ਜ਼ਮੀਨ ਖਰੀਦਣ ਤੇ ਵੇਚਣ ਵਾਲਿਅਾਂ ਨੂੰ ਹੁਣ ਡੀ. ਸੀ. ਦਫਤਰ ਤੋਂ ਅਾਵੇਗਾ ਫੋਨ

Friday, Jul 20, 2018 - 01:47 AM (IST)

ਜ਼ਮੀਨ ਖਰੀਦਣ ਤੇ ਵੇਚਣ ਵਾਲਿਅਾਂ ਨੂੰ ਹੁਣ ਡੀ. ਸੀ. ਦਫਤਰ ਤੋਂ ਅਾਵੇਗਾ ਫੋਨ

ਅੰਮ੍ਰਿਤਸਰ,    (ਨੀਰਜ)-  ਮਾਮਲਾ ਵਿਭਾਗ ਵੱਲੋਂ ਰਜਿਸਟਰੀ ਦਫਤਰਾਂ ’ਚ ਆਨਲਾਈਨ ਸਿਸਟਮ ਲਾਗੂ ਕਰ ਕੇ ਅਤੇ ਅੰਮ੍ਰਿਤਸਰ ਰਜਿਸਟਰੀ ਦਫਤਰਾਂ ’ਚ ਸਬ-ਰਜਿਸਟਰਾਰ ਦੀ ਨਿਯੁਕਤੀ ਕਰ ਕੇ ਅੰਡਰ-ਵੈਲਿਊ ਰਜਿਸਟਰੀਆਂ ਦਾ ਕੰਮ ਬਿਲਕੁਲ ਖਤਮ ਹੋ ਚੁੱਕਾ ਹੈ, ਹੁਣ ਇਸ ਕਡ਼ੀ ਵਿਚ ਡੀ. ਸੀ. ਕਮਲਦੀਪ ਸਿੰਘ ਸੰਘਾ ਵੱਲੋਂ ਕੰਮ ਵਿਚ ਪਾਰਦਰਸ਼ਿਤਾ ਲਿਆਉਣ ਲਈ ਇਕ ਹੋਰ ਪਹਿਲ ਕੀਤੀ ਗਈ ਹੈ। ਰਜਿਸਟਰੀ ਦਫਤਰਾਂ ਵਿਚ ਰਜਿਸਟਰੀ ਕਰਵਾਉਣ ਵਾਲੇ ਲੋਕਾਂ ਨੂੰ ਡੀ. ਸੀ. ਦਫਤਰ ਵੱਲੋਂ ਕਦੇ ਵੀ ਫੋਨ ਆ ਸਕਦਾ ਹੈ ਤੇ ਫੋਨ ਚੁੱਕਣ ਤੋਂ ਬਾਅਦ ਜੇਕਰ ਰਜਿਸਟਰੀ ਕਰਵਾਉਣ ਵਾਲੇ ਵਿਅਕਤੀ ਨੂੰ ਕੋਈ ਇਹ ਕਹੇ ਕਿ ਮੈਂ ਡੀ. ਸੀ. ਬੋਲ ਰਿਹਾ ਹਾਂ ਤਾਂ ਇਹ ਗਲਤ ਨਹੀਂ ਹੋਵੇਗਾ।
ਜਾਣਕਾਰੀ ਅਨੁਸਾਰ ਡੀ. ਸੀ. ਕਮਲਦੀਪ ਸਿੰਘ ਸੰਘਾ ਅੰਮ੍ਰਿਤਸਰ ਦੇ ਰਜਿਸਟਰੀ ਦਫਤਰਾਂ ਵਿਚ ਤਾਇਨਾਤ ਸਭ-ਰਜਿਸਟਰਾਰ-1 ਅਤੇ 2 ਨੂੰ ਆਦੇਸ਼ ਜਾਰੀ ਕਰਦੇ ਹੋਏ ਰੋਜ਼ਾਨਾ ਹੋਣ ਵਾਲੀਆਂ ਰਜਿਸਟਰੀਆਂ ਦੀ ਇਕ-ਇਕ ਕਾਪੀ ਤੇ ਜ਼ਮੀਨ ਵੇਚਣ ਅਤੇ ਖਰੀਦਣ ਵਾਲੇ ਲੋਕਾਂ ਦੇ ਮੋਬਾਇਲ ਨੰਬਰਾਂ ਦੀ ਡਿਟੇਲ ਭੇਜਣ  ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਡੀ. ਸੀ. ਦੇ ਆਦੇਸ਼ਾਂ ਦਾ ਪਾਲਣ ਕਰਦਿਅਾਂ ਸਬ-ਰਜਿਸਟਰਾਰ-1 ਜੇ. ਪੀ. ਸਲਵਾਨ ਅਤੇ ਸਬ-ਰਜਿਸਟਰਾਰ ਮਨਿੰਦਰ ਸਿੰਘ ਸਿੱਧੂ ਵੱਲੋਂ ਵੀਰਵਾਰ ਨੂੰ ਰਜਿਸਟਰਡ ਕੀਤੀਆਂ ਗਈਆਂ ਸਾਰੀਆਂ ਰਜਿਸਟਰੀਆਂ ਦੀਆਂ ਕਾਪੀਅਾਂ ਤੇ ਖਰੀਦਣ ਅਤੇ ਵੇਚਣ ਵਾਲਿਆਂ ਦੇ ਮੋਬਾਇਲ ਨੰਬਰ ਡੀ. ਸੀ. ਦਫਤਰ ਨੂੰ ਭੇਜ ਦਿੱਤੇ ਗਏ, ਜਿਸ ਤੋਂ ਬਾਅਦ ਡੀ. ਸੀ. ਵੱਲੋਂ ਕੁਝ ਲੋਕਾਂ ਨੂੰ ਫੋਨ ਵੀ ਕੀਤਾ ਗਿਆ ਤੇ ਪੁੱਛਿਆ ਗਿਆ ਕਿ ਰਜਿਸਟਰੀ ਕਰਨ ਦੇ ਇਵਜ਼ ਵਿਚ ਸਰਕਾਰੀ ਫੀਸ ਤੋਂ ਇਲਾਵਾ ਕੋਈ ਹੋਰ ਫੀਸ ਤਾਂ ਨਹੀਂ ਦਿੱਤੀ, ਯਾਨੀ ਕਿਸੇ ਕਰਮਚਾਰੀ ਨੂੰ ਕਿਸੇ ਤਰ੍ਹਾਂ ਦੀ ਰਿਸ਼ਵਤ ਤਾਂ ਨਹੀਂ ਦਿੱਤੀ।
ਰਜਿਸਟਰੀ ਦਫਤਰਾਂ ’ਚ ਛਾਪੇਮਾਰੀ, ਫਰਾਰ ਹੋਏ ਪ੍ਰਾਈਵੇਟ ਕਰਿੰਦੇ :  ਰਜਿਸਟਰੀ ਦਫਤਰਾਂ ’ਚ ਆਉਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੇ ਆਨਲਾਈਨ ਸਿਸਟਮ ਦਾ ਕੰਮ ਦੇਖਣ ਲਈ ਵੀਰਵਾਰ ਨੂੰ ਡੀ. ਸੀ. ਕਮਲਦੀਪ ਸਿੰਘ ਸੰਘਾ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੂੰ ਦੋਵਾਂ ਸਬ-ਰਜਿਸਟਰਾਰਾਂ ਵੱਲੋਂ ਨਵੇਂ ਸਿਸਟਮ ਵਿਚ ਸਾਹਮਣੇ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ।  