ਸਰਕਾਰੀ, ਏਡਿਡ ਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਰੈਗੂਲਰ ਅਧਿਆਪਕ ਕਰਨਗੇ 5ਵੀਂ ਦੀਆਂ ਪ੍ਰੀਖਿਆਵਾਂ ਦਾ ਮੁਲਾਂਕਣ
Saturday, Feb 25, 2023 - 12:24 AM (IST)
ਲੁਧਿਆਣਾ (ਵਿੱਕੀ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ ਸਿੱਖਿਆ) ਕਲੱਸਟਰ ਹੈੱਡ ਅਤੇ ਸਕੂਲ ਮੁਖੀਆਂ ਨੂੰ 5ਵੀਂ ਕਲਾਸ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੀ ਆਂਸਰਸ਼ੀਟ ਦੀ ਮਾਰਕਿੰਗ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਆਂਸਰਸ਼ੀਟਾਂ ਦੀ ਮਾਰਕਿੰਗ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਸਕੂਲਾਂ ਦੇ ਰੈਗੂਲਰ ਅਧਿਆਪਕਾਂ ਵੱਲੋਂ ਕੀਤੀ ਜਾਵੇਗੀ। ਆਂਸਰਸ਼ੀਟਾਂ ਮਾਰਕ ਕਰਨ ਵਾਲੇ ਸਾਰੇ ਅਧਿਆਪਕ ਸਬੰਧਤ ਸਕੂਲਾਂ ਵੱਲੋਂ ਡਿਊਟੀ ’ਤੇ ਸਮਝੇ ਜਾਣਗੇ, ਜਿਸ ਸਕੂਲ ’ਚ ਮਾਰਕਿੰਗ ਸਬੰਧੀ ਕੋਈ ਪ੍ਰੇਸ਼ਾਨੀ ਪੇਸ਼ ਆਉਂਦੀ ਹੈ ਤਾਂ ਕਲੱਸਟਰ ਹੈੱਡ/ਸੈਂਟਰ ਹੈੱਡ ਟੀਚਰ ਆਪਣੇ ਪੱਧਰ ’ਤੇ ਹੋਰ ਪ੍ਰਬੰਧ ਕਰਨਗੇ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਇਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ
ਜੇਕਰ ਕਿਸੇ ਅਧਿਆਪਕ ਵੱਲੋਂ ਬੀਮਾਰੀ ਦਾ ਹਵਾਲਾ ਦਿੰਦੇ ਹੋਏ ਇਸ ਡਿਊਟੀ ਕਰਨ ਤੋਂ ਆਪਣੀ ਅਸਮਰੱਥਤਾ ਜਤਾਈ ਜਾਂਦੀ ਹੈ ਤਾਂ ਉਸ ਨੂੰ ਇਸ ਸਬੰਧੀ ਘੱਟ ਤੋਂ ਘੱਟ ਸੀ. ਐੱਮ. ਓ. ਦਾ ਮੈਡੀਕਲ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ ਤਾਂ ਹੀ ਉਸ ਦੀ ਛੁੱਟੀ ਮਨਜ਼ੂਰ ਕੀਤੀ ਜਾਵੇਗੀ। ਮਾਰਕਿੰਗ ਦਾ ਪੂਰਾ ਕੰਮ ਕਲੱਸਟਰ ਹੈੱਡ/ਸੈਂਟਰ ਹੈੱਡ ਟੀਚਰ ਦੀ ਨਿਗਰਾਨੀ ’ਚ ਪੂਰਾ ਕੀਤਾ ਜਾਵੇਗਾ। ਇਹ ਸਟਾਫ ਹੀ ਆਪਣੇ-ਆਪਣੇ ਕੇਂਦਰ ਦੀਆਂ ਆਂਸਰਸ਼ੀਟਾਂ ਸਕੂਲਾਂ ਦੀ ਲਾਗ ਇਨ ਆਈ. ਡੀ. ’ਤੇ ਅਪਲੋਡ ਕਰਨਗੇ। ਦਸਤਖਤ ਚਾਰਟ ਕੇਂਦਰ ਪੱਧਰ ’ਤੇ ਰੱਖੇ ਜਾਣਗੇ। ਮਾਰਕਿੰਗ ਦੇ ਕੰਮ ਲਈ ਕੋਈ ਵਾਧੂ ਅਦਾਇਗੀ ਨਹੀਂ ਕੀਤੀ ਜਾਵੇਗੀ। ਇਹ ਕੰਮ ਅਧਿਆਪਕਾਂ ਅਤੇ ਮੁਲਾਜ਼ਮਾਂ ਵੱਲੋਂ ਆਪਣੀ ਡਿਊਟੀ ਸਮਝ ਕੇ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਇਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ
ਸਕੂਲਾਂ ਵੱਲੋਂ ਪੂਰੇ ਰਿਕਾਰਡ ਦੀ ਪੀ. ਡੀ. ਐੱਫ. ਫਾਈਲ ਜਾਂ ਹਾਰਡ ਕਾਪੀ ਆਪਣੇ ਪੱਧਰ ’ਤੇ ਰੱਖੀ ਜਾਵੇਗੀ। ਮਾਰਕਿੰਗ ਦੇ ਕੰਮ ’ਚ ਕੋਈ ਵੀ ਸਮੱਸਿਆ ਆਉਣ ’ਤੇ ਇਸ ਦੇ ਹੱਲ ਲਈ ਵਿਭਾਗ ਵੱਲੋਂ ਇਕ ਈ-ਮੇਲ ਆਈ. ਡੀ. ਵੀ ਜਾਰੀ ਕੀਤੀ ਗਈ ਹੈ। 5ਵੀਂ ਕਲਾਸ ਦੇ ਵਿਲੱਖਣ ਸਮਰੱਥਾ ਵਾਲੇ ਹਰ ਕੈਟਾਗਰੀ ਦੇ ਵਿਦਿਆਰਥੀਆਂ ਨੂੰ ਪਹਿਲਾਂ ਹੀ ਚੱਲ ਰਹੀ ਪ੍ਰਥਾ ਦੇ ਮੁਤਾਬਕ ਬੋਰਡ ਪ੍ਰੀਖਿਆ ਤੋਂ ਛੋਟ ਦਿੱਤੀ ਗਈ ਹੈ। ਇਨ੍ਹਾਂ ਵਿਦਿਆਰਥੀਆਂ ਦੀ ਸਾਲਾਨਾ ਪ੍ਰੀਖਿਆ ਸਕੂਲ ਪੱਧਰ ’ਤੇ ਲਈ ਜਾਵੇਗੀ। ਸਬੰਧਤ ਸਕੂਲ ਵੱਲੋਂ ਵਿਦਿਆਰਥੀਆਂ ਦੇ ਵਿਸ਼ੇ ਵਾਰ ਪ੍ਰਾਪਤ ਅੰਕਾਂ ਨੂੰ ਸਕੂਲ ਲਾਗਇਨ ਆਈ. ਡੀ. ’ਤੇ ਅਪਲੋਡ ਕੀਤਾ ਜਾਵੇਗਾ।