ਗੁਰੂ ਨਾਨਕ ਮਾਰਕੀਟ ''ਚ ਕੁਝ ਦੁਕਾਨਦਾਰਾਂ ਵੱਲੋਂ ਮੁੜ ਨਾਜਾਇਜ਼ ਕਬਜ਼ੇ
Thursday, Nov 23, 2017 - 02:36 AM (IST)
ਰੂਪਨਗਰ, (ਵਿਜੇ)- ਗੁਰੂ ਨਾਨਕ ਮਾਰਕੀਟ 'ਚ ਕੁਝ ਦੁਕਾਨਦਾਰਾਂ ਵੱਲੋਂ ਦੁਬਾਰਾ ਗੈਰ-ਕਾਨੂੰਨੀ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਜ਼ਿਲਾ ਪ੍ਰਸ਼ਾਸਨ ਨੇ ਕੁਝ ਦਿਨ ਪਹਿਲਾਂ ਗੁਰੂ ਨਾਨਕ ਮਾਰਕੀਟ ਸਮੇਤ ਸ਼ਹਿਰ 'ਚ ਕਈ ਥਾਵਾਂ ਤੋਂ ਗੈਰ-ਕਾਨੂੰਨੀ ਕਬਜ਼ੇ ਹਟਾਏ ਸੀ ਪਰ ਅੱਜ ਗੁਰੂ ਨਾਨਕ ਮਾਰਕੀਟ 'ਚ ਕੁਝ ਦੁਕਾਨਦਾਰਾਂ ਨੇ ਦੁਬਾਰਾ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਪਾਰਕਿੰਗ 'ਚ ਨਵੀਂ ਸਮੱਸਿਆ ਪੈਦਾ ਹੋ ਗਈ। ਨਗਰ ਸੁਧਾਰ ਟਰੱਸਟ ਵੱਲੋਂ ਬਣਾਈ ਗਈ ਇਸ ਮਾਰਕੀਟ 'ਚ ਲੋਕਾਂ ਦੇ ਚੱਲਣ ਲਈ ਵਰਾਂਡੇ ਵੀ ਬਣਾਏ ਗਏ ਹਨ ਪਰ ਕੁਝ ਦੁਕਾਨਦਾਰਾਂ ਵੱਲੋਂ ਵਰਾਂਡਿਆਂ 'ਚ ਵੀ ਸਾਮਾਨ ਰੱੱਖਿਆ ਜਾ ਰਿਹਾ ਹੈ, ਜਿਸ ਕਾਰਨ ਪੈਦਲ ਚੱਲਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜੇਕਰ ਦੁਕਾਨਦਾਰ ਇਸ ਤਰ੍ਹਾਂ ਕਬਜ਼ੇ ਕਰਨਗੇ ਤਾਂ ਆਮ ਜਨਤਾ ਨੂੰ ਪਾਰਕਿੰਗ ਲਈ ਜਗ੍ਹਾ ਨਹੀਂ ਮਿਲੇਗੀ ਤੇ ਲੋਕਾਂ ਨੂੰ ਆਪਣੇ ਵਾਹਨ ਸੜਕ 'ਤੇ ਖੜ੍ਹੇ ਕਰਨੇ ਪੈਣਗੇ, ਜਿਸ ਕਾਰਨ ਟ੍ਰੈਫਿਕ 'ਚ ਰੁਕਾਵਟ ਪੈਦਾ ਹੋਵੇਗੀ।
ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦਾ ਦਫਤਰ ਇਥੋਂ ਕੁਝ ਹੀ ਦੂਰੀ 'ਤੇ ਹੈ ਪਰ ਨਗਰ ਕੌਂਸਲ ਅੱਖਾਂ ਬੰਦ ਕਰ ਕੇ ਬੈਠੀ ਹੈ ਤੇ ਕੋਈ ਕਾਰਵਾਈ ਨਹੀਂ ਹੋ ਰਹੀ, ਜਿਸ ਕਾਰਨ ਸੜਕ 'ਤੇ ਜਾਮ ਲੱਗਾ ਰਹਿੰਦਾ ਹੈ। ਹੁਣ ਡਿਪਟੀ ਕਮਿਸ਼ਨਰ ਗੁਰਨੀਤ ਤੇਜ ਵੱਲੋਂ ਸਖਤ ਆਦੇਸ਼ ਦਿੱਤੇ ਗਏ ਹਨ, ਜਿਸ ਤੋਂ ਬਾਅਦ ਨਗਰ ਪ੍ਰਸ਼ਾਸਨ ਨੇ ਉਥੇ ਲੱਗੀਆਂ ਗਰਿੱਲਾਂ ਨੂੰ ਹਟਾਇਆ ਸੀ ਤਾਂ ਕਿ ਪਾਰਕਿੰਗ ਲਈ ਜਗ੍ਹਾ ਵਧ ਸਕੇ ਪਰ ਹਾਲਾਤ ਮੁੜ ਪਹਿਲਾਂ ਵਰਗੇ ਹੀ ਬਣ ਗਏ ਹਨ।