ਡੀ. ਸੀ. ਦੀ ਛਾਪੇਮਾਰੀ ਦੌਰਾਨ ਤਹਿਸੀਲ ਦਫਤਰ ਵਿਚ ਗੈਰ-ਕਾਨੂੰਨੀ ਰੂਪ ’ਚ ਕੰਮ ਕਰਨ ਵਾਲੇ ਪ੍ਰਾਈਵੇਟ ਕਰਿੰਦੇ ਵੀ ਫਰਾਰ ਹੋ ਗਏ, ਜਿਨ੍ਹਾਂ ਬਾਰੇ ਡੀ. ਸੀ. ਨੂੰ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ। ਡੀ. ਸੀ. ਨੇ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਆਨਲਾਈਨ ਸਿਸਟਮ ਦੀਆਂ ਖਾਮੀਆਂ ਨੂੰ ਛੇਤੀ ਹੀ ਦੂਰ ਕੀਤਾ ਜਾ ਰਿਹਾ ਹੈ।
ਅਪੁਆਇੰਟਮੈਂਟ ਸਿਸਟਮ ਕਾਰਨ ਰਜਿਸਟਰੀ ਦਫਤਰਾਂ ’ਚ ਨਹੀਂ ਹੁੰਦੀ ਭੀਡ਼ : ਕਦੇ ਜ਼ਮਾਨਾ ਸੀ ਕਿ ਅੰਮ੍ਰਿਤਸਰ ਦੇ ਰਜਿਸਟਰੀ ਦਫਤਰਾਂ ਅਤੇ ਸੁਵਿਧਾ ਕੇਂਦਰ ਵਿਚ ਇੰਨੀ ਭੀਡ਼ ਰਹਿੰਦੀ ਸੀ ਕਿ ਲੋਕ ਰਜਿਸਟਰੀ ਕਰਵਾਉਣ ਲਈ ਕੁੱਟ-ਮਾਰ ਤੱਕ ਉੱਤਰ ਆਉਂਦੇ ਸਨ ਪਰ ਮੌਜੂਦਾ ਸਮੇਂ ’ਚ ਆਨਲਾਈਨ ਸਿਸਟਮ ਦਾ ਸਾਕਾਰਾਤਮਕ ਨਤੀਜਾ ਇਹ ਸਾਹਮਣੇ ਆ ਰਿਹਾ ਹੈ ਕਿ ਰਜਿਸਟਰੀ ਦਫਤਰ ਵਿਚ ਉਹੀ ਲੋਕ ਆਉਂਦੇ ਹਨ ਜਿਨ੍ਹਾਂ ਦੀ ਅਪੁਅਾਇੰਟਮੈਂਟ ਹੁੰਦੀ ਹੈ ਅਤੇ ਉਹ ਵੀ ਅਪੁਆਇੰਟਮੈਂਟ ਦੇ ਤੈਅ ਸਮੇਂ ਵਿਚ ਆਉਂਦੇ ਹਨ, ਹੁਣ ਉਹ ਭੀਡ਼ ਰਜਿਸਟਰੀ ਦਫਤਰਾਂ ਵਿਚ ਨਜ਼ਰ  ਨਹੀਂ ਆਉਂਦੀ।  ਇਸ ਤੋਂ ਇਲਾਵਾ ਗਲੀ-ਗਲੀ ਸੇਵਾ ਕੇਂਦਰ ਖੋਲ੍ਹੇ ਜਾਣ ਕਾਰਨ ਡੀ. ਸੀ ਦਫਤਰ ਦੇ ਸੇਵਾ ਕੇਂਦਰ ਵਿਚ ਵੀ ਭੀਡ਼ ਘੱਟ ਹੀ ਨਜ਼ਰ ਆਉਂਦੀ ਹੈ ਕਿਉਂਕਿ ਲੋਕ ਆਪਣੇ ਇਲਾਕਿਆਂ ਦੇ ਸੇਵਾ ਕੇਂਦਰਾਂ ਵਿਚ ਚਲੇ ਜਾਂਦੇ ਹਨ।


Related News