ਼ਿਆਰਪੁਰ) ਤੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਪ੍ਰਿੰਸੀਪਲ ਬਖਸ਼ੀਸ਼ ਕੌਰ, ਠੇਕੇਦਾਰ ਭਜਨ ਲਾਲ, ਰਾਜ ਕੁਮਾਰ ਪਾਰਤੀ ਅਤੇ ਡਾ. ਰੂਪ ਲਾਲ ਨੇ ਅਹਿਮ ਭੂਮਿਕਾ ਨਿਭਾਈ।

ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿੱਲੋ ਆਟਾ, 10 ਕਿੱਲੋ ਚਾਵਲ ਅਤੇ ਇਕ ਕੰਬਲ ਸ਼ਾਮਲ ਸੀ। ਸਮੱਗਰੀ ਦੀ ਵੰਡ ਲਈ ਯੋਗਾਚਾਰੀਆ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਜਾਣ ਵਾਲੀ ਰਾਹਤ ਟੀਮ 'ਚ ਸੀ. ਆਰ. ਪੀ. ਐੱਫ. ਦੇ ਰਿਟਾਇਰਡ ਕਰਮਚਾਰੀਆਂ ਦੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ, ਮੁਕੇਰੀਆਂ ਦੇ ਠੇਕੇਦਾਰ ਸ. ਜਸਵਿੰਦਰ ਸਿੰਘ ਬਿੱਟੂ, ਸ਼੍ਰੀ ਤਰਸੇਮ ਕਟਾਰੀਆ, ਯੋਗੇਸ਼ ਕਟਾਰੀਆ, ਦੀਨਾਨਗਰ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਦੀਪਕ ਕੁਮਾਰ ਅਤੇ ਬਮਿਆਲ ਦੇ ਮੁਨੀਸ਼ ਗੁਪਤਾ ਵੀ ਸ਼ਾਮਲ ਸਨ।


author

shivani attri

Content Editor

Related News