1 ਕਿਲੋਵਾਟ ਲੋਡ ਦੇ ਖਪਤਕਾਰ ਰੇਹੜੀ ਵਾਲੇ ਨੂੰ ਆਇਆ 55 ਹਜ਼ਾਰ ਰੁਪਏ ਤੋਂ ਵੱਧ ਦਾ ਬਿੱਲ

05/01/2022 8:39:04 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਪੰਜਾਬ ਸਰਕਾਰ ਦਾ ਪਾਵਰਕਾਮ ਵਿਭਾਗ ਵੀ ਆਪਣੇ ਕਾਰਨਾਮਿਆਂ ਕਰਕੇ ਆਏ ਦਿਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਸੰਗਰੂਰ ਵਿਖੇ ਇਕ ਗ਼ਰੀਬ ਰੇਹੜੀ ਚਾਲਕ ਨੂੰ ਪਾਵਰਕਾਮ ਵੱਲੋਂ 2 ਮਹੀਨਿਆਂ ਦਾ ਬਿੱਲ 55487 ਰੁਪਏ ਭੇਜਿਆ ਗਿਆ ਹੈ, ਬਿੱਲ ਦੇਖ ਕੇ ਇਸ ਗ਼ਰੀਬ ਦੇ ਹੋਸ਼ ਉੱਡ ਗਏ। 'ਜਗ ਬਾਣੀ' ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮਨਗਰ ਬਸਤੀ ਸੰਗਰੂਰ ਦੇ ਵਸਨੀਕ ਲਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਰੇਹੜੀ ਚਲਾਉਂਦੇ ਹਨ ਅਤੇ ਬੜੀ ਮੁਸ਼ਕਿਲ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ।

ਇਹ ਵੀ ਪੜ੍ਹੋ : ਸਰੋਤਿਆਂ ਦੀ ਪਸੰਦ ਬਣਿਆ 'ਸੌਂਕਣ ਸੌਂਕਣੇ' ਫ਼ਿਲਮ ਦਾ ਗੀਤ 'ਸਾਡੇ ਕੋਠੇ ਉੱਤੇ' (ਵੀਡੀਓ)

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਇਕ ਕਿਲੋਵਾਟ ਦੇ ਲੋਡ ਵਾਲਾ ਬਿਜਲੀ ਮੀਟਰ ਲੱਗਾ ਹੋਇਆ ਹੈ, ਜਿਸ ਦਾ ਪਿਛਲੇ 2 ਮਹੀਨਿਆਂ ਦਾ ਬਿੱਲ 470 ਰੁਪਏ ਆਇਆ ਹੈ। ਉਹ ਰੋਜ਼ਾਨਾ ਦੀ ਤਰ੍ਹਾਂ ਰੇਹੜੀ ਲੈ ਕੇ ਆਪਣੇ ਕੰਮ 'ਤੇ ਗਿਆ ਹੋਇਆ ਸੀ, ਜਿਸ ਤੋਂ ਬਾਅਦ ਪਾਵਰਕਾਮ ਵੱਲੋਂ ਆਏ ਮੁਲਾਜ਼ਮਾਂ ਨੇ ਜਦੋਂ ਚੱਲ ਰਹੇ 2 ਮਹੀਨਿਆਂ ਦਾ ਬਿਜਲੀ ਬਿੱਲ 55487 ਰੁਪਏ ਉਨ੍ਹਾਂ ਦੇ ਘਰ ਫੜਾਇਆ ਤਾਂ ਘਰ ਵਾਲਿਆਂ ਦੇ ਹੋਸ਼ ਉੱਡ ਗਏ ਤੇ ਜਦੋਂ ਉਸ ਨੂੰ ਇਸ ਸਬੰਧੀ ਸੁਨੇਹਾ ਮਿਲਿਆ ਤਾਂ ਉਸ ਦੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਲਾਲ ਸਿੰਘ ਨੇ ਕਿਹਾ ਕਿ ਬੇਸ਼ੱਕ ਇਸ ਵਿਚ ਗਲਤੀ ਪਾਵਰਕਾਮ ਦੇ ਮੁਲਾਜ਼ਮਾਂ ਦੀ ਹੈ ਪਰ ਸਾਡਾ ਤਾਂ ਮਰਨਾ ਹੀ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਘੱਟ ਲੋਡ ਵਾਲੇ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਤੇ ਦੂਜੇ ਪਾਸੇ ਇੰਨੇ ਭਾਰੀ ਬਿੱਲ ਦੇਖ ਕੇ ਗ਼ਰੀਬ ਬੰਦਿਆਂ ਦੀ ਨੀਂਦ ਖ਼ਰਾਬ ਹੋ ਰਹੀ ਹੈ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਅੱਜ-ਕੱਲ੍ਹ ਫਰਜ਼ੀ ਜੋਤਸ਼ੀ ਬਣ ਗਏ ਹਨ : ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ

ਇਸ ਮੌਕੇ ਪੀੜਤ ਪਰਿਵਾਰ ਕੋਲ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਝੂਠੇ ਲਾਰੇ ਅਤੇ ਵਾਅਦੇ ਕਰਕੇ ਸੱਤਾ ਹਾਸਲ ਕਰ ਚੁੱਕੀ ਹੈ ਅਤੇ ਹੁਣ ਗ਼ਰੀਬ ਪਰਿਵਾਰਾਂ ਨੂੰ ਇਸ ਤਰ੍ਹਾਂ ਵੱਡੇ-ਵੱਡੇ ਬਿੱਲ ਭੇਜ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਗੋਲਡੀ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਅਜਿਹੇ ਮਸਲਿਆਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News